Thursday, April 3, 2025
10 C
Vancouver

ਸਾਰੇ ਰੰਗ

ਲਿਖਤ : ਸਵਰਨ ਸਿੰਘ ਭੰਗੂ
ਸੰਪਰਕ: 94174-69290
ਮੇਰੇ ਵਿੱਦਿਅਕ ਅਨੁਭਵ ਇਹੋ ਹਨ ਕਿ ਹਰ ਵਿਦਿਆਰਥੀ ਸੰਭਾਵਨਾਵਾਂ ਨਾਲ ਭਰਿਆ ਹੁੰਦਾ ਹੈ ਬਸ਼ਰਤੇ ਸਮੇਂ-ਸਮੇਂ ‘ਤੇ ਵੱਡੇ ਉਸ ਦੀ ਪਹਿਰੇਦਾਰੀ ਕਰਦੇ ਰਹਿਣ, ਉਸ ਨੂੰ ਅੱਗੇ ਵਧਣ ਦਾ ਮੌਕਾ ਅਤੇ ਮਾਹੌਲ ਦਿੱਤਾ ਜਾਵੇ। ਜੇਕਰ ਉਸ ਨੂੰ ਸਿੱਖਿਆ ਦੀ ਵਡਿਆਈ ਦਾ ਅਹਿਸਾਸ ਕਰਾਇਆ ਜਾਵੇ, ਉਸ ਵੱਲ ਸੰਜੀਦਗੀ ਹੋਵੇ, ਜਗਿਆਸਾ ਹੋਵੇ, ਉਹ ਟੀਚਾ ਮਿੱਥ ਕੇ ਪੜ੍ਹੇ ਤਾਂ ਜ਼ਰੂਰ ਹੀ ਕਿਸੇ ਨਾ ਕਿਸੇ ਦਿਨ ਉਹ ਆਪਣੇ ਟੀਚੇ ਨਾਲ ਇੱਕ-ਮਿੱਕ ਹੋ ਜਾਂਦਾ ਹੈ। ਇਸ ਤੋਂ ਅੱਗੇ ਲੋੜੀਂਦੇ ਖਰਚਿਆਂ ਦੀ ਪੂਰਤੀ ਲਈ ਸਵੈਮਾਣ ਭਰਿਆ ਰੁਜ਼ਗਾਰ ਵੀ ਉਸ ਦਾ ਹਿੱਸਾ ਬਣਦਾ ਹੈ। ਇਸ ਤੋਂ ਵੀ ਹੋਰ ਅੱਗੇ ਜਦੋਂ ਵਿਆਹ-ਸ਼ਾਦੀ ਦਾ ਸਮਾਂ ਆਉਂਦਾ ਹੈ ਤਾਂ ਸਮਾਨ ਸਿੱਖਿਆ ਪ੍ਰਾਪਤ ਜੀਵਨ ਸਾਥ ਮਿਲਦਾ ਹੈ। ਸਾਡੇ ਦੁਆਲੇ ਯੋਗ ਜੋੜਿਆਂ ਦੀਆਂ ਅਜਿਹੀਆਂ ਅਨੇਕ ਮਿਸਾਲਾਂ ਹੁੰਦੀਆਂ ਹਨ। ਇਹ ਜੋੜ, ਆਮਦਨ ਦਾ ਸੋਮਾ ਵੀ ਬਣਦਾ ਹੈ। ਇਸ ਤੋਂ ਅਗਲਾ ਵਰਦਾਨ ਬੱਚਿਆਂ ਨੂੰ ਬਿਹਤਰ ਮਾਹੌਲ ਵਿੱਚ ਪਾਲਣਾ/ਪੜ੍ਹਾਉਣਾ ਸ਼ਾਮਿਲ ਹੁੰਦਾ ਹੈ, ਜੀਵਨ ਜਿਊਣ ਦੀਆਂ ਸਮੁੱਚੀਆਂ ਸਹੂਲਤਾਂ ਯਕੀਨੀ ਬਣਦੀਆਂ ਹਨ ਅਤੇ ਸਬੰਧਿਤ ਸ਼ਖ਼ਸ ਕਿਸੇ ਲੋੜਵੰਦ ਦੀ ਸਹਾਇਤਾ ਕਰਨ ਦੇ ਯੋਗ ਹੁੰਦਾ ਹੈ।
