Sunday, May 4, 2025
8.6 C
Vancouver

ਗ਼ਜ਼ਲ

 

ਪਤਝੜਾਂ ਜੇ ਆਣ ਤਾਂ ਰਿਸ਼ਤੇ ਮੁਕ ਜਾਂਦੇ।
ਦੂਰੀਆਂ ਪੈ ਜਾਣ ਤਾਂ ਰਿਸ਼ਤੇ ਮੁਕ ਜਾਂਦੇ।
ਨੇਰ੍ਹੀਆਂ ਬਣ ਕੇ ਜੇ ਜੀਵਨ ਵਿਚ ਆ ਜਾਵਣ,
ਫ਼ਰਜ਼ਾਂ ਵਿਚ ਅਹਿਸਾਨ ਤਾਂ ਰਿਸ਼ਤੇ ਮੁਕ ਜਾਂਦੇ।
ਧੀ ਦੇ ਘਰ ਵਿਚ ਜਾਂ ਫਿਰ ਨੂੰਹ ਦੇ ਘਰ ਅੰਦਰ,
ਸੱਸ ਰਵੇ ਪ੍ਰਧਾਨ ਤਾਂ ਰਿਸ਼ਤੇ ਮੁਕ ਜਾਂਦੇ।
ਜੇ ਹਨੇਰਾ ਚੰਨ ਦੀ ਲੋਅ ਨੂੰ ਖਾ ਜਾਵੇ,
ਮੁਕ ਗਈ ਪਹਿਚਾਣ ਤਾਂ ਰਿਸ਼ਤੇ ਮੁਕ ਜਾਂਦੇ।
ਲੋੜ੍ਹ ਤੋਂ ਵਧ ਖਾਦ ਵੀ ਪੌਦੇ ਸਾੜ ਦਵੇ,
ਬੇ ਵਜ੍ਹਾ ਮਹਿਮਾਨ ਤਾਂ ਰਿਸ਼ਤੇ ਮੁਕ ਜਾਂਦੇ।
ਪੈਰ੍ਹ ਚਾਦਰ ਦੇ ਮੁਤਾਬਿਕ ਹੀ ਜਚਦੇ ਨੇ,
ਲੋੜ੍ਹ ਤੋਂ ਵਧ ਦਾਨ ਤਾਂ ਰਿਸ਼ਤੇ ਮੁਕ ਜਾਂਦੇ।
ਜਦ ਵਿਭੀਸ਼ਨ ਵਰਗਾ ਕੋਈ ਆ ਟਪਕੇ ਹੈ,
ਘਰ ਦੇ ਵਿਚ ਸ਼ੈਤਾਨ ਤਾਂ ਰਿਸ਼ਤੇ ਮੁਕ ਜਾਂਦੇ
ਦੰਪਤੀ ਜੀਵਨ ਦੇ ਵਿਚ ਨੁਕਤਾਚੀਨੀ ਜੇ,
ਕਰਦਾ ਹੈ ਅਨਜਾਣ ਤਾਂ ਰਿਸ਼ਤੇ ਮੁਕ ਜਾਂਦੇ।
ਮੋਹ ਅਤੇ ਸਤਿਕਾਰ ਦੀ ਥਾਂ ਤੇ ਬਣ ਜਾਵੇ,
ਆਦਮੀ ਭਗਵਾਨ ਤਾਂ ਰਿਸ਼ਤੇ ਮੁਕ ਜਾਂਦੇ।
ਫੁੱਲ ਗਲਵਕੜੀ ਦੇ ਵਿਚ ਚੰਗੇ ਲਗਦੇ ਨੇ,
ਸੁੰਨੇ ਜੇ ਗੁਲਦਾਨ ਤਾਂ ਰਿਸ਼ਤੇ ਮੁਕ ਜਾਂਦੇ।
ਘਰ ਦੀਆਂ ਵੰਡਾ ਮਸੀਬਤ ਵਿਚ ਬਣ ਜਾਵਣ,
ਅਗਰ ਕਬਰਿਸਤਾਨ ਤਾਂ ਰਿਸ਼ਤੇ ਮੁਕ ਜਾਂਦੇ।
ਦੀਵਿਆਂ ਵਾਲੀ ਲੋਅ ਦੇ ਅੰਦਰ ਬਾਲਮ ਜੀ,
ਆ ਰਲੇ ਤੂਫ਼ਾਨ ਤਾਂ ਰਿਸ਼ਤੇ ਮੁਕ ਜਾਦੇ।
ਲੇਖਕ : ਬਲਵਿੰਦਰ ਬਾਲਮ ਗੁਰਦਾਸਪੁਰ
ਸੰਪਰਕ : 98156-25409