Saturday, May 3, 2025
9.3 C
Vancouver

ਇੰਟਰਨੈੱਟ ਸੇਵਾਵਾਂ

 

ਲਿਖਤ : ਜਗਤਾਰ ਗਰੇਵਾਲ ‘ਸਕਰੌਦੀ’,
ਸੰਪਰਕ: 94630-36033
ਫੋਨ ਦੀ ਘੰਟੀ ਖੜਕੀ ਤਾਂ ਦੇਖਿਆ ਕਿ ਮੇਰੇ ਇੱਕ ਪੁਰਾਣੇ ਜਮਾਤੀ ਦਾ ਫੋਨ ਸੀ। ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਤੱਕ ਅਸੀਂ ਸਕੂਲ ਵਿੱਚ ਇਕੱਠੇ ਪੜ੍ਹਦੇ ਰਹੇ ਸੀ। ਪੜ੍ਹਾਈ ਤੋਂ ਬਾਅਦ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਅਤੇ ਉਹ ਪਿੰਡ ਛੱਡ ਕੇ ਪਰਿਵਾਰ ਸਮੇਤ ਸ਼ਹਿਰ ਜਾ ਕੇ ਰਹਿਣ ਲੱਗ ਪਿਆ ਸੀ। ਸਾਡੀ ਆਪਸੀ ਗੱਲ ਬਹੁਤ ਘੱਟ ਹੁੰਦੀ ਸੀ। ਕਦੇ ਕਦਾਈਂ ਮਹੀਨਿਆਂ ਬਾਅਦ ਇੱਕ ਦੋ ਮਿੰਟ ਗੱਲ ਹੋ ਜਾਂਦੀ ਤਾਂ ਵੀ ਹਾਲ-ਚਾਲ ਪੁੱਛ ਕੇ ਹੀ ਗੱਲ ਪੂਰੀ ਹੋ ਜਾਂਦੀ।
ਮੈਂ ਫੋਨ ਚੁੱਕਿਆ ਤਾਂ ਅੱਗਿਉਂ ਆਵਾਜ਼ ਆਈ, ”ਕੀ ਹਾਲ ਐ ਤੇਜਪਾਲ?”
ਮੈਂ ਕਿਹਾ, ”ਵਧੀਆ ਗਗਨ, ਤੂੰ ਦੱਸ ਕੀ ਬਣਦੈ?”
ਉਸ ਨੇ ਗੱਲ ਅੱਗੇ ਵਧਾਈ, ”ਵਧੀਆ ਬਾਈ, ਜਿਹੜਾ ਟਾਈਮ ਪਾਸ ਹੋਈ ਜਾਂਦੈ।”
”ਟਾਈਮ ਪਾਸ? ਟਾਈਮ ਪਾਸ ਤਾਂ ਸਾਡੇ ਵਰਗੇ ਗ਼ਰੀਬ ਲੋਕਾਂ ਦਾ ਹੁੰਦੈ। ਤੁਸੀਂ ਤਾਂ ਸਰਕਾਰੀ ਮੁਲਾਜ਼ਮ ਹੋ। ਨਜ਼ਾਰੇ ਲੁੱਟਦੇ ਹੋ।” ਮੈਂ ਹਾਸੇ-ਹਾਸੇ ‘ਚ ਆਪਣਾ ਦਰਦ ਵੀ ਫਰੋਲ ਗਿਆ ਤੇ ਉਸ ਦੇ ਕਾਫ਼ੀ ਦੇਰ ਬਾਅਦ ਯਾਦ ਕਰਨ ‘ਤੇ ਉਲਾਂਭਾ ਵੀ ਦੇ ਗਿਆ।
