Saturday, May 17, 2025
11.8 C
Vancouver

ਵਿੰਡਸਰ ‘ਚ 77 ਵੋਟਾਂ ਨਾਲ ਹਾਰਨ ਵਾਲੇ ਲਿਬਰਲ ਉਮੀਦਵਾਰ ਨੇ ਵੋਟਾਂ ਦੀ ਮੁੜ ਗਿਣਤੀ ਦੀ ਕੀਤੀ ਮੰਗ

ਇਰੈਕ ਕਜ਼ਮੀਅਰਚਕ ਨੇ ਅਦਾਲਤ ‘ਚ ਦਿੱਤੀ ਅਰਜ਼ੀ, ਨਤੀਜੇ ‘ਤੇ ਸਵਾਲ
ਵਿੰਡਸਰ, (ਏਕਜੋਤ ਸਿੰਘ): ਹਾਲ ਹੀ ਵਿਚ ਹੋਈਆਂ 2025 ਦੀਆਂ ਫੈਡਰਲ ਚੋਣਾਂ ਦੌਰਾਨ ਵਿੰਡਸਰ-ਟੇਕਮਸੇਹ-ਲੇਕਸ਼ੋਰ ਰਾਈਡਿੰਗ ਤੋਂ ਸਿਰਫ਼ 77 ਵੋਟਾਂ ਦੇ ਫਰਕ ਨਾਲ ਹਾਰਨ ਵਾਲੇ ਲਿਬਰਲ ਉਮੀਦਵਾਰ ਇਰੈਕ ਕਜ਼ਮੀਅਰਚਕ ਨੇ ਵੋਟਾਂ ਦੀ ਨਿਆਇਕ ਮੁੜ ਗਿਣਤੀ ਦੀ ਮੰਗ ਲਈ ਅਦਾਲਤ ‘ਚ ਅਰਜ਼ੀ ਦਿੱਤੀ ਹੈ। ਇਰੈਕ ਨੇ ਅੱਜ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਉਨ੍ਹਾਂ ਦੀ ਹਾਰ ਅਤੇ ਕੰਜ਼ਰਵੇਟਿਵ ਉਮੀਦਵਾਰ ਦੀ ਜਿੱਤ ਵਿਚਕਾਰ ਜੋ ਫ਼ਰਕ ਹੈ, ਉਹ ਇਲੈਕਸ਼ਨਜ਼ ਕੈਨੇਡਾ ਵੱਲੋਂ ਆਟੋਮੈਟਿਕ ਰੀਕਾਊਂਟ ਸ਼ੁਰੂ ਕਰਨ ਦੇ ਨਿਰਧਾਰਿਤ ਮਿਆਰ ਤੋਂ ਸਿਰਫ਼ 7 ਵੋਟਾਂ ਘੱਟ ਹੈ। ਉਨ੍ਹਾਂ ਨੇ ਲਿਖਿਆ, ”ਇਤਿਹਾਸਕ ਤੌਰ ‘ਤੇ, ਇਲੈਕਸ਼ਨ ਗਿਣਤੀਆਂ ਵਿਚ ਗਲਤੀਆਂ ਆਮ ਹਨ। ਅਸੀਂ ਪਹਿਲਾਂ ਹੀ ਚੋਣਾਂ ਵਾਲੀ ਰਾਤ ਨੂੰ ਪੋਲਿੰਗ ਸਟੇਸ਼ਨਾਂ ਵੱਲੋਂ ਭੇਜੀਆਂ ਰਿਪੋਰਟਾਂ ਵਿੱਚ ਚਾਰ ਗਲਤੀਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਦੀ ਸੋਧ ਤੋਂ ਬਾਅਦ ਮੇਰੀ ਹਾਰ ਦਾ ਅੰਤਰ 233 ਤੋਂ ਘਟ ਕੇ 77 ਵੋਟਾਂ ਰਹਿ ਗਿਆ।”
ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਅੰਤਿਮ ਅੰਕੜਿਆਂ ਅਨੁਸਾਰ, ਕੰਜ਼ਰਵੇਟਿਵ ਉਮੀਦਵਾਰ ਕੈਥੀ ਬੋਰੇਲੀ ਨੇ 32,062 ਵੋਟਾਂ ਨਾਲ ਜਿੱਤ ਹਾਸਿਲ ਕੀਤੀ, ਜੋ ਕਿ 45.8% ਵੋਟ ਸ਼ੇਅਰ ਬਣਦਾ ਹੈ। ਦੂਜੇ ਪਾਸੇ, ਇਰੈਕ ਕਜ਼ਮੀਅਰਚਕ ਨੇ 31,985 ਵੋਟਾਂ ਹਾਸਿਲ ਕੀਤੀਆਂ, ਜੋ ਕਿ 45.7% ਦੇ ਬਰਾਬਰ ਹਨ।
ਇਹ ਹਾਰ ਉਨ੍ਹਾਂ ਲਈ ਨਿਰਾਸ਼ਾਜਨਕ ਹੈ, ਕਿਉਂਕਿ ਇਰੈਕ 2019 ਅਤੇ 2021 ਦੀਆਂ ਪਿਛਲੀਆਂ ਦੋ ਚੋਣਾਂ ਵਿਚ ਇਹ ਸੀਟ ਜਿੱਤ ਚੁੱਕੇ ਹਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਇਸ ਵਾਰੀ ਦਾ ਨਤੀਜਾ ਉਨ੍ਹਾਂ ਦੇ ਚੋਣੀ ਇਤਿਹਾਸ ਤੋਂ ਸਪੱਸ਼ਟ ਤੌਰ ‘ਤੇ ਵੱਖਰਾ ਹੈ ਅਤੇ ਨਿਆਇਕ ਰੀਕਾਊਂਟ ਜ਼ਰੂਰੀ ਹੈ।
ਇਰੈਕ ਨੇ ਆਪਣੀ ਅਰਜ਼ੀ ਵਿਚ ਕਿਹਾ ਕਿ ਵੋਟਾਂ ਦੀ ਮੁੜ ਗਿਣਤੀ ਨਾਲ ਸਚਾਈ ਸਾਹਮਣੇ ਆ ਸਕਦੀ ਹੈ ਅਤੇ ਚੋਣੀ ਨਤੀਜੇ ‘ਤੇ ਲੋਕਾਂ ਦਾ ਭਰੋਸਾ ਬਣਿਆ ਰਹੇਗਾ। ਹੁਣ ਇਹ ਅਦਾਲਤ ‘ਤੇ ਨਿਰਭਰ ਕਰੇਗਾ ਕਿ ਕੀ ਉਹ ਰੀਕਾਊਂਟ ਦੀ ਮਨਜ਼ੂਰੀ ਦਿੰਦੀ ਹੈ ਜਾਂ ਨਹੀਂ।
ਕੈਨੇਡਾ ਦੇ ਚੋਣ ਕਾਨੂੰਨਾਂ ਅਨੁਸਾਰ, ਜੇਕਰ ਵੋਟਾਂ ਦਾ ਫਰਕ ਆਟੋਮੈਟਿਕ ਰੀਕਾਊਂਟ ਦੀ ਸੀਮਾ ਤੋਂ ਥੋੜ੍ਹਾ ਜਿਹਾ ਵੱਧ ਹੋਵੇ, ਤਾਂ ਉਮੀਦਵਾਰ ਹਾਈਕੋਰਟ ਵਿਚ ਪਟੀਸ਼ਨ ਰਾਹੀਂ ਨਿਆਇਕ ਰੀਕਾਊਂਟ ਦੀ ਮੰਗ ਕਰ ਸਕਦੇ ਹਨ।
ਇਸ ਨਤੀਜੇ ਨੇ ਨੈਸ਼ਨਲ ਪੱਧਰ ‘ਤੇ ਵੀ ਧਿਆਨ ਖਿੱਚਿਆ ਹੈ, ਕਿਉਂਕਿ ਵਿੰਡਸਰ-ਟੇਕਮਸੇਹ-ਲੇਕਸ਼ੋਰ ਇੱਕ ਐਸੀ ਰਾਈਡਿੰਗ ਹੈ ਜਿੱਥੇ ਹਮੇਸ਼ਾਂ ਵੋਟਰਾਂ ਵਿਚ ਹਲਚਲ ਰਹੀ ਹੈ। ਇਹ ਨਤੀਜਾ ਟਰੂਡੋ ਦੀ ਲਿਬਰਲ ਪਾਰਟੀ ਲਈ ਇੱਕ ਝਟਕੇ ਵਜੋਂ ਵੇਖਿਆ ਜਾ ਰਿਹਾ ਹੈ। This report was written by Ekjot Singh as part of the Local Journalism Initiative.