Saturday, May 17, 2025
11.8 C
Vancouver

ਕੈਨਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤੀ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ

ਟੈਰਿਫ਼ ਦੇ ਮੁੱਦੇ ‘ਤੇ ਹੋਈ ਅਹਿਮ ਗਲਬਾਤ, ‘ਸ਼ੁਰੂਆਤ ਚੰਗੀ ਹੋਈ ਪਰ ਅਜੇ ਬਹੁਤ ਕੁਝ ਕਰਨਾ ਬਾਕੀ’ : ਕਾਰਨੀ

ਸਰੀ, (ਏਕਜੋਤ ਸਿੰਘ): ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਦੌਰਾਨ ਅਣੁਮੀਂਦੇ ਬਿਆਨ ‘ਤੇ ਸਧਾ ਤੇ ਢੁੱਕਵਾਂ ਜਵਾਬ ਦਿੱਤਾ।
ਮੁਲਾਕਾਤ ਦੌਰਾਨ, ਜਦੋਂ ਟਰੰਪ ਨੇ ਹੱਸਦੇ ਹੋਏ ਕਿਹਾ ਕਿ “ਕੈਨੇਡਾ ਨੂੰ ਅਮਰੀਕਾ ਵਿੱਚ ਸ਼ਾਮਲ ਕਰ ਲਿਆ ਜਾਣਾ ਚਾਹੀਦਾ ਹੈ ਜਾਂ ਇਹ ਵੇਚਣ ਯੋਗ ਹੋ ਸਕਦਾ ਹੈ,” ਤਾਂ ਮਾਰਕ ਕਾਰਨੀ ਨੇ ਗੰਭੀਰ ਅੰਦਾਜ਼ ਵਿੱਚ ਜਵਾਬ ਦਿੱਤਾ: ”ਕੈਨੇਡਾ ਵਿਕਰੀ ਲਈ ਨਹੀਂ ਹੈ।” ਇਹ ਬਿਆਨ ਸਮੇਤ ਦੋਵਾਂ ਨੇ ਵਪਾਰਕ ਸੰਬੰਧਾਂ, ਟਾਰੀਫ਼ਾਂ, ਅਤੇ ਉੱਤਰੀ ਅਮਰੀਕਾ ਦੀ ਭੂ-ਰਾਜਨੀਤਿਕ ਸਥਿਤੀ ‘ਤੇ ਗੰਭੀਰ ਵਿਚਾਰ ਵਿਮਰਸ਼ ਕੀਤਾ। ਕਾਰਨੀ ਨੇ ਟਰੰਪ ਦੇ ਬਿਆਨ ਨੂੰ ਹਲਕਾ ਨਾ ਲੈਂਦੇ ਹੋਏ ਕਿਹਾ ਕਿ ਕੈਨੇਡਾ ਆਪਣੀ ਅਜ਼ਾਦੀ, ਰਾਸ਼ਟਰਵਾਦ ਅਤੇ ਮੂਲ ਨੀਤੀਆਂ ਬਾਰੇ ਪੂਰੀ ਤਰ੍ਹਾਂ ਸਚੇਤ ਹੈ।
ਇਹ ਮੁਲਾਕਾਤ ਉਸ ਸਮੇਂ ਹੋਈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਅਤੇ ਟੈਕਸ ਨੀਤੀਆਂ ਨੂੰ ਲੈ ਕੇ ਚਿੰਤਾਵਾਂ ਵੱਧ ਰਹੀਆਂ ਹਨ। ਬੈਂਕ ਆਫ਼ ਕੈਨੇਡਾ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਵਪਾਰਕ ਅਣਿਸ਼ਚਿਤਤਾ ਕਾਰਨ ਆਰਥਿਕ ਸਥਿਰਤਾ ਉੱਤੇ ਅਸਰ ਪੈ ਸਕਦਾ ਹੈ।
ਅੰਤਰਰਾਸ਼ਟਰੀ ਮੀਡੀਆ ਨੇ ਮਾਰਕ ਕਾਰਨੀ ਦੇ ਜਵਾਬ ਦੀ ਸਰਾਹਨਾ ਕੀਤੀ ਹੈ, ਜਿਸਨੂੰ ਕੈਨੇਡਾ ਦੇ ਅਪਣੇ ਪੱਠ ਤੇ ਡਟੇ ਰਹਿਣ ਦੀ ਨਿਸ਼ਾਨੀ ਵਜੋਂ ਵੇਖਿਆઠਜਾઠਰਿਹਾઠਹੈ।
ਇਹ ਮੁਲਾਕਾਤ ਲਗਭਗ ਦੋ ਘੰਟਿਆਂ ਤੱਕ ਚੱਲੀ, ਜਿਸ ਦੌਰਾਨ ਦੋਵੇਂ ਨੇਤਾਵਾਂ ਨੇ ਟੈਰਿਫ਼, ਵਪਾਰ, ਸੁਰੱਖਿਆ ਅਤੇ ਭਵਿੱਖ ਦੇ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਗੱਲਬਾਤ ਅੰਤਰਰਾਸ਼ਟਰੀ ਪੱਧਰ ‘ਤੇ ਦੋ ਵਡੇ ਸਾਥੀਆਂ ਵਿੱਚ ਵਿਸ਼ਵਾਸ ਅਤੇ ਸਾਂਝ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਵਜੋਂ ਵੇਖੀ ਜਾ ਰਹੀ ਹੈ।
ਮੁਲਾਕਾਤ ਦੌਰਾਨ ਦੋਵੇਂ ਨੇਤਾ ਆਪਣੇ-ਆਪਣੇ ਸੀਨੀਅਰ ਮੰਤਰੀਆਂ ਅਤੇ ਸਟਾਫ ਮੁਖੀਆਂ ਦੇ ਨਾਲ ਮੌਜੂਦ ਸਨ। ਮੁਲਾਕਾਤ ਦੀ ਸ਼ੁਰੂਆਤ ਓਵਲ ਆਫਿਸ ਵਿੱਚ ਕੈਮਰਿਆਂ ਸਾਹਮਣੇ ਅੱਧੇ ਘੰਟੇ ਦੀ ਸਰਵਜਨਕ ਗੱਲਬਾਤ ਨਾਲ ਹੋਈ। ਇਸ ਤੋਂ ਬਾਅਦ ਦੋਵੇਂ ਨੇਤਾਵਾਂ ਨੇ ਇਕ ਨਿੱਜੀ ਦੁਪਹਿਰ ਦੇ ਭੋਜਨ ਦੌਰਾਨ ਵਿਚਾਰ-ਵਟਾਂਦਰਾ ਜਾਰੀ ਰੱਖਿਆ।
ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ, “ਅਸੀਂ ਚੰਗੀ ਸ਼ੁਰੂਆਤ ਕੀਤੀ ਹੈ, ਪਰ ਅਜੇ ਵੀ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ।” ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੇ ਰਿਸ਼ਤੇ ਇੱਕ ਨਵੇਂ ਦੌਰ ਵਿਚ ਦਾਖਲ ਹੋ ਰਹੇ ਹਨ ਅਤੇ ਇਹ ਮੁਲਾਕਾਤ ਭਵਿੱਖ ਲਈ ਰਾਹ ਸਮਝਣ ਦੀ ਸ਼ੁਰੂਆਤ ਸੀ। ਟਰੰਪ ਨੇ ਵੀ ਮੁਲਾਕਾਤ ‘ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਾਰਨੀ ਦੀ ਆਗਵਾਈ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ, “ਕਾਰਨੀ ਇੱਕ ਹੁਸ਼ਿਆਰ, ਸਮਝਦਾਰ ਅਤੇ ਵਿਅਵਹਾਰਕ ਨੇਤਾ ਹਨ, ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ।”
