ਸਰੀ : ਕੈਨੇਡਾ ਦੇ ਹਰ ਕੋਨੇ ਵਿੱਚ ਸਿੱਖ ਹੈਰੀਟੇਜ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ। ਇਹ ਮਹੀਨਾ ਹਰ ਸਾਲ ਅਪ੍ਰੈਲ ਵਿੱਚ ਮਨਾਇਆ ਜਾਂਦਾ ਹੈ, ਜਿਸ ਵਿੱਚ ਸਿੱਖ ਭਾਈਚਾਰੇ ਦੀ ਅਮੀਰ ਵਿਰਾਸਤ, ਇਤਿਹਾਸ ਅਤੇ ਕੈਨੇਡਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮਹੀਨੇ ਦੌਰਾਨ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਸ਼ੇਸ਼ ਸਮਾਗਮ, ਨਗਰ ਕੀਰਤਨ, ਪ੍ਰਦਰਸ਼ਨੀਆਂ, ਅਤੇ ਭਾਈਚਾਰਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।
ਸਿੱਖ ਹੈਰੀਟੇਜ ਮਹੀਨੇ ਦਾ ਇਤਿਹਾਸ
ਕੈਨੇਡਾ ਵਿੱਚ 7 ਲੱਖ ਤੋਂ ਵੱਧ ਸਿੱਖ ਵੱਸਦੇ ਹਨ, ਜੋ ਭਾਰਤ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਿੱਖ ਆਬਾਦੀ ਹੈ। ਇਸ ਮਹੀਨੇ ਦੀ ਸ਼ੁਰੂਆਤ 2013 ਵਿੱਚ ਓਂਟਾਰੀਓ ਸੂਬੇ ਵਿੱਚ ਹੋਈ ਸੀ, ਜਦੋਂ ਐਨਡੀਪੀ ਆਗੂ ਜਗਮੀਤ ਸਿੰਘ, ਜੋ ਉਸ ਸਮੇਂ ਓਂਟਾਰੀਓ ਦੇ ਐਮਪੀਪੀ ਸਨ, ਨੇ ਇੱਕ ਮਤਾ ਪੇਸ਼ ਕੀਤਾ। ਇਸ ਨਾਲ ਓਂਟਾਰੀਓ ਸਿੱਖ ਹੈਰੀਟੇਜ ਮਹੀਨਾ ਮਨਾਉਣ ਵਾਲਾ ਪਹਿਲਾ ਸੂਬਾ ਬਣਿਆ। 2018 ਵਿੱਚ, ਸਰੀ ਤੋਂ ਪੰਜਾਬੀ ਮੂਲ ਦੇ ਲਿਬਰਲ ਐਮਪੀ ਸੁੱਖ ਧਾਲੀਵਾਲ ਨੇ ਹਾਊਸ ਆਫ਼ ਕਾਮਨਜ਼ ਵਿੱਚ ਬਿੱਲ ਛ-376 ਪੇਸ਼ ਕੀਤਾ, ਜੋ 30 ਅਪ੍ਰੈਲ, 2019 ਨੂੰ ਕਾਨੂੰਨ ਬਣਿਆ। ਇਸ ਕਾਨੂੰਨ ਰਾਹੀਂ, ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਜਿਸ ਨੇ ਸਿੱਖ ਹੈਰੀਟੇਜ ਮਹੀਨੇ ਨੂੰ ਰਾਸ਼ਟਰੀ ਮਾਨਤਾ ਦਿੱਤੀ। 2025 ਵਿੱਚ, ਇਹ ਮਹੀਨਾ ਆਪਣੀ ਛੇਵੀਂ ਵਰ੍ਹੇਗੰਢ ਮਨਾ ਰਿਹਾ ਹੈ।
ਅਪ੍ਰੈਲ ਮਹੀਨੇ ਦੀ ਮਹੱਤਤਾ
ਅਪ੍ਰੈਲ ਮਹੀਨਾ ਸਿੱਖ ਭਾਈਚਾਰੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। 13 ਅਪ੍ਰੈਲ, 1699 ਨੂੰ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਵਿਸਾਖੀ ਦੇ ਇਹ ਪਵਿੱਤਰ ਤਿਉਹਾਰ ਦੀ ਯਾਦ ਵਿੱਚ, ਹਰ ਸਾਲ ਅਪ੍ਰੈਲ ਵਿੱਚ ਵਿਸ਼ਾਲ ਨਗਰ ਕੀਰਤਨ ਅਤੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।
ਸਿੱਖ ਹੈਰੀਟੇਜ ਮਹੀਨੇ ਦੀਆਂ ਗਤੀਵਿਧੀਆਂ