ਫਿਰ ਉਸ ਨੇ ਸਕੂਲ ਸਮੇਂ ਦੀਆਂ ਗੱਲਾਂ ਛੇੜ ਲਈਆਂ ਕਿ ਕਿਵੇਂ ਪੰਜਾਬੀ ਵਾਲਾ ਮਾਸਟਰ ਸਾਨੂੰ ਲੱਸੀ ਲੈਣ ਭੇਜ ਦਿੰਦਾ ਸੀ, ਅਸੀਂ ਹਿਸਾਬ ਵਾਲਾ ਪੀਰੀਅਡ ਲੰਘਾ ਕੇ ਸਕੂਲ ਵੜਦੇ ਹੁੰਦੇ ਸੀ; ਕਿਵੇਂ ਟੀਕਿਆਂ ਤੋਂ ਡਰਦੇ ਸਕੂਲ ਦੀਆਂ ਕੰਧਾਂ ਟੱਪ ਜਾਂਦੇ ਤੇ ਪਤਾ ਨਹੀਂ ਹੋਰ ਕਿੰਨੇ ਕੁ ਕਿੱਸੇ। ਭਰ ਜਵਾਨੀ ਵਿੱਚ ਬੇਵਕਤੀ ਮੌਤ ਕਾਰਨ ਛੱਡ ਗਏ ਕੁਝ ਜਮਾਤੀਆਂ ਨੂੰ ਯਾਦ ਕਰ ਕੇ ਦੋਵੇਂ ਭਾਵੁਕ ਵੀ ਹੋਏ। ਗੱਲਾਂ ਕਰਦੇ ਕਰਦੇ ਕਦੋਂ ਦੋ ਘੰਟੇ ਲੰਘ ਗਏ, ਸਾਨੂੰ ਪਤਾ ਵੀ ਨਾ ਲੱਗਿਆ। ਮੈਨੂੰ ਹੈਰਾਨ ਜਿਹੀ ਵੀ ਹੋਈ ਕਿ ਅੱਜ ਗਗਨ ਨੂੰ ਏਨਾ ਸਮਾਂ ਕਿਵੇਂ ਮਿਲ ਗਿਆ ਕਿ ਉਹ ਦੋ ਘੰਟੇ ਤੱਕ ਗੱਲਾਂ ਕਰੀ ਗਿਆ। ਉਸ ਕੋਲ ਤਾਂ ਕਦੇ ਪੰਜ ਮਿੰਟ ਤੋਂ ਵੱਧ ਨਿਕਲੇ ਹੀ ਨਹੀਂ ਸਨ। ਮੈਂ ਇਹ ਸਵਾਲ ਪੁੱਛਣ ਹੀ ਲੱਗਿਆ ਸੀ ਕਿ ਉਹ ਬੋਲ ਪਿਆ, ”ਯਾਰ, ਅੱਜ ਨੈੱਟ ਕਿਉਂ ਨਹੀਂ ਚੱਲ ਰਿਹਾ ਸਵੇਰ ਦਾ?”
ਸ਼ਾਇਦ ਉਸ ਦਿਨ ਸੋਸ਼ਲ ਮੀਡੀਆ ‘ਤੇ ਕੁਝ ਗ਼ਲਤ ਅਫ਼ਵਾਹਾਂ ਫੈਲਣ ਦੇ ਡਰ ਤੋਂ ਸਰਕਾਰ ਵੱਲੋਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਨੈੱਟ ਵਾਲੀ ਗੱਲ ਸੁਣ ਕੇ ਮੈਨੂੰ ਸਮਝ ਆ ਗਈ ਕਿ ਸ਼ਾਇਦ ਟਾਈਮ ਪਾਸ ਨਾ ਹੋਣ ਕਰਕੇ ਉਸ ਨੇ ਮੈਨੂੰ ਯਾਦ ਕਰ ਲਿਆ ਤੇ ਏਨੀਆਂ ਗੱਲਾਂ ਕਰ ਲਈਆਂ, ਨਹੀਂ ਤਾਂ ਅੱਜਕੱਲ੍ਹ ਅਸੀਂ ਫੋਨਾਂ ‘ਚ ਰੀਲਾਂ ਵੇਖਣ ਵਿੱਚ ਆਪਣਾ ਬਹੁਤਾ ਸਮਾਂ ਗੁਆ ਦਿੰਦੇ ਹਾਂ।
ਉਸ ਦੇ ਫੋਨ ਕੱਟਣ ਤੋਂ ਤੁਰੰਤ ਬਾਅਦ ਮੈਂ ਆਪਣੇ ਬਹੁਤ ਕਰੀਬੀ ਰਹਿ ਚੁੱਕੇ ਕਈ ਮਿੱਤਰਾਂ ਨੂੰ ਫੋਨ ਮਿਲਾਇਆ ਪਰ ਸਮਾਂ ਨਾ ਹੋਣ ਕਰਕੇ ਕਿਸੇ ਨਾਲ ਬਹੁਤੀ ਗੱਲ ਨਾ ਕਰ ਸਕਿਆ ਤੇ ਸ਼ਾਇਦ ਉਦੋਂ ਤੱਕ ਇੰਟਰਨੈੱਟ ਸੇਵਾਵਾਂ ਬਹਾਲ ਹੋ ਚੁੱਕੀਆਂ ਸਨ।