Friday, November 22, 2024
7.2 C
Vancouver

ਸਿਨਸਿਨੈਟੀ ਦੇ ਸਿੱਖ ਭਾਈਚਾਰੇ ਨੇ ਇੰਟਰਫੇਥ ਸਮਾਗਮ ‘ਚ ਕੀਤੀ ਸ਼ਮੂਲੀਅਤ, ਸਿੱਖ ਧਰਮ ‘ਚ ਸੇਵਾ ਅਤੇ ਲੰਗਰ ਦੀ ਮਹੱਤਤਾ ਸੰਬੰਧੀ ਸਾਂਝੀ ਕੀਤੀ ਜਾਣਕਾਰੀ

ਸਿਨਸਿਨੈਟੀ, (ਸਮੀਪ ਸਿੰਘ ਗੁਮਟਾਲਾ): ਗੁਰੂ ਨਾਨਕ ਸੋਸਾਇਟੀ ਆਫ਼ ਗ੍ਰੇਟਰ ਸਿਨਸਿਨੈਟੀ ਅਤੇ ਡੇਟਨ ਤੋਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਹਾਲ ਹੀ ਵਿੱਚ ਸਿਨਸਿਨੈਟੀ, ਓਹਾਇਓ ਵਿੱਚ “ਦ ਐਪੀਸਕੋਪਲ ਚਰਚ ਆਫ਼ ਦਿ ਰੀਡੀਮਰ” ਵਿਖੇ ਆਯੋਜਿਤ “ਇੰਟਰਫੇਥ ਕੰਨਵਰਸੇਸ਼ਨ ਐਂਡ ਕੁਜ਼ੀਨ” ਸਮਾਗਮ ਵਿੱਚ ਹਿੱਸਾ ਲਿਆ। ਇਸ ਇਕੱਠ ਦਾ ਮੰਤਵ ਵੱਖ-ਵੱਖ ਧਾਰਮਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਖਾਣੇ ‘ਤੇ ਇਕੱਠੇ ਕਰਕੇ ਆਪਸ ‘ਚ ਆਪਣੇ ਧਰਮ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ। ਇਸ ਸਮਾਗਮ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਜਿਉਜ਼ ਕਮਿਊਨਿਟੀ ਕੌਂਸਲ, ਹਿੰਦੂ ਟੈੰਪਲ ਆਫ ਗ੍ਰੇਟਰ ਸਿਨਸਿਨੈਟੀ, ਇਸਲਾਮੀਕ ਸੈੰਟਰ ਆਫ ਗ੍ਰੇਟਰ ਸਿਨਸਿਨਾਟੀ, ਬਹਾਈ ਅਤੇ ਹੋਰ ਧਰਮਾਂ ਦੇ ਮੈਂਬਰ ਸ਼ਾਮਲ ਸਨ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਕਮਿਊਨਿਟੀ ਕਾਰਕੁਨ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸਿੱਖ ਧਰਮ ਦੇ ਮੂਲ ਸਿਧਾਂਤਾਂ ਜਿਵੇਂ ਕਿ ਸੇਵਾ, ਕਿਰਤ ਕਰੋ, ਨਾਮ ਜਪੋ ਦੀ ਮਹੱਤਤਾ ਬਾਰੇ ਦੱਸਿਆ। ਗੁਮਟਾਲਾ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਮੈਂਬਰਾਂ ਨੂੰ ਖਾਣੇ ਦੇ ਟੇਬਲਾਂ ‘ਤੇ ਇਕੱਠੇ ਬਿਠਾਇਆ ਗਿਆ ਸੀ ਤਾਂ ਜੌ ਉਹ ਇੱਕ-ਦੂਜੇ ਨਾਲ ਆਪਣੇ ਧਰਮ ਅਤੇ ਸਭਿਆਚਾਰ ਬਾਰੇ ਜਾਣਕਾਰੀ ਸਾਂਝੀ ਕਰ ਸਕਣ। ਉਹਨਾਂ ਕਿਹਾ, “ਇਹ ਦੇਖਣਾ ਬਹੁਤ ਉਤਸ਼ਾਹਜਨਕ ਹੈ ਕਿ ਹਰ ਉਮਰ ਦੇ ਲੋਕ ਇਸ ਸਮਾਗਮ ਦਾ ਹਿੱਸਾ ਹਨ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚਕਾਰ ਏਕਤਾ ਬਣਾਉਣ ਅਤੇ ਕਾਇਮ ਰੱਖਣ ਲਈ ਅਜਿਹੇ ਸਮਾਗਮ ਬਹੁਤ ਮਹੱਤਤਾ ਰੱਖਦੇ ਹਨ।

