ਲਿਖਤ : ਸਵਰਨ ਸਿੰਘ ਭੰਗੂ, ਸੰਪਰਕ: 94174 69290
ਮੇਰੀਆਂ ਯਾਦਾਂ ਵਿੱਚ 2 ਦਸੰਬਰ 1999 ਦੇ ਉਹ ਪਲ਼ ਅਕਸਰ ਦਸਤਕ ਦਿੰਦੇ ਰਹਿੰਦੇ ਹਨ ਜਦੋਂ ਮੈਂ ਆਪਣੇ ਬਹੁਤ ਅਗੇਤੇ ਤੁਰ ਗਏ ਜਾਣਕਾਰ, ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਗੁਰਪਾਲ ਸਿੰਘ ਦੀ ਅੰਤਿਮ ਅਰਦਾਸ ਵਿੱਚ ਜੁੜਿਆ ਸੀ। ਉਸ ਦਾ ਚਿਹਰਾ ਪ੍ਰਭਾਵੀ ਸੀ, ਬੋਲਚਾਲ ਵਿੱਚ ਠਹਿਰਾਓ ਸੀ, ਉਸ ਕੋਲ ਆਪਣੀ ਗੱਲ ਸਹਿਜ ਨਾਲ ਰੱਖਣ ਦੀ ਕਲਾ ਸੀ। ਉਸ ਸਮੇਂ ਵੀ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇਣ ਤੋਂ ਅਸਮਰੱਥ ਮਾਪਿਆਂ ਦੇ ਬੱਚੇ ਪੜ੍ਹਦੇ ਹੁੰਦੇ ਸਨ। ਉਸ ਦਾ ਜਨਮ ਇੱਕ ਰਵੀਦਾਸੀਆ ਪਰਿਵਾਰ ਵਿੱਚ ਹੋਇਆ ਸੀ ਪਰ ਉਹ ਹਰ ਵਰਗ ਵਿੱਚ ਪਿਆਰਿਆ ਦੁਲਾਰਿਆ ਜਾਣ ਵਾਲਾ ਸੀ। ਉਹ ਪ੍ਰਤੀਬੱਧਤਾ ਨਾਲ ਪੜ੍ਹਾਉਣ ਵਾਲਾ ਸੀ। ਘਰ ਮੁੜਦਾ ਤਾਂ ਜਿਵੇਂ ਸਕੂਲ ਉਸ ਦੇ ਨਾਲ ਹੀ ਆ ਜਾਂਦਾ ਹੋਵੇ। ਉਹ ਆਪਣੇ ਹਰ ਸ਼ਗਿਰਦ ਦੇ ਪਿਛੋਕੜ ਅਤੇ ਮੌਜੂਦਾ ਪਰਿਵਾਰਕ ਮਾਹੌਲ ਦੀ ਥਾਹ ਪਾ ਕੇ ਹੀ ਵਿਦਿਆਰਥੀਆਂ ਦੀ ਅਗਵਾਈ ਕਰਦਾ ਸੀ। ਕਿਸ ਵਿਦਿਆਰਥੀ ਵਿੱਚ ਸਿੱਖਣ ਦੀ ਜਗਿਆਸਾ ਕਿਵੇਂ ਪੈਦਾ ਕੀਤੀ ਜਾਵੇ, ਉਹ ਹਮੇਸ਼ਾ ਫਿਕਰਮੰਦ ਰਹਿਣ ਵਾਲਾ ਸੀ। ਉਹ ਇੱਕੋ ਸਮੇਂ ਆਪਣੇ ਸ਼ਗਿਰਦਾਂ ਦਾ ਗੁਰੂ ਵੀ ਸੀ ਅਤੇ ਇਸ ਤੋਂ ਵੀ ਕਿਤੇ ਵਧ ਕੇ ਉਨ੍ਹਾਂ ਦਾ ਆੜੀ ਬਣ ਕੇ ਉਨ੍ਹਾਂ ਦੇ ਦਿਲ ਤੱਕ ਰਾਹ ਬਣਾਉਣ ਵਾਲਾ ਸੀ।