ਕਾਰਨੀ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਕੈਨੇਡਾ ਦੇ ਸੂਬਾਈ ਮੁਖੀਆਂ ਨਾਲ ਫੋਨ ਰਾਹੀਂ ਇਸ ਮੁਲਾਕਾਤ ਬਾਰੇ ਜਾਣਕਾਰੀ ਸਾਂਝੀ ਕਰਨਗੇ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤਿਆਂ ਵਿੱਚ ਦੋਹਾਂ ਦੇ ਦਰਮਿਆਨ ਹੋਰ ਗੱਲਬਾਤਾਂ ਹੋਣਗੀਆਂ, ਜਿਸ ਵਿੱਚ ਜੂਨ ਮਹੀਨੇ ਵਿੱਚ ਅਲਬਰਟਾ ਵਿਖੇ ਹੋਣ ਵਾਲੇ ਜੀ-7 ਸੰਮੇਲਨ ਦੌਰਾਨ ਇਕ ਹੋਰ ਸਾਹਮਣੇ-ਸਾਹਮਣੇ ਮੁਲਾਕਾਤ ਵੀ ਸ਼ਾਮਲ ਹੋ ਸਕਦੀ ਹੈ।
ਕਾਰਨੀ ਨੇ ਜ਼ੋਰ ਦਿੱਤਾ ਕਿ “ਅਸੀਂ ਅਮਰੀਕਾ ਨਾਲ ਆਪਣੇ ਰਿਸ਼ਤਿਆਂ ਨੂੰ ਮੁੜ ਪਰਿਭਾਸ਼ਤ ਕਰਨ ਦੀ ਸ਼ੁਰੂਆਤ ਕਰ ਰਹੇ ਹਾਂ। ਪਰ ਇਹ ਕੇਵਲ ਸ਼ੁਰੂਆਤ ਹੈ। ਅਸਲ ਚੁਣੌਤੀਆਂ ਅਜੇ ਆਣੀਆਂ ਹਨ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨੂੰ ਇਹ ਗੱਲ ਨਿੱਜੀ ਅਤੇ ਜਨਤਕ ਤੌਰ ‘ਤੇ ਸਾਫ਼ ਕਰ ਦਿੱਤੀ ਹੈ ਕਿ ਕੈਨੇਡਾ ਅਮਰੀਕਾ ਦਾ ਭਰੋਸੇਯੋਗ ਸਾਥੀ ਤਾਂ ਹੈ ਪਰ ਕਦੇ ਵੀ ਅਮਰੀਕੀ ਹੋਣ ਦੀ ਇੱਛਾ ਨਹੀਂ ਰੱਖਦਾ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਕੈਨੇਡਾ ਦੀ ਸੰਪ੍ਰਭੂਤਾ, ਆਰਥਿਕਤਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਸਭ ਤੋਂ ਉਪਰਲੇ ਥਾਂ ‘ਤੇ ਰੱਖਣਗੇ। “ਅਸੀਂ ਆਪਣੇ ਨਾਗਰਿਕਾਂ ਦੀ ਭਲਾਈ ਲਈ ਨੀਤੀਆਂ ਬਣਾਵਾਂਗੇ। ਕੈਨੇਡਾ ਆਪਣੀ ਪਹਿਚਾਣ ਅਤੇ ਹਿੱਤਾਂ ਦੀ ਰਾਖੀ ਕਰੇਗਾ,” ਉਨ੍ਹਾਂ ਕਿਹਾ।
ਦੂਜੇ ਪਾਸੇ, ਵਿਦਵਾਨ ਅਤੇ ਨੀਤੀ-ਵਿਸ਼ਲੇਸ਼ਕ ਵੀ ਇਸ ਮੁਲਾਕਾਤ ਨੂੰ ਅਹੰਕਾਰਹੀਨ ਸੰਕੇਤ ਵਜੋਂ ਵੇਖ ਰਹੇ ਹਨ। ਕਾਰਲਟਨ ਯੂਨੀਵਰਸਿਟੀ ਦੇ ਵਿਖਿਆਤ ਪ੍ਰੋਫੈਸਰ ਫੇਨ ਹੈਮਪਸਨ ਨੇ ਕਿਹਾ ਕਿ ਕਾਰਨੀ ਨੂੰ ਦੋ ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ: ਪਹਿਲੀ, 2026 ਵਿੱਚ ਹੋਣ ਵਾਲੀ ਯੂਐਸਐਮਸੀਏ (ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤਾ) ਦੀ ਸਮੀਖਿਆ, ਜਿਸਨੂੰ ਟਰੰਪ ਜਲਦੀ ਖੋਲ੍ਹਣਾ ਚਾਹੁੰਦੇ ਹਨ। ਦੂਜੀ, ਅਮਰੀਕਾ ਵੱਲੋਂ ਲਾਏ ਟੈਰਿਫ ਨੂੰ ਤੁਰੰਤ ਹਟਵਾਉਣ ਦੀ ਮੰਗ।
ਹੈਮਪਸਨ ਦਾ ਮੰਨਣਾ ਹੈ ਕਿ ਟਰੰਪ ਦੀ ਵਪਾਰਕ ਨੀਤੀ ਅਕਸਰ ਅਣਅੰਦੇਖੀ ਜਾਂ ਅਚਾਨਕ ਹੋ ਸਕਦੀ ਹੈ, ਪਰ ਇਹ ਵੀ ਯਕੀਨੀ ਹੈ ਕਿ ਟਰੰਪ ਟੈਰਿਫ ਘਟਾਉਣ ਲਈ ਰਾਜੀ ਹੋ ਸਕਦੇ ਹਨ ਜੇ ਉਹਨੂੰ ਅਮਰੀਕੀ ਆਰਥਿਕਤਾ ‘ਤੇ ਨਕਾਰਾਤਮਕ ਪ੍ਰਭਾਵ ਦਿਖਾਈ ਦੇਣ। “ਇਹ ਮੌਕਾ ਕੈਨੇਡਾ ਲਈ ਲਾਭਕਾਰੀ ਹੋ ਸਕਦਾ ਹੈ,” ਹੈਮਪਸਨ ਨੇ ਕਿਹਾ। ਕੁਝ ਵਿਸ਼ਲੇਸ਼ਕਾਂ ਦੇ ਅਨੁਸਾਰ, ਇਹ ਮੁਲਾਕਾਤ ਸਿਰਫ਼ ਰਿਸ਼ਤਿਆਂ ਦੀ ਨਵੀਨਤਾ ਲਈ ਨਹੀਂ ਸੀ, ਸਗੋਂ ਇਹ ਦਰਸਾਉਂਦੀ ਹੈ ਕਿ ਭਵਿੱਖ ਵਿੱਚ ਦੋਨੋਂ ਦੇ ਦਰਮਿਆਨ ਨੀਤੀ ਪੱਧਰ ‘ਤੇ ਗੰਭੀਰ ਗੱਲਬਾਤਾਂ ਹੋਣਗੀਆਂ। ਅੰਤਰਰਾਸ਼ਟਰੀ ਸਥਿਤੀ, ਚੀਨ ਨਾਲ ਵਪਾਰਕ ਖਿਚਤਾਨ ਅਤੇ ਨਾਟੋ ਦੀ ਭੂਮਿਕਾ ਵਰਗੇ ਮੁੱਦੇ ਵੀ ਆਉਣ ਵਾਲੀਆਂ ਮੁਲਾਕਾਤਾਂ ਵਿੱਚ ਮੱਤਵਪੂਰਨ ਹੋਣਗੇ। ਇਸ ਮੁਲਾਕਾਤ ਨੇ ਇਹ ਦਰਸਾ ਦਿੱਤਾ ਕਿ ਭਾਵੇਂ ਵਿਅਕਤੀਕਤ ਪਸੰਦ-ਅਣਪਸੰਦ ਹੋਣ, ਪਰ ਰਾਸ਼ਟਰਾਂ ਦੇ ਹਿੱਤ ਹਮੇਸ਼ਾਂ ਗੰਭੀਰਤਾ ਅਤੇ ਸਾਂਝੀ ਰਣਨੀਤੀ ਦੀ ਮੰਗ ਕਰਦੇ ਹਨ। ਕਾਰਨੀ ਅਤੇ ਟਰੰਪ ਦੀ ਇਹ ਸ਼ੁਰੂਆਤੀ ਗੱਲਬਾਤ ਇਹ ਸੰਕੇਤ ਦਿੰਦੀ ਹੈ ਕਿ ਕੈਨੇਡਾ ਅਤੇ ਅਮਰੀਕਾ ਭਵਿੱਖ ਵਿੱਚ ਸਹਿਯੋਗ ਅਤੇ ਪਰਸਪਰ ਇੱਜ਼ਤ ਦੇ ਆਧਾਰ ‘ਤੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤਤਪਰ ਹਨ। This report was written by Ekjot Singh as part of the Local Journalism Initiative.