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਇਵੈਂਟ ਆਯੋਜਿਤ ਕੀਤੇ ਜਾ ਰਹੇ ਹਨ। ਸਰੀ, ਬਰੈਂਪਟਨ, ਟੋਰਾਂਟੋ, ਵੈਂਕੂਵਰ, ਅਤੇ ਮਾਂਟਰੀਆਲ ਵਰਗੇ ਸ਼ਹਿਰਾਂ ਵਿੱਚ ਨਗਰ ਕੀਰਤਨ, ਕਲਚਰਲ ਸ਼ੋਅ, ਇਤਿਹਾਸਕ ਪ੍ਰਦਰਸ਼ਨੀਆਂ ਅਤੇ ਕਵਿਤਾ ਸੰਮੇਲਨ ਕਰਵਾਏ ਜਾ ਰਹੇ ਹਨ। ਕਈ ਸਕੂਲ ਅਤੇ ਯੂਨੀਵਰਸਿਟੀਆਂ ਵਿੱਚ ਸਿੱਖ ਧਰਮ ਅਤੇ ਇਤਿਹਾਸ ਬਾਰੇ ਵਿਸ਼ੇਸ਼ ਲੈਕਚਰ ਅਤੇ ਗਲਤਫਹਮੀਆਂ ਨੂੰ ਦੂਰ ਕਰਨ ਵਾਲੀਆਂ ਵਰਕਸ਼ਾਪਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।
ਸਰਕਾਰੀ ਤੇ ਭਾਈਚਾਰੇਕ ਪ੍ਰਤੀਕਿਰਿਆ
ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਾਈਮਨ ਅਤੇ ਵੱਖ-ਵੱਖ ਸੂਬਾਈ ਅਤੇ ਫੈਡਰਲ ਸਿਆਸੀ ਆਗੂਆਂ ਨੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਮੈਰੀ ਸਾਈਮਨ ਨੇ ਕਿਹਾ, “ਅਪ੍ਰੈਲ ਸਿੱਖ ਹੈਰੀਟੇਜ ਮਹੀਨੇ ਦੀ ਸ਼ੁਰੂਆਤ ਹੈ। ਮੈਨੂੰ ਕੈਨੇਡਾ ਭਰ ਵਿੱਚ ਸਿੱਖ ਭਾਈਚਾਰੇ ਦੇ ਅਮਿੱਟ ਯੋਗਦਾਨ ਨੂੰ ਮਾਨਤਾ ਦੇਣ ਦਾ ਮਾਣ ਹੈ। ਵਿਭਿੰਨਤਾ ਸਾਡੀ ਤਾਕਤ ਹੈ, ਅਤੇ ਸਿੱਖ ਭਾਈਚਾਰਾ ਨਿਰਸਵਾਰਥ ਸੇਵਾ ਅਤੇ ਹਮਦਰਦੀ ਨਾਲ ਇਸ ਦੀ ਮਿਸਾਲ ਪੇਸ਼ ਕਰਦਾ ਹੈ।”
ਸਿੱਖ ਆਗੂਆਂ ਨੇ ਕਿਹਾ ਕਿ ਇਹ ਮਹੀਨਾ ਉਨ੍ਹਾਂ ਦੀ ਪਛਾਣ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇੱਕਜੁੱਟਤਾ, ਸਾਂਝ ਅਤੇ ਵਿਭਿੰਨਤਾ ਦਾ ਸੁਨੇਹਾ ਦਿੰਦਾ ਹੈ। ਪੂਰੇ ਮਹੀਨੇ ਦੌਰਾਨ, ਕੈਨੇਡਾ ਭਰ ਵਿੱਚ ਵੱਖ-ਵੱਖ ਇਵੈਂਟ ਅਤੇ ਸਮਾਗਮ ਆਯੋਜਿਤ ਕੀਤੇ ਜਾਣਗੇ, ਜੋ ਕਿ ਸਿੱਖਾਂ ਦੀ ਅਮੀਰ ਵਿਰਾਸਤ ਅਤੇ ਕੈਨੇਡਾ ਦੀ ਬਹੁਸੱਭਿਆਚਾਰਕ ਤਾਕਤઠਨੂੰઠਦਰਸਾਉਣਗੇ।
ਸਮਾਗਮ | ਮਿਤੀ | ਸਮਾਂ | ਥਾਂ |
---|---|---|---|
“ਆਨੰਦ”: ਇਕ ਆਤਮਿਕ ਅਤੇ ਆਧੁਨਿਕ ਸੰਦੇਸ਼ | ਸ਼ਨੀਵਾਰ, 5 ਅਪ੍ਰੈਲ, 2025 | ਸ਼ਾਮ 6:00 ਵਜੇ – ਰਾਤ 8:00 ਵਜੇ | – |
ਇਤਿਹਾਸਕ ਪ੍ਰਦਰਸ਼ਨੀ | ਐਤਵਾਰ, 6 ਅਪ੍ਰੈਲ, 2025 | ਦੁਪਹਿਰ 1:00 ਵਜੇ – 3:00 ਵਜੇ | ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ |
ਆਨੰਦ ਦੇ ਰੰਗ: ਰਵੀਨਾ ਤੂਰ ਨਾਲ ਪੇਂਟ ਨਾਈਟ | ਵੀਰਵਾਰ, 10 ਅਪ੍ਰੈਲ, 2025 | ਸ਼ਾਮ 6:00 ਵਜੇ – ਰਾਤ 8:00 ਵਜੇ | ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਯਾਦਗਾਰੀ ਇਮਾਰਤ |
