ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਯੂਰਪੀਅਨ ਯੂਨੀਅਨ ਅਤੇ ਕੈਨੇਡਾ, ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ, ਜਿਸ ਕਰਕੇ ਉਹ ਦੋਵਾਂ ‘ਤੇ ਵੱਡੇ ਟੈਰਿਫ਼ ਲਗਾਉਣਗੇ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਹਸਤੇਖਤ ‘ਤੇ ਲਿਖਿਆ ਕਿ ਇਹ ਨਵੇਂ ਟੈਰਿਫ਼ ਪਹਿਲਾਂ ਤੋਂ ਲਗੇ ਹੋਏ ਟੈਰਿਫ਼ਾਂ ਨਾਲੋਂ ਕਿਤੇ ਵੱਡੇ ਹੋਣਗੇ। ਟਰੰਪ ਦੀ ਇਹ ਚਿਤਾਵਨੀ ਉਨ੍ਹਾਂ ਵੱਲੋਂ ਅਮਰੀਕਾ ਆਉਣ ਵਾਲੀਆਂ ਸਭ ਗੱਡੀਆਂ ‘ਤੇ 25% ਦਾ ਨਵਾਂ ਟੈਰਿਫ਼ ਲਗਾਉਣ ਤੋਂ ਬਾਅਦ ਆਈ ਹੈ। ਇਹ ਨਵੇਂ ਆਟੋ ਟੈਰਿਫ਼ 3 ਅਪ੍ਰੈਲ, 2025 ਤੋਂ ਲਾਗੂ ਹੋਣਗੇ।
ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ ਤਹਿਤ, ਟੈਰਿਫ਼ ਸਿਰਫ਼ ਉਨ੍ਹਾਂ ਹਿੱਸਿਆਂ ‘ਤੇ ਲਗਾਇਆ ਜਾਵੇਗਾ, ਜੋ ਅਮਰੀਕਾ ਵਿੱਚ ਨਹੀਂ ਬਣਦੇ। ਅਮਰੀਕਾ ਵਿੱਚ ਤਿਆਰ ਕੀਤੀਆਂ ਗੱਡੀਆਂ ਉੱਤੇ ਕੋਈ ਵਾਧੂ ਟੈਰਿਫ਼ ਨਹੀਂ ਹੋਵੇਗਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਨਵੇਂ ਆਟੋ ਟੈਰਿਫ਼ਾਂ ਦੀ ਤਿੱਖੀ ਆਲੋਚਨਾ ਕੀਤੀ।
ਉਨ੍ਹਾਂ ਨੇ ਕਿਹਾ, “ਇਹ ਟੈਰਿਫ਼ ਕੈਨੇਡੀਅਨ ਆਟੋ ਉਦਯੋਗ ਅਤੇ ਵਰਕਰਾਂ ‘ਤੇ ਸਿੱਧਾ ਹਮਲਾ ਹਨ।” ਉਨ੍ਹਾਂ ਨੇ ਤੁਰੰਤ ਕਾਰਵਾਈ ਅਤੇ ਆਟੋ ਉਦਯੋਗ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਟਰੰਪ ਵਲੋਂ ਅਮਰੀਕੀ ਵਾਹਨ ਉਦਯੋਗ ਦੀ ਰੱਖਿਆ ਕਰਨ ਦੇ ਨਾਂ ‘ਤੇ ਵਧੇਰੇ ਟੈਰਿਫ਼ ਲਗਾਉਣ ਦਾ ਐਲਾਨ ਕਰਨ ਤੋਂ ਥੋੜ੍ਹੇ ਦਿਨ ਪਹਿਲਾਂ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦਾ ਦੌਰਾ ਕੀਤਾ ਸੀ।
ਉਨ੍ਹਾਂ ਨੇ ਫ਼ਰਾਂਸ ਅਤੇ ਯੂਨਾਈਟਿਡ ਕਿੰਗਡਮ ਦੇ ਨੇਤਾਵਾਂ ਨਾਲ ਮੁਲਾਕਾਤ ਕਰਕੇ ਆਰਥਿਕ ਸੰਬੰਧਾਂ ਤੇ ਵਪਾਰ ਬਾਰੇ ਚਰਚਾ ਕੀਤੀ। ਟਰੰਪ ਦੇ ਇਹ ਨਵੇਂ ਆਟੋ ਟੈਰਿਫ਼, ਕੈਨੇਡਾ ਅਤੇ ਯੂਰਪੀਅਨ ਯੂਨੀਅਨ ਦੇ ਨਾਲ ਅਮਰੀਕਾ ਦੇ ਵਪਾਰ ਸੰਬੰਧਾਂ ‘ਚ ਤਣਾਅ ਵਧਾ ਸਕਦੇ ਹਨ। ਅਮਰੀਕਾ-ਕੈਨੇਡਾ ਵਪਾਰ ਸੰਬੰਧ ਪਹਿਲਾਂ ਹੀ ਤਣਾਅ ‘ਚ ਹਨ, ਅਤੇ ਇਹ ਵਧੇਰੇ ਟੈਰਿਫ਼ ਇਸ ਸੰਕਟ ਨੂੰ ਹੋਰ ਗਹਿਰਾ ਕਰ ਸਕਦੇ ਹਨ।
ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਕੈਨੇਡਾ ‘ਤੇ ਵੱਡੇ ਟੈਰਿਫ਼ ਲਗਾਉਣ ਦੀ ਚਿਤਾਵਨੀ ਦਿੱਤੀ
