Monday, May 19, 2025
10.2 C
Vancouver

ਘੜੇ ਦਾ ਠੰਢਾ ਠਾਰ ਪਾਣੀ

 

ਲਿਖਤ : ਪ੍ਰਭਜੋਤ ਕੌਰ, ਸੰਪਰਕ: 90414-58826
ਸਿਆਣਿਆਂ ਦਾ ਆਖਿਆ ਅਤੇ ਔਲੇ ਦਾ ਖਾਧਾ ਬਾਅਦ ‘ਚ ਪਤਾ ਚੱਲਦਾ ਜਾਂ ਫਿਰ ਕਹਿ ਲਵੋ ਕਿ ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ। ਇਹ ਦੋਵੇਂ ਕਹਾਵਤਾਂ ਉਨ੍ਹਾਂ ਨੇ ਕਿੰਨੀ ਸੋਚ ਸਮਝ ਕੇ ਬਣਾਈਆਂ ਹੋਣਗੀਆਂ ਜਿਹੜੀਆਂ ਅੱਜ ਵੀ ਹਰ ਪੀੜ੍ਹੀ ਅਤੇ ਵਰਗ ਉੱਤੇ ਸਹੀ ਢੁੱਕਦੀਆਂ ਹਨ, ਜਿਵੇਂ ਉਨ੍ਹਾਂ ਨੂੰ ਪਤਾ ਹੋਵੇ ਕਿ ਸਵੇਰ ਦੇ ਭੁੱਲੇ ਆਦਮੀ ਨੇ ਅਖੀਰ ਘਰ ਵਾਪਸ ਆਉਣਾ ਹੈ। ਅਸੀਂ ਜਿੰਨਾ ਮਰਜ਼ੀ ਆਧੁਨਿਕਤਾ ਦਾ ਰੌਲਾ ਪਾ ਲਈਏ, ਪਰ ਜਦੋਂ-ਜਦੋਂ ਸਾਨੂੰ ਆਪਣੀਆਂ ਪੁਰਾਣੀਆਂ ਚੀਜ਼ਾਂ ਦੇ ਜ਼ਾਇਕੇ ਅਤੇ ਤਾਸੀਰ ਦੀਆਂ ਖ਼ੂਬੀਆਂ ਬਾਰੇ ਪਤਾ ਲੱਗਦਾ ਹੈ ਤਾਂ ਸਾਡੇ ਲਈ ਆਧੁਨਿਕ ਚੀਜ਼ਾਂ ਆਈਆਂ-ਗਈਆਂ ਹੋ ਰਹੀਆਂ ਹਨ।
ਪਿਛਲੇ ਮਹੀਨੇ ਜਿਵੇਂ ਹੀ ਮੌਮਸ ‘ਚ ਗਰਮਾਹਟ ਆਉਣੀ ਸ਼ੁਰੂ ਹੋਈ ਤਾਂ ਪੱਖੇ ਤਾਂ ਚੱਲਣੇ ਸ਼ੁਰੂ ਹੋਏ ਹੀ, ਪਰ ਇਸ ਦੇ ਨਾਲ ਹੀ ਕੂਲਰਾਂ ਦੀ ਵਿਕਰੀ ਵਿੱਚ ਵੀ ਅਤੇ ਇਸ ਨੂੰ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ‘ਚ ਵੀ ਵਾਧਾ ਸਾਫ਼ ਦਿਖਾਈ ਦੇ ਰਿਹਾ ਹੈ। ਚਾਹੇ ਅੱਜਕੱਲ੍ਹ ਪਿੰਡਾਂ-ਸ਼ਹਿਰਾਂ ਦੇ ਹਰ ਘਰ ‘ਚ ਏਸੀ ਲੱਗ ਚੁੱਕੇ ਹਨ, ਪਰ ਜੋ ਮਜ਼ਾ ਕੂਲਰ ਅੱਗੇ ਸੌਣ ਦਾ ਆਉਂਦਾ ਹੈ, ਉਸ ਦੀਆਂ ਗੱਲਾਂ ਹੀ ਹੋਰ ਹਨ। ਸ਼ਾਇਦ ਸਾਨੂੰ 90ਵੇਂ ਦਹਾਕੇ ਵਾਲਿਆਂ ਨੂੰ ਕੂਲਰ ਨਾਲ ਇਸ ਕਰਕੇ ਵੀ ਜ਼ਿਆਦਾ ਮੋਹ ਹੈ ਕਿਉਂਕਿ ਇਹ ਸਾਨੂੰ ਸਾਡੇ ਬਚਪਨ ਦੀਆਂ ਗਰਮੀਆਂ ਵੱਲ ਲੈ ਜਾਂਦੇ ਹਨ, ਜਦੋਂ ਪੂਰਾ ਪਰਿਵਾਰ ਘਰਾਂ ਦੀਆਂ ਛੱਤਾਂ ‘ਤੇ ਮੰਜੇ ਡਾਹ ਕੇ ਕੂਲਰ ਮੂਹਰੇ ਸੌਂਦਾ ਸੀ। ਕੂਲਰ ਦੇ ਵਾਂਗ ਹੀ ਇੱਕ ਹੋਰ ਚੀਜ਼ ਹੈ, ਜਿਸ ਦੀ ਗਿਣਤੀ ਅੱਜਕੱਲ੍ਹ ਮਈ-ਜੂਨ-ਜੁਲਾਈ ਦੇ ਮਹੀਨਿਆਂ ‘ਚ ਕਾਫ਼ੀ ਵਧ ਜਾਂਦੀ ਹੈ ਅਤੇ ਉਹ ਹਨ ਮਿੱਟੀ ਦੇ ਘੜੇ। ਵੈਸੇ ਤਾਂ ਆਧੁਨਿਕਤਾ ‘ਚ ਅੰਨ੍ਹਾ ਹੋਇਆ ਆਦਮੀ ਹਰ ਪੁਰਾਣੀ ਚੀਜ਼ ਨੂੰ ਦਰਕਿਨਾਰ ਕਰਕੇ ਨਵੀਆਂ ਵੱਲ ਵਧੀ ਜਾ ਰਿਹਾ ਹੈ, ਪਰ ਸ਼ੁਕਰ ਹੈ ਕਿ ਠੰਢੇ ਪਾਣੀ ਦੇ ਨਾਂ ‘ਤੇ ਉਹ ਅੱਜ ਵੀ ਘੜਿਆਂ ਨੂੰ ਤਰਜੀਹ ਦੇ ਰਿਹਾ ਹੈ।
ਪਿੰਡਾਂ ਵਿੱਚ ਆਮ ਹੀ ਨਜ਼ਰੀ ਪੈਣ ਵਾਲੇ ਘੜਿਆਂ ਨੇ ਹੁਣ ਸ਼ਹਿਰਾਂ ਵਿੱਚ ਵੀ ਆਪਣਾ ਰਾਜ ਕਾਇਮ ਕਰ ਲਿਆ ਹੈ। ਮੈਂ ਛੋਟੇ ਤੋਂ ਛੋਟੇ ਘਰ ਅਤੇ ਵੱਡੇ ਤੋਂ ਵੱਡੇ ਮਹਿਲਾਂ ਦੀਆਂ ਰਸੋਈਆਂ ‘ਚ ਇਨ੍ਹਾਂ ਦੀ ਸੱਤਾ ਘੱਟ ਹੁੰਦਿਆ ਨਹੀਂ ਦੇਖੀ। ਜਿਸ ਨੂੰ ਦੇਖ ਕੇ ਹੈਰਾਨੀ ਘੱਟ ਅਤੇ ਖ਼ੁਸ਼ੀ ਜ਼ਿਆਦਾ ਹੁੰਦੀ ਹੈ ਕਿ ਚਲੋਂ ਸਿਹਤ ਦੇ ਨਾਮ ‘ਤੇ ਹੀ ਸਹੀ, ਅਸੀਂ ਸਾਰਿਆਂ ਨੇ ਆਪਣੇ ਸਿਆਣਿਆਂ ਦੀਆਂ ਕੁੱਝ ਯਾਦਾਂ ਨੂੰ ਤਾਂ ਅਪਣਾਇਆ। ਗੋਲਾਈ ਦੇ ਆਕਾਰ ਵਾਲੇ ਘੜੇ, ਢੱਕਣ ਅਤੇ ਬਿਨਾਂ ਢੱਕਣ ਤੋਂ ਮਿਲ ਜਾਂਦੇ ਹਨ। ਕਈ ਘੜਿਆਂ ਵਿੱਚ ਤਾਂ ਪਾਣੀ ਲਈ ਟੂਟੀਆਂ ਵੀ ਲਗਾਈਆਂ ਗਈਆਂ ਨੇ ਤਾਂ ਜੋ ਕੰਮ ਸੌਖਾ ਹੋ ਜਾਵੇ ਅਤੇ ਕਈ ਤਰ੍ਹਾਂ ਦੀਆਂ ਕਲਾ-ਕ੍ਰਿਤੀਆਂ ਬਣਾ ਕੇ ਇਸ ਨੂੰ ਸੋਹਣੀ ਤਰ੍ਹਾਂ ਸਜਾਇਆ ਜਾਂਦਾ ਹੈ। ਕਈ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਵੀ ਉਹ ਰੁਟੀਨ ਵਿੱਚ ਪਾਣੀ ਪੀਣ ਲਈ ਘੜਿਆਂ ਦੀ ਹੀ ਵਰਤੋਂ ਕਰਦੇ ਨੇ, ਜਿਸ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਇਹ ਘੜੇ ਸਿਰਫ਼ ਸਾਡੀ ਸਿਹਤ ਦੇ ਲਈ ਹੀ ਨਹੀਂ ਬਲਕਿ ਵਾਤਾਵਰਨ ਦੇ ਲਈ ਵੀ ਓਨੇ ਹੀ ਫਾਇਦੇਮੰਦ ਹਨ।
ਇਨ੍ਹਾਂ ਘੜਿਆਂ ਦੇ ਕਈ ਫਾਇਦੇ ਹਨ। ਸਭ ਤੋਂ ਵੱਡਾ ਤਾਂ ਇਹ ਕਿ ਇਹ ਪੁਰਾਣੇ ਕਿੱਤਿਆਂ ਨੂੰ ਮੂਹਰੇ ਰੱਖਣ ਵਾਲੇ ਅਤੇ ਸਾਡੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਵਾਲੇ ਘੁਮਿਆਰਾਂ ਦੇ ਕੰਮ ਨੂੰ ਅੱਜ ਵੀ ਇੱਜ਼ਤ ਦਿਵਾ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਦੀ ਕਮਾਈ ਦਾ ਸਾਧਨ ਵੀ ਬਣਿਆ ਹੋਇਆ ਹੈ, ਕਿਉਂਕਿ ਜਿੰਨੀ ਸਪੀਡ ਦੇ ਨਾਲ ਨਵੀਂ ਪੀੜ੍ਹੀ ਆਧੁਨਿਕ ਸੰਦਾਂ ਅਤੇ ਮਸ਼ੀਨਰੀ ਵੱਲ ਅੱਗੇ ਵੱਧ ਰਹੀ ਹੈ, ਓਨੀ ਵੱਧ ਸਪੀਡ ਦੇ ਨਾਲ ਹੀ ਅਧੇੜ ਉਮਰ ‘ਚ ਪਹੁੰਚ ਚੁੱਕੇ ਲੋਕਾਂ ਨੇ ਹੁਣ ਘਰ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਹੈ, ਚਾਹੇ ਉਹ ਖਾਣ-ਪੀਣ ‘ਚ ਹੋਵੇ, ਦਿਨ-ਤਿਉਹਾਰਾਂ ਨੂੰ ਮਨਾਉਣ ‘ਚ ਜਾਂ ਫਿਰ ਸਿਆਣਿਆਂ ਵੱਲੋਂ ਸਮਝਾਈਆਂ ਗਈਆਂ ਬਾਤਾਂ ਨੂੰ ਰੋਜ਼-ਮਰ੍ਹਾ ਦੀ ਜ਼ਿੰਦਗੀ ‘ਚ ਉਤਾਰਨ ਬਾਰੇ ਹੋਣ। ਦੂਜਾ ਕਾਰਨ ਇਹ ਕਿ ਇਨ੍ਹਾਂ ਕਰਕੇ ਪਾਣੀ ਦੇ ਸੁਆਦ ਦੇ ਨਾਲ ਨਾਲ ਇਸ ਦੇ ਤੱਤ ਵੀ ਗੁਣਕਾਰੀ ਹੋ ਜਾਂਦੇ ਨੇ ਜੋ ਬੰਦੇ ਦੀ ਸਿਹਤ ਨੂੰ ਦਰੁਸਤ ਰੱਖਦੇ ਨੇ। ਹੋਰ ਤਾਂ ਹੋਰ ਇਸ ਵਿੱਚ ਠੰਢਾ ਕਰਕੇ ਪੀਤਾ ਗਿਆ ਪਾਣੀ ਫਰਿੱਜ ਦੇ ਮੁਕਾਬਲੇ ਵਧੀਆ ਪਿਆਸ ਤਾਂ ਮਿਟਾਉਂਦਾ ਹੀ ਹੈ ਤੇ ਨਾਲ ਦੀ ਨਾਲ ਕਈ ਬਿਮਾਰੀਆਂ ਨੂੰ ਦੂਰ ਵੀ ਕਰਦਾ ਹੈ। ਸਭ ਤੋਂ ਵਧੀਆ ਇਹ ਕਿ ਇਹ ਫਰਿੱਜ ਵਾਂਗ ਕੋਈ ਮਾੜੀ ਗੈਸ ਛੱਡ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਦੇ, ਸਗੋਂ ਖ਼ਰਾਬ ਹੋਏ ਤਾਂ ਘੜੇ ਵੀ ਮਿੱਟੀ ‘ਚ ਮਿਲ ਕੇ ਮਿੱਟੀ ਨੂੰ ਹੋਰ ਉਪਜਾਊ ਬਣਾ ਦਿੰਦੇ ਹਨ। ਇਸ ਲਈ ਘੜਿਆਂ ਦੀਆਂ ਤਾਂ ਖ਼ੂਬੀਆਂ ਹੀ ਖ਼ੂਬੀਆਂ ਹਨ।
ਵੈਸੇ ਵੀ ਜਿਸ ਤਰ੍ਹਾਂ ਨਾਲ ਗਰਮੀ ਆਪਣੇ ਸਿਖਰ ‘ਤੇ ਵਧ ਰਹੀ ਹੈ ਤਾਂ ਵਿਗਿਆਨੀਆਂ ਦਾ ਵੀ ਇਹੀ ਸੁਝਾਅ ਹੈ ਕਿ ਜਿੰਨਾ ਹੋ ਸਕੇ ਬਿਜਲਈ ਉਪਕਰਨਾਂ ਦਾ ਘੱਟ ਤੋਂ ਘੱਟ ਇਸਤੇਮਾਲ ਕਰਕੇ ਸਾਦੇ ਅਤੇ ਪੁਰਾਣੇ ਰਹਿਣ-ਸਹਿਣ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕੁਦਰਤ ਨੂੰ ਵੀ ਬਚਾਇਆ ਜਾ ਸਕੇ ਅਤੇ ਕੁਦਰਤ ਨੂੰ ਮਾਨਣ ਵਾਲੇ ਸਾਰੇ ਜੀਵ-ਜੰਤੂਆਂ ਨੂੰ ਵੀ। ਇਸ ਲਈ ਆਓ ਸਾਰੇ ਰਲ-ਮਿਲ ਕੇ ਕੋਸ਼ਿਸ਼ ਕਰੀਏ ਕਿ ਅਸੀਂ ਜਿੰਨਾ ਆਪਣੇ ਸੱਭਿਆਚਾਰ ਦੇ ਨਾਲ ਜੁੜ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾ ਸਕਦੇ ਹਾਂ, ਬਣਾਈਏ ਤਾਂ ਜੋ ਸਾਡੇ ਲਈ ਨਹੀਂ, ਬਲਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਇਹ ਆਬੋ-ਹਵਾ ਸਾਫ਼-ਸੂਥਰੀ ਬਣ ਸਕੇ।