ਇਸ ਵਾਰਤਾ ਵਿਚਲਾ ਕਿਰਦਾਰ ਕੁਲਵਿੰਦਰ ਸਿੰਘ ਅੱਜ ਕੱਲ੍ਹ ਭਾਰਤ ਸੰਚਾਰ ਨਿਗਮ ਲਿਮਟਿਡ ਵਿੱਚ ਸਬ ਡਿਵੀਜ਼ਨਲ ਇੰਜਨੀਅਰ ਹੈ। ਪਹਿਲਾਂ ਪਹਿਲ ਉਹ ਬਹੁਤ ਸੰਗਾਊ ਰਿਹਾ ਪਰ ਸਾਹਿਤ ਰਸੀਆ ਹੋਣ ਕਰ ਕੇ ਹੁਣ ਉਹ ਖ਼ੁਦ ਰਚਨਾਵਾਂ ਸਿਰਜਦਾ ਹੈ, ਲੇਖਕ ਸੱਥਾਂ ਵਿੱਚ ਸ਼ਾਮਿਲ ਹੁੰਦਾ ਹੈ। ਉਹ ਸਾਹਿਤ ਸਭਾ ਬਹਿਰਾਮਪੁਰ ਬੇਟ (ਰੂਪਨਗਰ) ਦਾ ਪ੍ਰਭਾਵੀ ਮੈਂਬਰ ਹੈ। ਉਸ ਦੀ ਆਪਣੀ ਲਿਖਣ ਵਿਧਾ ਵੀ ਵਿਸ਼ੇਸ਼ ਹੈ। ਉਸ ਦੀ ਰਚਨਾ, ਪੜ੍ਹਨ ਵਾਲੇ ਦੇ ਮਨ ਵਿੱਚ ਅਕ੍ਰਿਤੀਆਂ ਸਿਰਜ ਦਿੰਦੀ ਹੈ। ਮੈਨੂੰ ਯਾਦ ਹੈ, ਮਈ 1994 ਵਿੱਚ ਜਦੋਂ ਸਿੱਖਿਆ ਦੇ ਹਿਤ ਵਿੱਚ ਅਸੀਂ ‘ਚੇਤਨਾ ਮੰਚ ਸ੍ਰੀ ਚਮਕੌਰ ਸਾਹਿਬ’ ਦੁਆਰਾ ਸਰਗਰਮੀਆਂ ਕਰਦੇ ਸਾਂ ਤਾਂ ਸਾਡੇ ਕੋਲ ਉਸ ਸਮੇਂ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਯਾਦਗਾਰੀ ਕਾਲਜ ਬੇਲਾ ਦੇ ਪ੍ਰਿੰਸੀਪਲ ਬਾਵਾ ਸਿੰਘ ਵਤਨੀ ਅਤੇ ਫਿਜ਼ਿਕਸ ਲੈਕਚਰਾਰ ਸੁਰਿੰਦਰ ਸਿੰਘ ਬਾਜਵਾ ਆਏ ਸਨ। ਉਸ ਸਮੇਂ ਇੰਜਨੀਅਰਿੰਗ ਕਾਲਜਾਂ ਵਿੱਚ ਪ੍ਰਵੇਸ਼ ਪ੍ਰੀਖਿਆ ਦੁਆਰਾ ਲਏ ਦਾਖਲੇ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਸੀ। ਪ੍ਰਿੰਸੀਪਲ ਵਤਨੀ ਦੀ ਅਗਵਾਈ ਵਿੱਚ ਲਾਈ ਜਾਂਦੀ ਵਿਸ਼ੇਸ਼ ‘ਸਾਂਝੀ ਇੰਜਨੀਅਰਿੰਗ ਪ੍ਰਵੇਸ਼ ਪ੍ਰੀਖਿਆ ਵਰਕਸ਼ਾਪ’ ਦੁਆਰਾ ਹਰ ਸਾਲ ਪੇਂਡੂ ਇਲਾਕੇ ਦੇ ਦਰਜਨਾਂ ਵਿਦਿਆਰਥੀ ਵਕਾਰੀ ਇੰਜਨੀਅਰਿੰਗ ਕਾਲਜਾਂ ਵਿੱਚ ਦਾਖਲਾ ਲਿਆ ਕਰਦੇ ਸਨ। ਉਨ੍ਹਾਂ ਸਾਨੂੰ ਕਿਹਾ ਸੀ ਕਿ ਤੁਸੀਂ ਲੋੜਵੰਦ ਪਰਿਵਾਰ ਦੇ ਇਸ ਵਿਦਿਆਰਥੀ ਦੀ ਸਹਾਇਤਾ ਕਰੋ। ਜਦੋਂ ਸਾਡੇ ਪੜਤਾਲੀਆ ਮੈਂਬਰਾਂ ਦੀ ਅੱਖ ਨੇ ਸਹੀ ਪਾਈ ਤਾਂ ਅਸੀਂ ਇਸ ਵਿਦਿਆਰਥੀ ਦੀ ਹਰ ਸੰਭਵ ਸਹਾਇਤਾ ਕਰਨ ਦਾ ਫੈਸਲਾ ਕਰ ਲਿਆ। ਅਸੀਂ ਉਸ ਲਈ ਕੀ ਕੀਤਾ ਸੀ, ਕਿੰਨਾ ਕੁ ਕੀਤਾ ਸੀ, ਭੁੱਲ ਵੀ ਗਏ ਸਾਂ ਪਰ ਜਦੋਂ ਵੀ ਅਸੀਂ ਉਸ ਨੂੰ ਦੇਖਦੇ ਹਾਂ, ਯਾਦ ਕਰਦੇ ਹਾਂ ਤਾਂ ਸਵੈਮਾਣ ਨਾਲ ਭਰੇ-ਭਰੇ ਰਹਿੰਦੇ ਹਾਂ। ਹਥਲੇ ਲੇਖ ਦੇ ਤੱਥ ਲੈਣ ਲਈ ਇੱਕ ਦਿਨ ਪੁੱਛਿਆ- ”ਕੁਲਵਿੰਦਰ ਜੀ, ਤੁਹਾਡੀ ਡਿਗਰੀ ਦੌਰਾਨ ਅਸੀਂ ਕਿੰਨੀ ਕੁ ਸਹਾਇਤਾ ਕੀਤੀ ਸੀ?” ਜਵਾਬ ਸੀ- ”ਬੇਅੰਤ ਸਰ।” ਮੇਰਾ ਅਗਲਾ ਸਵਾਲ ਸੀ, ”ਤੁਹਾਡੀ ਸ਼ਖ਼ਸੀਅਤ ਦੇ ਰੰਗਾਂ ਵਿੱਚ ਸਾਡਾ ਯੋਗਦਾਨ ਕਿੰਨਾ ਕੁ ਹੈ?”
”ਸਾਰੇ ਰੰਗ ਤੁਹਾਡੇ ਹੀ ਨੇ ਸਰ।”
ਉਸ ਦੇ ਇਨ੍ਹਾਂ ਸੰਖੇਪ ਉੱਤਰਾਂ ਵਿੱਚ ਮੇਰਾ ਅਤੇ ਮੇਰੇ ਸਹਿਯੋਗੀਆਂ ਦਾ ਮੌਖਿਕ ਮਾਣ ਕਰ ਦਿੱਤਾ ਸੀ, ਉਸ ਦੇ ਇਹ ਬੋਲ ਸਾਡੇ ਲਈ ਵੀ ‘ਬੇਅੰਤ’ ਸਨ। ਇੱਕ/ਦੂਜੇ ਪ੍ਰਤੀ ਮਾਨਵੀ ਪਹੁੰਚ ਹੋਣ ਕਾਰਨ ਹੁਣ ਅਸੀਂ ਆਪਣੇਪਣ ਦੇ ਮਜ਼ਬੂਤ ਪੁਲ ‘ਤੇ ਰੋਜ਼ ਮਿਲਦੇ ਹਾਂ। ਉਸ ਨੇ ਦੱਸਿਆ ਸੀ ਕਿ ਸਕੂਲ ਸਿੱਖਿਆ ਸਮੇਂ ਉਸ ਦੇ ਪਰਿਵਾਰ ਦੀ ਵਿਤੀ ਹਾਲਤ ਡਾਵਾਂਡੋਲ ਸੀ, ਫੀਸ ਲੇਟ ਹੁੰਦੀ, ਲੇਖਾ ਸ਼ਾਖਾ ਅਪਮਾਨ ਕਰਦੀ। ਅਜਿਹਾ ਹੋਣ ਕਾਰਨ +2 ਦੀ ਸਿੱਖਿਆ ਛੱਡ ਕੇ ਉਹ ਘਰ ਬੈਠ ਗਿਆ। ਥੋੜ੍ਹੀ ਜ਼ਮੀਨ ਸੀ, ਪਿਤਾ ਦਾ ਸਹਿਯੋਗੀ ਬਣ ਗਿਆ।
ਜਦੋਂ ਉਸ ਦੇ ਸਿੱਖਿਆ ਤੋਂ ਉਪਰਾਮ ਹੋ ਜਾਣ ਦੇ ਇਸ ਫੈਸਲੇ ਦਾ ਕਾਲਜ ਦੇ ਜਿਹੜੇ ਅਧਿਆਪਕਾਂ ਨੂੰ ਉਸ ਅੰਦਰ ਛੁਪੀ ‘ਪ੍ਰਤਿਭਾ’ ਦਾ ਅਹਿਸਾਸ ਹੋ ਚੁੱਕਾ ਸੀ, ਉਹ ਉਸ ਦੇ ਘਰ ਪਹੁੰਚ ਗਏ। ਉਸ ਸਮੇਂ +1 ਅਤੇ +2 ਕਲਾਸਾਂ, ਕਾਲਜਾਂ ਵਿੱਚ ਵੀ ਪੜ੍ਹਾਈਆਂ ਜਾਂਦੀਆਂ ਸਨ। ਉਸ ਨੂੰ ਪ੍ਰੇਰ ਕੇ ਅਤੇ ਸਹਾਇਤਾ ਦਾ ਵਾਅਦਾ ਕਰ ਕੇ ਵਾਪਸ ਲੈ ਆਏ ਸਨ। 1994 ਵਿੱਚ 74 ਫੀਸਦੀ ਅੰਕ ਲੈ ਕੇ ਉਹ +2 ਕਰ ਗਿਆ। ਪ੍ਰਿੰਸੀਪਲ ਵਤਨੀ ਗਣਿਤ ਦੇ ਗਿਆਤਾ ਸਨ ਜੋ ਉਸ ਸਮੇਂ ਹੋਰ ਵਿਸ਼ਿਆਂ ਦੇ ਮਾਹਿਰ ਸਟਾਫ ਦੇ ਸਹਿਯੋਗ ਨਾਲ ਕਾਲਜ ਵਿੱਚ ਹੀ ‘ਸਾਂਝੀ ਪ੍ਰਵੇਸ਼ ਪ੍ਰੀਖਿਆ ਤਿਆਰੀ ਵਰਕਸ਼ਾਪ’ ਲਾਉਂਦੇ ਸਨ। ਇਸ ਵਰਕਸ਼ਾਪ ਦੇ ਫਲ ਵਜੋਂ ਇਹ ਵਿਦਿਆਰਥੀ ਵੀ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਦਾ ਬੂਹਾ ਖੋਲ੍ਹਣ ਵਿੱਚ ਸਫਲ ਹੋ ਗਿਆ ਸੀ। 