Monday, May 19, 2025
10.2 C
Vancouver

ਜੰਗ

ਲਿਖਤ : ਰਾਵਿੰਦਰ ਫਫੜੇ,
ਸੰਪਰਕ: 98156-80980
ਦੋਵੇਂ ਗੁਆਂਢੀ ਦੇਸ਼ਾਂ ਵਿਚਕਾਰ ਜੰਗ ਸ਼ੁਰੂ ਹੋ ਗਈ। ਸ਼ੋਸਲ ਮੀਡੀਆ ਅਤੇ ਟੈਲੀਵਿਜ਼ਨ ‘ਤੇ ਡਰਾਉਣੀਆਂ ਖ਼ਬਰਾਂ ਦੀ ਭਰਮਾਰ ਸੀ। ਡਰ ਦੇ ਮਾਹੌਲ ਤੋਂ ਧਿਆਨ ਹਟਾਉਣ ਲਈ ਮੈਂ ਕ੍ਰਿਕਟ ਦਾ ਮੈਚ ਲਗਾ ਲਿਆ। ਕੁਝ ਦੇਰ ਬਾਅਦ ਅਚਾਨਕ ਚਲਦਾ ਮੈਚ ਰੋਕ ਦਿੱਤਾ ਗਿਆ। ਪਹਿਲਾਂ ਤਾਂ ਲੱਗਿਆ ਕਿ ਮੀਂਹ ਆ ਗਿਆ ਹੋਵੇਗਾ, ਪਰ ਫਿਰ ਟੀ ਵੀ ਸਕ੍ਰੀਨ ‘ਤੇ ਲਿਖ ਕੇ ਦੱਸਿਆ ਗਿਆ ਕਿ ਅਜਿਹਾ ਸੁਰੱਖਿਆ ਕਾਰਨਾਂ ਕਰਕੇ ਕੀਤਾ ਗਿਆ ਹੈ।ਮਨ ਹੋਰ ਬੇਚੈਨ ਹੋ ਗਿਆ।
ਏਨੇ ਵਿੱਚ ਬਿਜਲੀ ਚਲੀ ਗਈ। ਟੀਵੀ ਦੀ ਆਵਾਜ਼ ਬੰਦ ਹੋਣ ਕਾਰਨ ਗੁਰਦੁਆਰਾ ਸਾਹਿਬ ਤੋਂ ਦਿੱਤੀ ਜਾ ਰਹੀ ਸੂਚਨਾ ਕੰਨੀ ਪਈ, ”૴ਪ੍ਰਸ਼ਾਸਨ ਨੇ ਬਲੈਕ ਆਊਟ ਦਾ ਐਲਾਨ ਕਰ ਦਿੱਤਾ ਹੈ ਭਾਈ, ਸਾਰੀਆਂ ਲਾਈਟਾਂ ਬੰਦ ਰੱਖੋ ਅਤੇ ਆਪਣੇ ਮੋਬਾਈਲ ਦੀ ਵਰਤੋਂ ਤੋਂ ਵੀ ਗੁਰੇਜ਼ ਕਰੋ૴ ਭਾਈ ਇਹ ਸੂਚਨਾ ਪ੍ਰਸ਼ਾਸਨ ਵੱਲੋਂ ਆਪਣੇ ਭਲੇ ਲਈ ਭੇਜੀ ਗਈ ਹੈ૴।” ਪਲਾਂ ‘ਚ ਚਾਰੇ ਪਾਸੇ ਸੁੰਨ ਪਸਰ ਗਈ।
ਫਿਰ ਕਿਤੇ ਨੇੜਿਓਂ ਹੀ ਜ਼ਬਰਦਸਤ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਵੇਂ ਕੋਈ ਬੰਬ ਫਟਿਆ ਹੋਵੇ। ਡਰ ਦੇ ਮਾਰੇ ਸਾਰੇ ਮੁਹੱਲੇ ਵਾਲੇ ਗਲੀ ਵਿੱਚ ਇਕੱਠੇ ਹੋ ਗਏ। ਬੰਦੇ-ਔਰਤਾਂ ਬਹੁਤ ਧੀਮੀ ਆਵਾਜ਼ ਵਿੱਚ ਆਪਸ ਗੱਲਾਂ ਕਰ ਰਹੇ ਸਨ। ਬੱਚੇ ਸ਼ਰਾਰਤਾਂ ਤੋਂ ਹਟ ਕੇ ਚੁੱਪ-ਚਾਪ ਆਪਣੇ ਮਾਪਿਆਂ ਕੋਲ ਖੜ੍ਹੇ ਸਨ। ਮੈਂ ਤੇ ਮੇਰਾ ਗੁਆਂਢੀ ਇੱਕ ਪਾਸੇ ਖੜ੍ਹ ਆਪਸ ਵਿੱਚ ਗੱਲਾਂ ਕਰ ਰਹੇ ਸਾਂ। ਮੇਰਾ ਗੁਆਂਢੀ ਕੁਝ ਚਿੰਤਾ ਜ਼ਾਹਿਰ ਕਰਦਿਆਂ ਬੋਲਿਆ, ”ਯਾਰ, ਸਾਡਾ ਤਾਂ ਗੈਸ ਸਿਲੰਡਰ ਵੀ ਖ਼ਤਮ ਹੋਣ ਵਾਲਾ ਹੈ। ਜੇ ਮਾਹੌਲ ਇਸੇ ਤਰ੍ਹਾਂ ਦਾ ਰਿਹਾ ਤਾਂ ਪਤਾ ਨਹੀਂ ਗੈਸ ਏਜੰਸੀ ਵਾਲੇ ਸਿਲੰਡਰ ਦੇਣ ਹੀ ਨਾ ਆਉਣ!” ਮੈਂ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ, ”ਕੋਈ ਗੱਲ ਨ੍ਹੀਂ, ਸਾਡੇ ਘਰ ਦੋ ਸਿਲੰਡਰ ਭਰੇ ਹੋਏ ਹਨ।
ਜੇਕਰ ਲੋੜ ਪਈ ਤਾਂ ਸਾਡੇ ਤੋਂ ਲੈ ਲੈਣਾ૴ ਆਂਢ-ਗੁਆਂਢ ਦਾ ਕੀ ਫ਼ਾਇਦਾ ਹੋਇਆ૴!” ਕੋਲ ਸਹਿਮਿਆ ਖੜ੍ਹਾ ਮੇਰਾ ਦਸ ਸਾਲ ਦਾ ਪੁੱਤਰ ਜੋ ਚੁੱਪਚਾਪ ਸਾਡੀਆਂ ਗੱਲਾਂ ਸੁਣ ਰਿਹਾ ਸੀ, ਬੋਲਿਆ, ”ਪਾਪਾ! ਪਾਕਿਸਤਾਨ ਅਤੇ ਭਾਰਤ ਵੀ ਗੁਆਂਢੀ ਹੀ ਹਨ। ਫਿਰ ਇਹ ਆਪਸ ਵਿੱਚ ਕਿਉਂ ਲੜਦੇ ਹਨ?” ਮਾਸੂਮ ਬੱਚੇ ਦੇ ਗੰਭੀਰ ਸਵਾਲ ਦਾ ਸਾਡੇ ਦੋਵਾਂ ਕੋਲ ਕੋਈ ਜਵਾਬ ਨਹੀਂ ਸੀ।