Saturday, May 17, 2025
10.5 C
Vancouver

ਸਿੰਘਾਸਨ

ਬਣਿਆ ਕੇਹੀ ਸ਼ੈਅ ਸਿੰਘਾਸਨ।
ਬੇ-ਤਾਲਾ, ਬੇ-ਲੈਅ ਸਿੰਘਾਸਨ।

ਰਾਜੇ ਨੂੰ ਹੈ ਵਹਿਮ ਕਿ ਉਹ ਤਾਂ,
ਲੈ ਬੈਠਾ ਹੈ ਬੈਅ ਸਿੰਘਾਸਨ।

ਪਰਜਾ ਨੂੰ ਵੀ ਦੱਸ ਰਿਹਾ ਹੈ,
ਉਸਦੇ ਲੇਖੀਂ ਤੈਅ ਸਿੰਘਾਸਨ।

ਸਾਰਾ ਕੁਝ ਉਹ ਭੁੱਲ ਗਿਆ ਹੈ,
ਚੇਤੇ ਹੈ ਬਸ ਜੈ ਸਿੰਘਾਸਨ।

ਟੁੱਕੜਬੋਚਾਂ ਤੋਂ ਅਖਵਾਵੇ,
ਸਿਰਫ਼ ਉਸੇ ਦਾ ਹੈ ਸਿੰਘਾਸਨ।

ਰਾਜਾ ਜਦ ਹੰਕਾਰੀ ਬਣਦਾ,
ਪੁੱਠਾ ਜਾਂਦਾ ਪੈ ਸਿੰਘਾਸਨ।

ਕਰ ਦਿੰਦਾ ਹੈ ਚਲਦਾ ਸਭ ਨੂੰ,
ਖਾਂਦਾ ਨਾਹੀਂ ਭੈਅ ਸਿੰਘਾਸਨ।

ਕਿਹੜੇ ਬਾਗਾਂ ਦੀ ਤੂੰ ਮੂਲ਼ੀ,
ਦੱਸ ‘ਸਿਮਰ’ ਪੁੱਛਦੈ ਸਿੰਘਾਸਨ।
ਲਿਖਤ : ਸਿਮਰਜੀਤ ਕੌਰ ਗਰੇਵਾਲ