1999 ਵਿੱਚ ਉਹ ਇਲੈਕਟ੍ਰੌਨਿਕਸ ਅਤੇ ਇਲੈਕਟ੍ਰੀਕਲ ਕਮਿਊਨੀਕੇਸ਼ਨ ਦੀ ਡਿਗਰੀ ਕਰ ਗਿਆ ਸੀ। ਬਾਅਦ ਵਿੱਚ ਉਹਨੇ ਸਾਡੀ ਸਿੱਖਿਆ ਸੰਸਥਾ ਵਿੱਚ ਵੀ ਪੜ੍ਹਾਇਆ, ਫਿਰ ਇੱਕ ਪੌਲੀਟੈਕਨਿਕ ਕਾਲਜ ਵਿੱਚ ਪੜ੍ਹਾਇਆ। ਭਰਵੇਂ ਜੁੱਸੇ ਕਾਰਨ ਭਰਤੀ ਦੀ ਲਾਈਨ ਵਿੱਚ ਖੜ੍ਹਿਆ ਤਾਂ ਸੀਮਾ ਸੁਰੱਖਿਆ ਬਲ ਲਈ ਚੁਣਿਆ ਗਿਆ। ਕਠੋਰ ਰੰਗਰੂਟੀ ਵਿੱਚੋਂ ਲੰਘਿਆ, ਡਿਊਟੀ ਕਰਦਿਆਂ ਇੱਕ ਦਿਨ ਆਪਣੇ ਆਪ ਨੂੰ ਪੁੱਛ ਬੈਠਾ, ”ਕੁਲਵਿੰਦਰ ਸਿਆਂ, ਭਾਰੇ ਬੂਟਾਂ ਨਾਲ ਠੱਪ-ਠੱਪ ਕਰੀ ਜਾਨੈਂ, ਡਿਗਰੀ ਕਾਹਦੇ ਲਈ ਕੀਤੀ ਸੀ?” ਅੰਦਰੋਂ ਜਵਾਬ ਮਿਲਿਆ, ”ਪਿੱਛੇ ਮੁੜ ਜਾ૴ ਭਲੇ ਦਿਨ ਆਉਣਗੇ।” ਹੁਣ ਵਾਪਸੀ ਦਾ ਰਸਤਾ ਹੋਰ ਵੀ ਔਖਾ ਸੀ; ਅਧਿਕਾਰੀ ਕਹਿੰਦੇ, ”ਟ੍ਰੇਨਿੰਗ ਦਾ ਖਰਚ, ਜਮਾਂ ਕਰਾਉਣਾ ਪਊ”૴ ਜੋ ਉਹਨੂੰ ਕਰਾਉਣਾ ਪਿਆ ਸੀ।
ਫਿਰ ਇੱਕ ਦਿਨ ਅਜਿਹਾ ਆਇਆ ਕਿ ਉਹ ਫਰਵਰੀ 2009 ਵਿੱਚ ਭਾਰਤ ਸੰਚਾਰ ਨਿਗਮ ਲਿਮਟਿਡ ਵਿੱਚ ਜੂਨੀਅਰ ਟੈਲੀਕਾਮ ਅਫਸਰ ਚੁਣਿਆ ਗਿਆ। ਇਸ ਚੋਣ ਵਿੱਚ ਉਸ ਦਾ ਅਗਲਾ ਵਰਦਾਨ ਪਿਆ ਸੀ। ਅਕਤੂਬਰ 2009 ਵਿੱਚ ਸਰਕਾਰੀ ਸੇਵਾਵਾਂ ਨਿਭਾਉਂਦੀ ਅਧਿਆਪਕਾ ਉਸ ਦੀ ਜੀਵਨ ਸਾਥਣ ਬਣ ਗਈ।
ਉਹ ਹੁਣ ਸਾਡੀ ਮਿਸ਼ਨਰੀ ਸਿੱਖਿਆ ਸੰਸਥਾ ਦੀ ਪ੍ਰਬੰਧਕੀ ਕਮੇਟੀ ਦਾ ਮੈਂਬਰ ਵੀ ਹੈ। ਇਸ ਮਿਸਾਲੀ ਕਿਰਦਾਰ ਨੂੰ ਦੇਖਦਿਆਂ ਅਕਸਰ ਅਸੀਸ ਨਿੱਕਲਦੀ ਹੈ૴ ਜੀਅ ਓਏ ਪਿਆਰਿਆ૴।