ਹਾਈ ਸਕੂਲ ਅਤੇ ਕਾਲਜ ‘ਚ ਪੜ੍ਹ ਰਹੇ ਸਿੱਖ ਨੌਜਵਾਨ ਕੀਰਤ ਸਿੰਘ, ਜਪਨੀਤ ਸਿੰਘ, ਮਾਨਿਤ ਸਿੰਘ, ਅਤੇ ਮਿਹਰ ਕੌਰ ਨੇ ਵੀ ਹੋਰ ਧਰਮਾਂ ਦੇ ਮੈਂਬਰਾਂ ਨਾਲ ਸਰਗਰਮੀ ਨਾਲ ਸ਼ਮੂਲੀਅਤ ਕੀਤੀ। 10ਵੀਂ ਜਮਾਤ ਦੀ ਵਿਦਿਆਰਥਣ ਮਿਹਰ ਕੌਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਖਾਣੇ ਦੇ ਟੇਬਲ ‘ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ‘ਚ ਸੇਵਾ ਅਤੇ ਲੰਗਰ ਦੀ ਮਹੱਤਤਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਮੌਕੇ ‘ਤੇ ਬੋਲਦਿਆਂ ਅਸੀਸ ਕੌਰ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਦੇ ਧਰਪ ਤੇ ਹੋਰ ਪਰੰਪਰਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਦਿੱਤਾ।

ਸਿੱਖ ਭਾਈਚਾਰੇ ਦੇ ਮੈਂਬਰਾਂ ਵਿੱਚ ਡਾ: ਚਰਨਜੀਤ ਸਿੰਘ ਗੁਮਟਾਲਾ, ਅਵਤਾਰ ਸਿੰਘ ਸਪਰਿੰਗਫੀਲਡ, ਹਰਵਿੰਦਰ ਸਿੰਘ ਅਤੇ ਰਸਪ੍ਰੀਤ ਕੌਰ ਵੀ ਸ਼ਾਮਲ ਸਨ। ਇਹਨਾਂ ਸਾਰੇ ਮਹਿਮਾਨਾਂ ਨੇ ਚਰਚ ਵੀ ਦੇਖਿਆ ਜਿੱਥੇ ਉਹਨਾਂ ਨੂੰ ਰੇਵ. ਮੈਲਾਨੀ ਸਲੇਨ ਨੇ ਸਿਨਸਿਨੈਟੀ ਸਥਿਤ ਇਸ ਚਰਚ ਦੇ ਇਤਿਹਾਸ, ਹਫਤਾਵਾਰੀ ਪ੍ਰੋਗਰਾਮਾਂ ‘ਚ ਬਾਈਬਲ ਤੋਂ ਦਿੱਤੇ ਜਾਂਦੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ।

ਗਿਆਨ ਭਰਪੂਰ ਵਿਚਾਰ-ਵਟਾਂਦਰੇ ਤੋਂ ਇਲਾਵਾ, ਮੈਂਬਰਾਂ ਨੇ ਉੱਥੇ ਮੌਜੂਦ ਵਿਭਿੰਨ ਸਭਿਆਚਾਰਾਂ ਦੀ ਨੁਮਾਇੰਦਗੀ ਕਰਦੇ ਹੋਏ  ਕਈ ਮੁਲਕਾਂ ਦੇ ਕਈ ਤਰ੍ਹਾਂ ਦੇ ਪਕਵਾਨਾਂ ਦਾ ਆਨੰਦ ਮਾਣਿਆ।