ਸਰੀ (ਏਕਜੋਤ ਸਿੰਘ): ਫੈਡਰਲ ਚੋਣਾਂ ਵਿੱਚ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਲਈ ਇੱਕ ਵੱਡਾ ਝਟਕਾ ਤਦ ਆਇਆ ਜਦੋਂ ਪਾਰਟੀ ਦੇ ਆਗੂ ਪੀਅਰ ਪੋਲੀਵੀਅਰ ਨੂੰ ਆਪਣੀ ਹੀ ਰਵਾਇਤੀ ਸੀਟ ਕਾਰਲਟਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਲਿਬਰਲ ਉਮੀਦਵਾਰ ਬਰੂਸ ਫੈਨਜੋਏ ਨੇ 4,315 ਵੋਟਾਂ ਦੇ ਫਰਕ ਨਾਲ ਹਰਾਇਆ। ਇਹ ਨਤੀਜਾ ਪੋਲੀਵੀਅਰ ਲਈ ਨਿਰਾਸ਼ਾਜਨਕ ਹੈ ਕਿਉਂਕਿ ਉਹ 2004 ਤੋਂ ਲਗਾਤਾਰ ਇਹ ਸੀਟ ਜਿੱਤਦੇ ਆ ਰਹੇ ਸਨ।
2022 ਵਿੱਚ ਪਾਰਟੀ ਦੀ ਲੀਡਰਸ਼ਿਪ ਜਿੱਤਣ ਤੋਂ ਬਾਅਦ, ਪੋਲੀਵੀਅਰ ਨੇ ਮੁਲਕ ਪੱਧਰ ‘ਤੇ ਆਪਣੀ ਸਖ਼ਤ ਰਾਜਨੀਤਕ ਭੂਮਿਕਾ ਅਤੇ ਚੋਣੀ ਮੁਹਿੰਮ ਰਾਹੀਂ ਲੋਕਾਂ ਵਿੱਚ ਚਰਚਾ ਬਣਾਈ। ਚੋਣ ਪਿਛਲੇ ਮਹੀਨਿਆਂ ਦੌਰਾਨ ਹੋਈਆਂ ਸਰਵੇਖਣਾਂ ਵਿੱਚ ਉਹ ਬਹੁਤ ਅੱਗੇ ਦਿਖਾਈ ਦੇ ਰਹੇ ਸਨ। ਪਰ ਚੋਣ ਨਤੀਜਿਆਂ ਨੇ ਇਹ ਦਰਸਾਇਆ ਕਿ ਲੋਕ ਪੂਰੀ ਤਰ੍ਹਾਂ ਕੰਜ਼ਰਵੇਟਿਵ ਪਲੇਟਫਾਰਮ ਨਾਲ ਨਹੀਂ ਜੁੜੇ। ਕਾਰਲਟਨ ਰਾਈਡਿੰਗ ਵਿੱਚ 43,394 ਐਡਵਾਂਸ ਵੋਟਾਂ ਪਈਆਂ ਜੋ ਦੇਸ਼ ਵਿੱਚ ਕਿਸੇ ਵੀ ਰਾਈਡਿੰਗ ਦੀ ਸਭ ਤੋਂ ਵੱਧ ਗਿਣਤੀ ਸੀ। ਇਨ੍ਹਾਂ ਵੋਟਾਂ ਨੇ ਚੋਣ ਨਤੀਜਿਆਂ ‘ਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਰਾਈਡਿੰਗ ਵਿੱਚ 91 ਉਮੀਦਵਾਰ ਚੋਣੀ ਦੌੜ ਵਿੱਚ ਸਨ, ਜਿਸ ਵਿੱਚੋਂ 85 ਸੁਤੰਤਰ ਉਮੀਦਵਾਰ ਸਨ। ਇਹ ਉਮੀਦਵਾਰ ਲੌਂਗੈਸਟ ਬੈਲਟ ਕਮੇਟੀ ਨਾਲ ਸੰਬੰਧਿਤ ਸਨ, ਜੋ ਕਿ ਚੋਣ ਸੁਧਾਰ ਦੀ ਮੰਗ ਕਰ ਰਹੀ ਸੀ। ਇਨ੍ਹਾਂ ਦੀ ਭੂਮਿਕਾ ਕਾਰਲਟਨ ਦੀ ਚੋਣ ਗਿਣਤੀ ਨੂੰ ਉਥਲ-ਪੁਥਲ ਕਰਨ ਵਾਲੀ ਸਾਬਤ ਹੋਈ।
