ਰੋਕੀਂ ਉਸ ਦਰਿਆ ਨੂੰ ਪੁੱਛੀਂ, ਝਰਨੇ ਵਿੱਚ ਮਿਲਾਏ ਕਿੱਦਾਂ?
ਹੋਂਦ ਮਿਟਾ ਕੇ ਨਿੱਕੜਿਆਂ ਦੀ, ਅਪਣੇ ਨਾਲ਼ ਵਹਾਏ ਕਿੱਦਾਂ?
ਪਲ ਵਿਚ ਤੂੰ ਮੰਧਿਆ ਦਿੱਤਾ ਏ, ਦੋ ਘੁੱਟਾਂ ਭਰ ਜਿਸ ਪਾਣੀ ਨੂੰ,
ਉਸ ਨੂੰ ਪੁੱਛੀਂ ਉੱਡ ਸਾਗਰ ਤੋਂ, ਬੁੱਲ੍ਹੀਆਂ ਤੀਕਰ ਆਏ ਕਿੱਦਾਂ?
ਥੱਕੀ ਟੁੱਟੀ ਘਰ ਪੁੱਜੇ ਉਹ, ਪਤੀ ਹਵਾਲੇ ਕਰੇ ਕਮਾਈ,
ਰੋ ਰੋ ਧੀ ਬਾਬਲ ਨੂੰ ਪੁੱਛੇ, ਮੇਰੇ ਲੇਖ ਲਿਖਾਏ ਕਿੱਦਾਂ?
ਚਾਰ ਚੁਫ਼ੇਰੇ ਵਾੜ ਬਣੀ ਹੈ, ਦਰ ਅੱਗੇ ਤਲਵਾਰ ਤਣੀ ਹੈ,
ਰੋਕੋ ਦਿਲ ਚੋਰਾਂ ਨੂੰ ਰੋਕੋ, ਸੁਪਨੇ ਦੇ ਵਿਚ ਆਏ ਕਿੱਦਾਂ?
ਰਾਹਾਂ ਦੇ ਵਿਚ ਖੋਲ੍ਹ ਦੁਕਾਨਾਂ, ਜ਼ਾਲਿਮ ਦੁੱਖ ਸਜਾਈ ਬੈਠੇ,
ਭੋਲ਼ੇ ਲੋਕੀ ਪੁੱਛਣ ਰੁਕ ਰੁਕ, ਦੱਸੋ ਜੀ ਇਹ ਲਾਏ ਕਿੱਦਾਂ?
ਹੌਲ਼ੀ ਹੌਲ਼ੀ ਵਕਤ ਬੀਤਿਆ, ਭੁੱਲੇ ਹਾਂ ਇਤਿਹਾਸ ਆਪਣਾ,
ਕੀ ਲਿਖੀਏ ਕਿ ਸੂਰਮਿਆਂ ਨੇ, ਅਪਣੇ ਸੀਸ ਕਟਾਏ ਕਿੱਦਾਂ?
ਰੁਕ ਕੇ ਅੱਜ ਬਨੇਰੇ ਉੱਤੇ, ਇਕ ਬਦਲ਼ੀ ਸੀ ਵਾਲ਼ ਝਟਕਦੀ,
ਕੀ ਦੱਸਾਂ ਮੈਂ ਹੇਠ ਗਲ਼ੀ ਵਿਚ, ਰੁਕ ਰੁਕ ਲੋਕ ਨਹਾਏ ਕਿੱਦਾਂ?
ਉਸ ਦਾ ਮਨ ਫਿਰ ਫੜੇ ਹੌਸਲਾ, ਜਦ ਫੌਜਣ ਦਾ ਫ਼ੋਨ ਮਿਲੇ,
ਦੇਖੋ ਫੌਜੀ ਬਰਫ਼ਾਂ ਦੇ ਵਿਚ, ਘਰ ਤੋਂ ਨਿੱਘ ਮੰਗਾਏ ਕਿੱਦਾਂ?
ਮੱਥਾ ਚੁੰਮ ਮੇਰੀ ਮਾਂ ਬੋਲੀ, ‘ਹੁਣ ਤੂੰ ਦੁਖੜੇ ਦੂਰ ਕਰੀਂ’,
ਜਦੋਂ ਪੁੱਛਿਆ, ‘ਤੂੰ ਕੱਲ਼ੀ ਨੇ, ਐਨੇ ਦੁੱਖ ਹੰਢਾਏ ਕਿੱਦਾਂ’?
ਲਿਖਤ : ਗੁਰਦਿਆਲ ਦਲਾਲ