Sunday, May 18, 2025
11.1 C
Vancouver

ਨਵੇਂ ਵਾਤਾਵਰਣ ਮੰਤਰੀ ਦੀ ਨਿਯੁਕਤੀ ‘ਤੇ ਅਲਬਰਟਾ ਦੀ ਪ੍ਰੀਮੀਅਰ ਨੇ ਜਤਾਇਆ ਸਖ਼ਤ ਵਿਰੋਧ

ਐਡਮੰਟਨ (ਏਕਜੋਤ ਸਿੰਘ): ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਨੇਡਾ ਦੀ ਨਵੀਂ ਵਾਤਾਵਰਣ ਮੰਤਰੀ ਜੂਲੀ ਡੈਬਰੂਸਿਨ ਦੀ ਨਿਯੁਕਤੀ ਨੂੰ ਤੇਲ ਅਤੇ ਗੈਸ ਉਦਯੋਗ ਵਿਰੋਧੀ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੀਤੀ ਗਈ ਇਹ ਚੋਣ ਅਲਬਰਟਾ ਦੇ ਆਰਥਿਕ ਹਿੱਤਾਂ ਖ਼ਿਲਾਫ਼ ਹੈ।
ਸਮਿਥ ਨੇ ਕਿਹਾ, ”ਮੈਨੂੰ ਚਿੰਤਾ ਹੈ ਕਿ ਪ੍ਰਧਾਨ ਮੰਤਰੀ ਨੇ ਇੱਕ ਹੋਰ ਐਸਾ ਮੰਤਰੀ ਨਿਯੁਕਤ ਕੀਤਾ ਹੈ ਜੋ ਸਾਡੇ ਔਦਯੋਗਿਕ ਹਿੱਤਾਂ ਦੀ ਪੱਖਦਾਰੀ ਨਹੀਂ ਕਰਦਾ। ਡੈਬਰੂਸਿਨ ਪਲਾਸਟਿਕ ਨੂੰ ਜ਼ਹਿਰੀਲਾ ਪਦਾਰਥ ਮਨਵਾਉਣ, ਤੇਲਸੈਂਡਜ਼ ਦੇ ਵਿਸਥਾਰ ਦਾ ਵਿਰੋਧ ਕਰਨ ਅਤੇ ਪੜਾਅਵਾਰ ਤੇਲ-ਗੈਸ ਬੰਦ ਕਰਨ ਦੀ ਵਕਾਲਤ ਕਰ ਚੁੱਕੀ ਹੈ।”
ਡੈਬਰੂਸਿਨ ਪਿਛਲੇ ਚਾਰ ਸਾਲਾਂ ਤੋਂ ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲਟ ਦੀ ਸਹਿਯੋਗੀ ਰਹੀ ਹੈ। ਸਮਿਥ ਨੇ ਗਿਲਬੌਲਟ ਨੂੰ ”ਕੱਟੜ ਵਾਤਾਵਰਣਵਾਦੀ” ਕਿਹਾ ਹੈ, ਅਤੇ ਡੈਬਰੂਸਿਨ ਨੂੰ ਉਸੇ ਰਾਹ ‘ਤੇ ਤੁਰਨ ਵਾਲੀ ਕਰਾਰ ਦਿੱਤਾ।
ਸਮਿਥ ਦੇ ਮੁੱਖ ਸਲਾਹਕਾਰ ਰੌਬ ਐਂਡਰਸਨ ਨੇ ਵੀ ਡੈਬਰੂਸਿਨ ਦੀ ਨਿਯੁਕਤੀ ‘ਤੇ ਤਿੱਖੀ ਪ੍ਰਤਿਕਿਰਿਆ ਦਿੰਦੇ ਹੋਏ ਕਿਹਾ, ”ਇਹ ਤਾਂ ਅੱਗ ਨੂੰ ਗੈਸ ਨਾਲ ਮਿਲਾਉਣ ਵਾਲੀ ਗੱਲ ਹੈ।”
ਸਮਿਥ ਨੇ ਮੰਗ ਕੀਤੀ ਹੈ ਕਿ ਕਾਰਨੀ ਦੀ ਸਰਕਾਰ ਵਾਤਾਵਰਣ ਸਬੰਧੀ ਨੀਤੀਆਂ ‘ਚ ਬਦਲਾਅ ਲਿਆਵੇ, ਖਾਸ ਕਰਕੇ ਪਾਈਪਲਾਈਨਾਂ ਨੂੰ ਸਮੁੰਦਰੀ ਤੱਟਾਂ ਤੱਕ ਪਹੁੰਚ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਦੀਆਂ ਪਿਛਲੇ ਦਹਾਕੇ ਦੀਆਂ ਨੀਤੀਆਂ ਨੇ ਅਲਬਰਟਾ ਦੇ ਤੇਲ ਅਤੇ ਗੈਸ ਖੇਤਰ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।
ਸਮਿਥ ਨੇ ਕਿਹਾ ਕਿ ਹਾਲਾਂਕਿ ਉਹ ਅਲਬਰਟਾ ਦੇ ਕੈਨੇਡਾ ਵਿੱਚ ਬਣੇ ਰਹਿਣ ਦੀ ਵਕਾਲਤ ਕਰਦੀਆਂ ਹਨ, ਪਰ ਸੂਬੇ ਵਿੱਚ ਵਧ ਰਹੀ ਨਾਰਾਜ਼ਗੀ ਅਤੇ ਓਟਾਵਾ ਨਾਲ ਤਣਾਅ ਕਾਰਨ ਵੱਖਵਾਦੀ ਆਵਾਜ਼ਾਂ ਨੂੰ ਹੌਂਸਲਾ ਮਿਲ ਰਿਹਾ ਹੈ।
ਉਨ੍ਹਾਂ ਕਿਹਾ, ”ਜੇਕਰ ਕੇਂਦਰ ਨੇ ਸੂਬਿਆਂ ਦੇ ਆਵਾਜ਼ਾਂ ਨੂੰ ਅਣਸੁਣਿਆ ਕੀਤਾ, ਤਾਂ ਇਹ ਏਕਤਾ ਲਈ ਚੁਣੌਤੀ ਸਾਬਤ ਹੋ ਸਕਦੀ ਹੈ।” This report was written by Ekjot Singh as part of the Local Journalism Initiative.