Sunday, May 4, 2025
10.1 C
Vancouver

ਮੇਰਾ ਕੀ…

ਸਭ ਕੁਝ ਤੇਰਾ ਤੇ ਫਿਰ ਮੇਰਾ ਕੀ?
ਘਰ-ਬਾਹਰ, ਤੇ ਗਲ਼ੀ ਮੁਹੱਲਾ,
ਸ਼ਹਿਰ, ਗਰਾਂ ਤੇ ਦੇਸ਼ ਤੇਰਾ,
ਤੇਰਾ ਨਾਂ ਤੇ ਤੇਰੀ ਹਰ ਥਾਂ,
ਮੈਂ ਜਾਵਾਂ ਫਿਰ ਕਿਸ ਗਰਾਂ,
ਰੱਬ, ਅੱਲਾ ਤੇ ਰਾਮ ਵੀ ਤੇਰਾ
ਦਿਸਦਾ ਇਹ ਜਹਾਨ ਵੀ ਤੇਰਾ,
ਇੱਜ਼ਤਾਂ ਦੇ ਫ਼ਿਕਰ… ਬਸ ਮੈਨੂੰ,
ਤੇਰੀ ਕਰਨੀ ਤੇ ਭਰਨੀ ਮੈਨੂੰ…!
ਮੈਨੂੰ ਦੱਸ ਮੇਰੀ ਕਿਹੜੀ ਥਾਂ?
ਸੁਹਾਗ ਦੀਆਂ ਸਭ ਨਿਸ਼ਾਨੀਆਂ ਤੇਰੀਆਂ,
ਬਾਹਾਂ ਮੇਰੀਆਂ, ਚੂੜੀਆਂ ਤੇਰੀਆਂ,
ਸੰਧੂਰ ਤੋਂ ਲੈ ਕੇ ਪੰਜੇਬਾਂ ਤੇਰੀਆਂ,
ਹਾਰ ਸ਼ਿੰਗਾਰ ਸਭ ਤੇਰੇ ਨਾਂ,
ਕੁੱਖ ਮੇਰੀ ਤੇ ਔਲਾਦ ਤੇਰੀ,
ਮੰਦੀ ਮੇਰੀ ਤੇ ਚੰਗੀ ਤੇਰੀ,
ਕੀ-ਕੀ ਗਿਣਾਵਾਂ ਤੇ ਕੀ ਦੱਸਾਂ?
ਮੰਨਿਆ ਅੱਜ ਹਾਲਾਤ ਕੁਝ ਬਦਲੇ!
ਵਹਿਸ਼ੀ ਫਿਰਦੇ ਫਿਰ ਵੀ ਘਰ ਮੇਰੇ!
ਮੇਰੀ ਇੱਜ਼ਤ ਇੱਕ ਛਲਾਵਾ!
ਫ਼ਿਕਰ ਹੈ ਮੈਨੂੰ, ਤੂੰ ਕੀ ਜਾਣੇ,
ਪਲ਼ ਵਿੱਚ ਝੱਟ ਖੁਆਰ ਹੁੰਦੀ ਹਾਂ,
ਸਾਥ ਨਾ ਦੇਵਣ, ਚੁੱਪ ਖੜ੍ਹੀ ਹਾਂ,
ਸਭ ਬਦਨਾਮੀਆਂ ਮੇਰੇ ਮੱਥੇ,
ਦੇਣ ਡਰਾਵਾ ਮੈਨੂੰ ਬੱਚੇ,
ਮੈਂ ਕੀ ਹਾਂ ਤੇ ਮੇਰਾ ਕੌਣ?
ਪਲ਼ ਵਿੱਚ ਮੈਨੂੰ ਠੋਕਰ ਦੇਣ,
ਬੰਦ ਦਰਵਾਜ਼ੇ ਅੱਜ ਵੀ ਹੁੰਦੇ,
ਸਾਥ ਮੇਰਾ ਅਪਣੇ ਨੇ ਛੱਡਦੇ।
ਮੈਂ ਔਰਤ, ਮਰਦ ਦੀ ਜਨਨੀ,
ਵਿੱਚ ਸਮਾਜ ਦੇ ਹੋਵਾਂ ਛਣਨੀ,
ਮਰਦ ਕੋਲੋਂ ਹੀ ਕਿਉਂ ਮੰਗਾਂ ਜ਼ਿੰਦਗੀ?
ਲਿਖਤ : ਪਰਵੀਨ ਕੌਰ ਸਿੱਧੂ
ਸੰਪਰਕ: 81465-36200

 

Previous article
Next article