ਉਹ ਇਸ ਗੱਲ ਤੋਂ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਕਿ ਕਿੰਨੇ ਹੀ ਬਦਨਸੀਬ ਅਧਿਆਪਕ ਜਾਤੀ ਜਾਂ ਧਾਰਮਿਕ ਆਧਾਰ ‘ਤੇ ਕੁਦਰਤ ਦੇ ਇਨ੍ਹਾਂ ਮਾਸੂਮ ਦੂਤਾਂ ਨੂੰ ਨਜ਼ਰਅੰਦਾਜ਼ ਕਰ ਕੇ ਬੇਇਨਸਾਫ਼ੀ ਕਰਦੇ ਹਨ। ਉਹ ਦੱਸਦਾ ਹੁੰਦਾ ਸੀ ਕਿ ਉਹ ਰੂਸੀ ਸਾਹਿਤ ਤੋਂ ਪ੍ਰਭਾਵਤ ਹੈ। ਉਹ ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’ ਪੁਸਤਕ ਲਿਖਣ ਵਾਲੇ ਵਾਸਿਲੀ ਸੁਖੋਮਲਿੰਸਕੀ ਅਤੇ ‘ਪਹਿਲਾ ਅਧਿਆਪਕ’ ਨਾਵਲੈੱਟ ਲਿਖਣ ਵਾਲੇ ਚੰਗੇਜ਼ ਆਇਤਮਾਤੋਵ ਦਾ ਜ਼ਿਕਰ ਕਰਦਾ ਹੁੰਦਾ ਸੀ। ਉਹ ਹਰ ਵਾਹ-ਵਾਸਤੇ ਵਾਲੇ ਨੂੰ ਇਹ ਪੁਸਤਕਾਂ ਪੜ੍ਹਨ ਲਈ ਪ੍ਰੇਰਦਾ।
ਉਸ ਸਮੇਂ ਅਸੀਂ ਵੀ ਵਿਦਿਆਰਥੀਆਂ ਨੂੰ ਭਵਿੱਖ ਦੇ ਇਨਸਾਨ ਸਮਝ ਕੇ ਉਨ੍ਹਾਂ ਨਾਲ ਹਰ ਵਫ਼ਾ ਪਾਲਣ ਦੇ ਮਨੋਰਥ ਨਾਲ ਸਿੱਖਿਆ ਸੰਸਥਾ ਸ਼ੁਰੂ ਕਰ ਚੁੱਕੇ ਸਾਂ। ਉਹ ਆਪਣੇ ਅਨੁਭਵ ਨੂੰ ਆਧਾਰ ਬਣਾ ਕੇ ਅਕਸਰ ਕਿਹਾ ਕਰਦਾ, “ਮੈਂ ਤਾਂ ਰਿਟਾਇਰ ਹੋ ਕੇ ਥੋਡੇ ਆਲੇ ਸਕੂਲ ‘ਚ ਹੀ ਆ ਜਾਣਾ” ਪਰ ਉਸ ਨੂੰ ਬਹੁਤੀ ਉਮਰ ਨਾ ਮਿਲ ਸਕੀ। 15 ਦਿਨ ਪੀਜੀਆਈ ਰਿਹਾ, ਆਖ਼ਿਰ ਵਧਦੇ ਅੰਤੜੀ ਰੋਗ ਨਾਲ ਇੱਕ ਦਿਨ ਹਸੂੰ-ਹਸੂੰ ਕਰਦਾ ਚਿਹਰਾ ਲੋਪ ਹੋ ਗਿਆ। ਨਾ ਹੁਣ ਗਲ਼ੀ ‘ਚ ਆਉਣ ਜਾਣ ਸਮੇਂ ਉਸ ਦੇ ਸਾਈਕਲ ਦੀ ਟੱਲੀ ਦੀ ਟਣ-ਟਣ ਹੋਣੀ ਸੀ, ਨਾ ਹੀ ਪਿੰਡ ਦੇ ਵੱਡੇ ਮਰਦਾਂ/ਔਰਤਾਂ ਅੱਗੇ ਅਦਬ ਨਾਲ ਕੋਈ ਸਿਰ ਝੁਕਣਾ ਸੀ। ਬਰਾਬਰ ਦਿਆਂ ਨੂੰ ਬਾਈ ਜੀ/ਭੈਣ ਜੀ ਅਤੇ ਛੋਟਿਆਂ ਨੂੰ ਪੁੱਤਰ ਜਾਂ ਲਾਡੋ ਕਿਸ ਕਹਿਣਾ ਸੀ?
ਦੱਸਿਆ ਗਿਆ ਕਿ ਜਦੋਂ ਉਸ ਦੇ ਸਕੂਲ ਨੂੰ ਜਾਣ ਸਮੇਂ ਸਾਈਕਲ ਦੀ ਟੱਲੀ ਵੱਜਦੀ ਸੀ ਤਾਂ ਲੋਕ ਘੜੀ ਦਾ ਸਮਾਂ ਮਿਲਾ ਲਿਆ ਕਰਦੇ ਸਨ। ਗਲ਼ੀ ਦੇ ਲੋਕ ਗੁਰਮਾਲ ਮਾਸਟਰ ਲੰਘ ਗਿਆ ਕਿ ਅਜੇ ਲੰਘਣੈ, ਇੱਕ/ਦੂਜੇ ਨੂੰ ਇਹ ਪੁੱਛ ਕੇ ਆਪਣੇ ਕੰਮ ਲੱਗਦੇ ਸਨ। ਪ੍ਰਤੀਬੱਧ ਅਧਿਆਪਨ ਦੀ ਵਡਿਆਈ ਸਮਝਣ ਵਾਲਿਆਂ ਵਿੱਚ ਮੇਰੇ ਲਈ ਤਾਂ ਇਹ ਬਹੁਤ ਔਖਾ ਸੀ ਕਿ ਉਸ ਸਦਾ ਚਿਰ ਜਿਊਣ ਯੋਗ ਦੀ ਅੰਤਿਮ ਅਰਦਾਸ ਦਾ ਭਾਰਾ ਸਮਾਂ, ਮੇਰੀਆਂ ਜੀਵਨ ਯਾਦਾਂ ਨਾਲ ਚਿਪਕ ਜਾਂਦਾ। ਸ਼ਰਧਾਂਜਲੀ ਸਮੇਂ ਬੁਲਾਰੇ ਭੇਤ ਖੋਲ੍ਹਦੇ ਗਏ ਕਿ ਇਸ ਭਾਰੀ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਅਸੀਂ ਲੋਕ ਪਿੰਡ ਵਿੱਚ ਵੱਖ-ਵੱਖ ਸ਼ਮਸ਼ਾਨ ਘਾਟ ਬਣਾਉਣ ਦਾ ਕੀ ਕੋਝਾ ਜਿਹਾ ਕੰਮ ਕਰ ਲੈਂਦੇ ਹਾਂ।
ਲਾਸ਼ ਹਸਪਤਾਲੋਂ ਆ ਚੁੱਕੀ ਸੀ, ਰੋਣ ਕੁਰਲਾਉਣ ਸੀ, ਮਾਤਮੀ ਸੱਥ ਸੀ। ਪਿੰਡ ਦੇ ਕਿਸਾਨ ਪਰਿਵਾਰਾਂ ਨੇ ਰਵੀਦਾਸੀਆ ਮੁਹੱਲੇ ਵਾਲਿਆਂ ਨੂੰ ਬੇਨਤੀ ਕੀਤੀ ਕਿ ਮਾਸਟਰ ਜੀ ਦੀ ਦੇਹ ਦਾ ਸਸਕਾਰ ਆਪਣੇ ਵਾਲੇ ਸ਼ਮਸ਼ਾਨ ਘਾਟ ਵਿੱਚ ਕਰਨਾ ਹੈ। ਇਸ ਮੰਗ ਵਿੱਚ ਜਜ਼ਬਾਤੀ ਪੀੜ ਲੁਕੀ ਹੋਈ ਸੀ। ਇਸ ਤਜਵੀਜ਼ ‘ਤੇ ਰਵਿਦਾਸੀਆ ਮੁਹੱਲੇ ਵਾਲਿਆਂ ਨੇ ਘੰਟੇ ਭਰ ਦੇ ਸਲਾਹ ਮਸ਼ਵਰੇ ਤੋਂ ਬਾਅਦ ਫੈਸਲਾ ਸੁਣਾ ਦਿੱਤਾ ਕਿ ਅਜਿਹਾ ਨਹੀਂ ਹੋ ਸਕਦਾ। ਕਿਸਾਨੀ ਨਾਲ ਸਬੰਧਿਤ ਧਿਰ ਹੋਰ ਵੀ ਸਦਮੇ ਵਿੱਚ ਚਲੀ ਗਈ। ਆਖ਼ਿਰ ਦੋਹਾਂ ਧਿਰਾਂ ਵਿਚਕਾਰ ਫੈਸਲਾ ਹੋਇਆ ਕਿ ਸਸਕਾਰ ਤਾਂ ਰਵੀਦਾਸੀਆ ਸ਼ਮਸ਼ਾਨ ਘਾਟ ਵਿੱਚ ਹੀ ਹੋਵੇਗਾ ਪਰ ਸਾਰਾ ਬਾਲਣ ਕਿਸਾਨ ਪਰਿਵਾਰ ਪਾਉਣਗੇ। ਅਜਿਹਾ ਹੀ ਹੋਇਆ। ਲਾਂਬੂ ਲੱਗਦੇ ਸਮੇਂ ਅਣਗਿਣਤ ਲੋਕ ਇਕੱਠੇ ਹੋ ਗਏ ਸਨ, ਸਾਰੇ ਭਾਰੇ ਕਦਮੀਂ ਘਰਾਂ ਨੂੰ ਪਰਤੇ ਸਨ ਅਤੇ ਉਸ ਭਾਰੀ ਸ਼ਾਮ ਤੇ ਦਸੰਬਰ ਦੀ ਠੰਢੀ ਰਾਤ ਬਹੁਤੇ ਲੋਕਾਂ ਦੇ ਸੰਘੋਂ ਬੁਰਕੀ ਨਹੀਂ ਸੀ ਲੰਘੀ।