ਵਿਸਾਖੀ ਕੀਰਤਨ ਪ੍ਰੋਗਰਾਮ | ਸ਼ੁੱਕਰਵਾਰ, 11 ਅਪ੍ਰੈਲ, 2025 | ਸ਼ਾਮ 6:00 ਵਜੇ – ਰਾਤ 10:00 ਵਜੇ | ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ |
ਵੈਨਕੂਵਰ ਨਗਰ ਕੀਰਤਨ | ਸ਼ਨੀਵਾਰ, 12 ਅਪ੍ਰੈਲ, 2025 | ਸਵੇਰੇ 9:00 ਵਜੇ – ਸ਼ਾਮ 4:30 ਵਜੇ | ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਰੌਸ ਸਟਰੀਟ |
ਆਨੰਦ: ਦਾ ਆਰਟ ਆਫ਼ ਬੈਲਨਸ | ਸ਼ਨੀਵਾਰ, 12 ਅਪ੍ਰੈਲ, 2025 | ਦੁਪਹਿਰ 2:00 ਵਜੇ – ਰਾਤ 8:00 ਵਜੇ | ਜਿਗ ਸਪੇਸ |
ਵਿਸਾਖੀ ਰੈਨਸੁਬਾਈ ਕੀਰਤਨ | ਸ਼ਨੀਵਾਰ, 12 ਅਪ੍ਰੈਲ – ਐਤਵਾਰ, 13 ਅਪ੍ਰੈਲ, 2025 | ਸ਼ਾਮ 7:00 ਵਜੇ – ਸਵੇਰੇ 3:00 ਵਜੇ | ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ |
ਸਿੱਖਾਂ ਦੀਆਂ ਗੱਲਾਂ: ਪ੍ਰੇਰਨਾਦਾਇਕ ਗੱਲਾਂ ਅਤੇ ਕਹਾਣੀਆਂ | ਐਤਵਾਰ, 13 ਅਪ੍ਰੈਲ, 2025 | ਦੁਪਹਿਰ 2:00 ਵਜੇ – ਸ਼ਾਮ 4:00 ਵਜੇ | ਸਰੀ ਸਿਟੀ ਹਾਲ |
ਆਨੰਦ ਕਾਰਜ ਵਰਕਸ਼ਾਪ | ਸੋਮਵਾਰ, 14 ਅਪ੍ਰੈਲ, 2025 | ਸ਼ਾਮ 7:00 ਵਜੇ – ਰਾਤ 8:30 ਵਜੇ | ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਯਾਦਗਾਰੀ ਇਮਾਰਤ |
ਸਰੀ ਨਗਰ ਕੀਰਤਨ | ਸ਼ਨੀਵਾਰ, 19 ਅਪ੍ਰੈਲ, 2025 | ਸਵੇਰੇ 8:30 ਵਜੇ – ਸ਼ਾਮ 4:30 ਵਜੇ | ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ |
ਸਿੱਖ ਇਤਿਹਾਸ ਮੁਕਾਬਲਾ | ਸ਼ਨੀਵਾਰ, 26 ਅਪ੍ਰੈਲ, 2025 | ਸਵੇਰੇ 10:00 ਵਜੇ – ਸ਼ਾਮ 4:30 ਵਜੇ | ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਰੀ |
ਵਿਸਾਖੀ ਜੋੜ੍ਹ ਮੇਲਾ | ਸ਼ਨੀਵਾਰ, 26 ਅਪ੍ਰੈਲ, 2025 | ਸਵੇਰੇ 11:00 ਵਜੇ – ਸ਼ਾਮ 5:00 ਵਜੇ | ਖਾਲਸਾ ਸੈਕੰਡਰੀ ਸਕੂਲ |
ਬੀ.ਸੀ. ਐਸ.ਐਸ.ਏ. ਬੱਚਿਆਂ ਲਈ ਕਹਾਣੀਆਂ | ਸ਼ਨੀਵਾਰ, 26 ਅਪ੍ਰੈਲ, 2025 | ਦੁਪਹਿਰ 2:00 ਵਜੇ – ਸ਼ਾਮ 4:00 ਵਜੇ | ਸਰੀ ਸੈਂਟਰ ਲਾਇਬ੍ਰੇਰੀ |
ਨਸਲਵਾਦ-ਵਿਰੋਧੀ ਅਤੇ ਜਾਤੀਵਾਦ-ਵਿਰੋਧੀ ਬਿਰਤਾਂਤਾਂ ਗੱਲਬਾਤ | ਮੰਗਲਵਾਰ, 29 ਅਪ੍ਰੈਲ, 2025 | ਦੁਪਹਿਰ 3:30 ਵਜੇ – ਸ਼ਾਮ 4:30 ਵਜੇ | ਯੂ.ਐਨ.ਸੀ. 200 ਬਾਲਰੂਮ, ਯੂ.ਬੀ.ਸੀ. ਓਕਾਨਾਡ |