Sunday, May 18, 2025
11.1 C
Vancouver

ਪਟੁੱਲੋ ਪੁਲ 16 ਮਈ ਤੋਂ 20 ਮਈ ਤੱਕ ਨਿਰਮਾਣ ਕਾਰਜਾਂ ਦੇ ਕਾਰਨ ਰਹੇਗਾ ਬੰਦ

ਸਰੀ, (ਏਕਜੋਤ ਸਿੰਘ): ਪਟੁੱਲੋ ਪੁਲ, ਜੋ ਸਰੀ ਅਤੇ ਨਿਊ ਵੈਸਟਮਿੰਸਟਰ ਨੂੰ ਜੋੜਦਾ ਹੈ, ਇਸ ਵੀਕੈਂਡ ਦੌਰਾਨ ਸਾਰੇ ਵਾਹਨਾਂ ਲਈ ਬੰਦ ਰਹੇਗਾ। ਟਰਾਂਸਲਿੰਕ ਨੇ ਐਲਾਨ ਕੀਤਾ ਹੈ ਕਿ ਇਹ ਸ਼ੁੱਕਰਵਾਰ, 16 ਮਈ ਨੂੰ ਰਾਤ 9 ਵਜੇ ਤੋਂ ਮੰਗਲਵਾਰ, 20 ਮਈ ਸਵੇਰੇ 5 ਵਜੇ ਤੱਕ ਬੰਦ ਰਹੇਗਾ। ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਨੂੰ ਪੁਲ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ, ਪਰ ਵਾਹਨਾਂ ਲਈ ਪੂਰਨ ਬੰਦੀ ਲਾਗੂ ਹੋਵੇਗੀ।
ਟਰਾਂਸਲਿੰਕ ਮੁਤਾਬਕ, ਜਾਰੀ ਨਿਰਮਾਣ ਕਾਰਜ ਕਾਰਨ ਇਸ ਨੂੰ ਬੰਦ ਕਰਨਾ ਜ਼ਰੂਰੀ ਹੈ, ਕਿਉਂਕਿ ਸਰੀ ਅਤੇ ਨਿਊ ਵੈਸਟਮਿੰਸਟਰ ਨੂੰ ਜੋੜਨ ਵਾਲੇ ਨਵੇਂ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਖੇਤਰੀ ਆਵਾਜਾਈ ਅਥਾਰਟੀ ਨੇ ਦੱਸਿਆ ਕਿ ਨਵੇਂ ਪੁਲ ਦੇ ਨਿਰਮਾਣ ਵਿੱਚ ਡਰੇਨੇਜ ਸਿਸਟਮ ਦੀ ਸਥਾਪਨਾ ਅਤੇ ਪੁਲ ਦੇ ਪਹੁੰਚ ਮਾਰਗਾਂ ਲਈ ਨਵੀਆਂ ਨੀਂਹਾਂ ਦਾ ਕੰਮ ਸ਼ਾਮਲ ਹੈ। ਵੀਕੈਂਡ ਦੌਰਾਨ ਖੁਦਾਈ ਦਾ ਕੰਮ ਹੋਵੇਗਾ, ਜਿਸ ਕਾਰਨ ਪੁਲ ਤੱਕ ਪਹੁੰਚ ਰੋਕੀ ਜਾਵੇਗੀ। ਨਾਲ ਹੀ, ਨਿਰਮਾਣ ਸਾਜ਼ੋ-ਸਾਮਾਨ ਪੁਲ ਦੀਆਂ ਲੇਨਾਂ ‘ਤੇ ਹੋਵੇਗਾ, ਜੋ ਕੰਮ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ।
ਟਰਾਂਸਲਿੰਕ ਨੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੋਰਟ ਮਾਨ ਜਾਂ ਅਲੈਕਸ ਫਰੇਜ਼ਰ ਪੁਲ ਦੀ ਵਰਤੋਂ ਕਰਨ। ਇਸ ਦੌਰਾਨ, ਬੱਸ ਸੇਵਾਵਾਂ ਨੂੰ ਵੀ ਨਵੇਂ ਰੂਟਾਂ ‘ਤੇ ਮੋੜਿਆ ਜਾਵੇਗਾ। ਇਹ ਬੰਦੀ ਸਰੀ ਅਤੇ ਨਿਊ ਵੈਸਟਮਿੰਸਟਰ ਦੇ ਵਿਚਕਾਰ ਆਵਾਜਾਈ ‘ਤੇ ਮਹੱਤਵਪੂਰਨ ਅਸਰ ਪਾਵੇਗੀ, ਖਾਸ ਕਰਕੇ ਲੰਮੀ ਵੀਕੈਂਡ ਦੌਰਾਨ ਜਦੋਂ ਆਵਾਜਾਈ ਦੀ ਮੰਗ ਵਧ ਸਕਦੀ ਹੈ।
ਪੳਟਟੁਲਲੋਬਰਿਦਗੲਰੲਪਲੳਚੲਮੲਨਟ.ਚੳ ‘ਤੇ ਪੋਸਟ ਮੁਤਾਬਕ, ”ਮੌਜੂਦਾ ਪੁਲ ਨੂੰ ਉਦੋਂ ਤੱਕ ਵਰਤਿਆ ਜਾਵੇਗਾ ਜਦੋਂ ਤੱਕ ਨਵਾਂ ਪੁਲ ਟਰੈਫਿਕ ਲਈ ਨਹੀਂ ਖੁੱਲ੍ਹਦਾ। ਨਵੇਂ ਪੁਲ ਦੇ ਖੁੱਲ੍ਹਣ ਤੋਂ ਬਾਅਦ ਮੌਜੂਦਾ ਪੁਲ ਨੂੰ ਹਟਾ ਦਿੱਤਾ ਜਾਵੇਗਾ।” ਨਵੇਂ ਪੁਲ ਦਾ ਨਿਰਮਾਣ ਸੁਰੱਖਿਅਤ ਅਤੇ ਵਧੇਰੇ ਕੁਸ਼ਲ ਆਵਾਜਾਈ ਦੀ ਸਹੂਲਤ ਦੇਣ ਲਈ ਕੀਤਾ ਜਾ ਰਿਹਾ ਹੈ, ਜੋ ਸਰੀ ਅਤੇ ਨਿਊ ਵੈਸਟਮਿੰਸਟਰ ਦੇ ਵਧਦੇ ਟਰੈਫਿਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਟਰਾਂਸਲਿੰਕ ਨੇ ਕਿਹਾ ਕਿ ਨਿਰਮਾਣ ਦੌਰਾਨ ਭਾਰੀ ਮਸ਼ੀਨਰੀ ਅਤੇ ਖੁਦਾਈ ਦੇ ਕੰਮ ਕਾਰਨ ਪੁਲ ‘ਤੇ ਵਾਹਨਾਂ ਦੀ ਅਵਾਜਾਈ ਨੂੰ ਜੋਖਮ ਵਿੱਚ ਨਹੀਂ ਪਾਇਆ ਜਾ ਸਕਦਾ। ਇਸ ਲਈ, ਸਾਰੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਦੀ ਪਹਿਲਾਂ ਹੀ ਯੋਜਨਾ ਬਣਾਉਣ ਅਤੇ ਵਿਕਲਪਕ ਮਾਰਗਾਂ ਦੀ ਵਰਤੋਂ ਕਰਨ।This report was written by Ekjot Singh as part of the Local Journalism Initiative.