ਬਰੂਸ ਫੈਨਜੋਏ, ਜੋ ਕਿ ਇੱਕ ਪਹਿਲੀ ਵਾਰ ਦੇ ਉਮੀਦਵਾਰ ਸਨ, ਨੇ ਪਿਛਲੇ ਦੋ ਸਾਲਾਂ ਤੋਂ ਕਾਰਲਟਨ ਵਿੱਚ ਜਮੀਨੀ ਪੱਧਰ ‘ਤੇ ਮਿਹਨਤ ਕੀਤੀ। ਉਨ੍ਹਾਂ ਨੇ ਲਗਭਗ 15,000 ਘਰਾਂ ਦੇ ਦਰਵਾਜ਼ੇ ਖੜਕਾਏ, ਸਥਾਨਕ ਮੁੱਦਿਆਂ, ਜਿਵੇਂ ਕਿ ਘਰਾਂ ਦੀਆਂ ਕੀਮਤਾਂ, ਜੀਵਨ ਖਰਚ ਅਤੇ ਟ੍ਰਾਂਜ਼ਿਟ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੀ ਰਣਨੀਤੀ ਸਿੱਧੀ ਅਤੇ ਜਨ-ਧਿਆਨ ਵਾਲੀ ਸੀ, ਜਿਸ ਨੇ ਉਨ੍ਹਾਂ ਨੂੰ ਚੋਣੀ ਜਿੱਤ ਵੱਲ ਲਿਜਾਇਆ।
ਪੀਅਰ ਪੋਲੀਵੀਅਰ ਦੀ ਹਾਰ ਨਾਲ ਹੁਣ ਉਨ੍ਹਾਂ ਦੀ ਲੀਡਰਸ਼ਿਪ ‘ਤੇ ਵੱਡੇ ਸਵਾਲ ਉੱਠਣ ਲਾਗ ਪਏ ਹਨ। ਕਈ ਪਾਰਟੀ ਅੰਦਰਲੇ ਆਵਾਜ਼ਾਂ ਮੁਤਾਬਕ, ਜਦੋਂ ਇੱਕ ਨੇਤਾ ਆਪਣੀ ਹੀ ਸੀਟ ਨਹੀਂ ਬਚਾ ਸਕਦਾ, ਤਾਂ ਉਸ ਦੀ ਸੰਭਾਵਨਾਵਾਂ ਨੂੰ ਝਟਕਾ ਲੱਗਦਾ ਹੈ। ਸੰਵਿਧਾਨਕ ਵਕੀਲ ਲਾਈਲ ਸਕਿਨਰ ਨੇ ਕਿਹਾ ਕਿ, ”ਵਿਰੋਧੀ ਧਿਰ ਦੇ ਨੇਤਾ ਲਈ ਸੰਸਦ ਵਿੱਚ ਸੀਟ ਹੋਣੀ ਲਾਜ਼ਮੀ ਹੈ।” ਇਸ ਦਾ ਮਤਲਬ ਇਹ ਹੈ ਕਿ ਪੋਲੀਵੀਅਰ ਹੁਣ ਹਾਊਸ ਆਫ਼ ਕਾਮਨਜ਼ ਦਾ ਹਿੱਸਾ ਨਹੀਂ ਰਹੇ।
ਹਾਲਾਂਕਿ ਪੋਲੀਵੀਅਰ ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਦੀ ਅਗਵਾਈ ਜਾਰੀ ਰੱਖਣਗੇ, ਪਰ ਸਿਆਸੀ ਤੌਰ ‘ਤੇ ਇਹ ਦਬਾਅ ਵਿੱਚ ਫੈਸਲਾ ਹੋ ਸਕਦਾ ਹੈ। ਪਾਰਟੀ ਦੇ ਅੰਦਰ ੇਵਿਚਾਰ ਚੱਲ ਰਹੇ ਹਨ ਕਿ ਕੀ ਉਹ ਕਿਸੇ ਹੋਰ ਰਾਈਡਿੰਗ ਤੋਂ ਦੁਬਾਰਾ ਚੋਣ ਲੜਣ ਦੀ ਕੋਸ਼ਿਸ਼ ਕਰਨਗੇ ਜਾਂ ਪਾਰਟੀ ਇੱਕ ਨਵੇਂ ਨੇਤਾ ਵੱਲ ਵਧੇਗੀ।
ਕੰਜ਼ਰਵੇਟਿਵ ਆਗੂ ਪੀਅਰ ਪੋਲੀਵੀਅਰ 20 ਸਾਲਾਂ ਬਾਅਦ ਆਪਣੀ ਸੀਟ ਹਾਰੇ, ਲਿਬਰਲ ਉਮੀਦਵਾਰ ਬਰੂਸ ਫੈਨਜੋਏ ਨੇ ਮਾਰੀ ਬਾਜ਼ੀ
