Thursday, April 3, 2025
10 C
Vancouver

ਮਾਂ-ਬੋਲੀ ਪੰਜਾਬੀ ਨੂੰ ਸਿਮਰਦਿਆਂ

 

ਲਿਖਤ : ਸਵਰਾਜਬੀਰ
ਸੰਪਰਕ: 95010-13006
ਮਾਂ-ਬੋਲੀ ਪੰਜਾਬੀ ਨੂੰ ਸਿਮਰਦਿਆਂ ਪੰਜਾਬੀ ਸ਼ਾਇਰ ਅਮਰਜੀਤ ਚੰਦਨ ਲਿਖਦਾ ਹੈ, ”ਮਾਂ-ਬੋਲੀ ਵਿੱਚ ਮੇਰੇ ਪੁਰਖੇ ਸੁੱਤੇ/ਜਿਨ੍ਹਾਂ ਦੇ ਸੁਪਨੇ ਮੈਂ ਨਿੱਤ ਜਾਗਾਂ।” ਮਾਂ-ਬੋਲੀ ਬੋਲਣਾ ਲਿਖਣਾ ਆਪਣੇ ਪੁਰਖਿਆਂ ਨਾਲ ਸਾਂਝ ਪਾਉਣਾ ਹੈ, ਆਪਣੇ ਵਿਰਸੇ ਨਾਲ ਸਾਂਝ ਪਾਉਣਾ ਹੈ। ਪੁਰਖਿਆਂ ਨਾਲ ਸਾਂਝ ਪਾਉਣ ਦਾ ਜਸ਼ਨ ਮਾਂ-ਬੋਲੀ ਵਿੱਚ ਹੀ ਹੋ ਸਕਦਾ ਹੈ, ਕਿਸੇ ਹੋਰ ਬੋਲੀ ਵਿੱਚ ਨਹੀਂ। ਮਾਂ-ਬੋਲੀ ਵਿੱਚ ਹੀ ਪੁਰਖਿਆਂ ਦੇ ਸੁਪਨਿਆਂ ਵਿੱਚ ਜਾਗਿਆ ਜਾ ਸਕਦਾ ਹੈ ਅਤੇ ਨਵੇਂ ਸੁਪਨੇ ਬਣਾਏ-ਸਿਰਜੇ ਜਾ ਸਕਦੇ ਹਨ; ਮਾਂ-ਬੋਲੀ ਵਿੱਚ ਭਵਿੱਖ ਦੇ ਖਮੀਰ ਦੇ ਦੁੱਧ ਨੂੰ ਜਾਗ ਲੱਗਦੀ ਹੈ, ਜਿਵੇਂ ਚੰਦਨ ਨੇ ਕਿਹਾ ਹੈ, ”ਮਾਂ-ਬੋਲੀ ਵਿੱਚ ਮਿਰਜ਼ੇ ਹੀਰਾਂ ਅਲਖ ਜਗਾਵਣ/ਮਾਂ-ਬੋਲੀ ਵਿੱਚ ਸ਼ਬਦ ਗੁਰਾਂ ਦੇ, ਪਰੀਆਂ ਗਾਵਣ/ਸਭ ਕੁਝ ਸਿਰਜੇ ਬਿਨਸੇ ਮਾਂ-ਬੋਲੀ ਹੀ।”
ਹੁਣ ਮਾਂ-ਬੋਲੀ ਨੂੰ ਸਿਮਰਦਿਆਂ ਪੰਜਾਬੀ ਸ਼ਾਇਰ ਜਸਵੰਤ ਜ਼ਫਰ (ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ) ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ ਵਿੱਚ ਪੰਜਾਬ ਸਰਕਾਰ ਦੇ ਇੱਕ ਹੁਕਮ ਨੂੰ ਪਹਿਲਾਂ ਅੰਗਰੇਜ਼ੀ ਵਿੱਚ ਜਾਰੀ ਕਰਨ ਤੇ ਪੰਜਾਬੀ ਵਿੱਚ ਨਾ ਜਾਰੀ ਕਰਨ ‘ਤੇ ਇਤਰਾਜ਼ ਜਤਾਇਆ ਹੈ। ਬਹੁਤ ਦੇਰ ਬਾਅਦ ਪ੍ਰਸ਼ਾਸਨਿਕ ਹਲਕਿਆਂ ਵਿੱਚ ਪੰਜਾਬੀ ਦੇ ਹੱਕ ਵਿੱਚ ਆਵਾਜ਼ ਉੱਠੀ ਹੈ। ਪੰਜਾਬੀ ਕਈ ਸਦੀਆਂ ਤੋਂ ਸੱਤਾ ਦੇ ਗਲਿਆਰਿਆਂ ਵਿੱਚ ਬੇਗਾਨੀ ਹੋਈ ਖੜ੍ਹੀ ਹੈ; ਨਾ ਬਾਦਸ਼ਾਹਾਂ ਤੇ ਮਹਾਰਾਜਿਆਂ ਨੇ ਇਸ ਨੂੰ ਇਸ ਦਾ ਹੱਕ ਦਿੱਤਾ ਅਤੇ ਨਾ ਹੀ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੇ।
ਮਾਂ-ਬੋਲੀ ਲਈ ਫ਼ਿਕਰ ਇਨ੍ਹਾਂ ਦਿਨਾਂ ਵਿੱਚ ਕਈ ਰੂਪਾਂ ਵਿੱਚ ਉੱਭਰ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਦੇ ਲੋਕ ਆਪੋ-ਆਪਣੀ ਮਾਂ-ਬੋਲੀ ਲਈ ਫ਼ਿਕਰਮੰਦ ਹਨ। ਸਿਆਸੀ ਹਲਕਿਆਂ ਵਿੱਚ ਮਾਂ-ਬੋਲੀ ਦੇ ਹੱਕ ਵਿੱਚ ਸਭ ਤੋਂ ਬੁਲੰਦ ਆਵਾਜ਼ਾਂ ਕਰਨਾਟਕ ਅਤੇ ਤਾਮਿਲਨਾਡੂ ‘ਚੋਂ ਉੱਠੀਆਂ ਹਨ। ਉਨ੍ਹਾਂ ਨੂੰ ਫ਼ਿਕਰ ਹੈ ਕਿ ਹੋਰ ਭਾਸ਼ਾਵਾਂ ਉਨ੍ਹਾਂ ਦੀਆਂ ਭਾਸ਼ਾਵਾਂ ‘ਤੇ ਗ਼ਲਬਾ ਪਾ ਰਹੀਆਂ ਹਨ। ਉਹ ਇਨ੍ਹਾਂ ਯਤਨਾਂ ਦਾ ਵਿਰੋਧ ਕਰ ਰਹੇ ਹਨ। ਪੰਜਾਬ ਦੀਆਂ ਸਭ ਸਿਆਸੀ ਪਾਰਟੀਆਂ ਦੇ ਆਗੂ ਗਾਹੇ-ਬਗਾਹੇ ਪੰਜਾਬੀ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਰਹੇ ਹਨ ਪਰ ਪੰਜਾਬੀ ਭਾਸ਼ਾ ਦੇ ਲਿਖਣ, ਬੋਲਣ, ਸਮਝੇ ਤੇ ਪ੍ਰਚਾਰੇ ਜਾਣ ਦੇ ਖੇਤਰਾਂ ਵਿੱਚ ਪੰਜਾਬੀ ਭਾਸ਼ਾ/ਬੋਲੀ ਉੱਥੇ ਹੀ ਖਲੋਤੀ ਹੈ ਜਿੰਨੀ 59 ਸਾਲ (1966 ਵਿੱਚ ਪੰਜਾਬੀ ਸੂਬੇ ਦੇ ਬਣਨ ਵੇਲੇ) ਪਹਿਲਾਂ ਖੜ੍ਹੀ ਸੀ ਜਾਂ ਉਨ੍ਹਾਂ ਮਾਪਦੰਡਾਂ ‘ਤੇ ਵੀ ਪਿਛਾਂਹ ਗਈ ਹੈ; ਆਪਣੇ ਹੀ ਘਰ ਵਿੱਚ ਹੋ ਰਹੀ ਇਸ ਅਧੋਗਤੀ ਦਾ ਇਹ ਰੋਣਾ ਪੰਜਾਬੀ ਬੰਦਾ ਕਿਸ ਕੋਲ ਰੋਵੇ। ਇਸ ਅਧੋਗਤੀ ਵਿੱਚ ਉਹ ਆਪ ਵੀ ਸ਼ਾਮਿਲ ਹੈ; ਉਸ ਦੀ ਆਪਣੀ ਭੂਮਿਕਾ ਵੀ ਕਟਹਿਰੇ ਵਿੱਚ ਹੈ ਪਰ ਵੱਡਾ ਸਵਾਲ ਸਿਆਸੀ ਆਗੂਆਂ ‘ਤੇ ਹੈ ਕਿ ਆਪਣੀ ਭਾਸ਼ਾ ਦੇ ਹੱਕ ਵਿੱਚ ਉਨ੍ਹਾਂ ਦੀ ਆਵਾਜ਼ ਬੁਲੰਦ ਕਿਉਂ ਨਹੀਂ ਹੈ।
ਦਲੀਲ ਦਿੱਤੀ ਜਾ ਸਕਦੀ ਹੈ ਕਿ ਕੀ ਫ਼ਰਕ ਪੈਂਦਾ ਹੈ ਕਿ ਕੋਈ ਹੁਕਮ ਅੰਗਰੇਜ਼ੀ ਵਿੱਚ ਜਾਰੀ ਹੋਵੇ ਜਾਂ ਪੰਜਾਬੀ ਵਿੱਚ ਪਰ ਗੱਲ ਸਿਰਫ਼ ਇੱਕ ਹੁਕਮ ਦੀ ਨਹੀਂ ਹੈ ਸਗੋਂ ਪੰਜਾਬੀ ਨੂੰ ਵਿਸਾਰੇ ਜਾਣ ਦੇ ਵਰਤਾਰੇ ਦੀ ਹੈ। ਮਾਂ-ਬੋਲੀ ਜਾਂ ਲੋਕ ਬੋਲੀ ਨਜ਼ਮ ਹੁਸੈਨ ਸਈਅਦ ਦੇ ਸ਼ਬਦਾਂ ਵਿੱਚ ਉਹ ਹੁੰਦੀ ਹੈ, ”ਲੋਕ ਬੋਲੜੀ ਉਹ/ਜਿਹੜੀ ਖਲਕ ਦੇ ਵਿੱਸਰੇ ਬੋਲ ਬੋਲੇ।” ਇਸ ਕਵਿਤਾ ਵਿੱਚ ਉਹ ਲਿਖਦੇ ਨੇ- ”ਸਾਂਝ, ਮਿੱਸੜਾ ਕੌਲ ਕਰਾਰ/ਲੋਕ ਬੋਲੜੀ ਉਹ૴ ਤਲੀ ਤਲੀ ਜਗਾਏ ਜੋ ਲੇਖ ਬੁਝੇ।” ਹਾਂ, ਮਾਂ-ਬੋਲੀ, ਲੋਕ ਬੋਲੀ ਉਹ ਹੁੰਦੀ ਏ ਜਿਹੜੀ ਖ਼ਲਕਤ ਦੇ ਵਿਸਰੇ ਬੋਲ ਬਣਦੀ, ਸਾਂਝਾਂ ਸਿਰਜਦੀ, ਮਿੱਸੇ ਕੌਲ ਕਰਾਰ ਬਣਦੀ ਏ, ਤਲੀ ਤਲੀ ‘ਤੇ ਜਗਾਉਂਦੀ ਏ ਬੁਝੇ ਲੇਖ। ਉਸ ਮਾਂ-ਬੋਲੀ/ਲੋਕ ਬੋਲੀ ਦਾ ਕੀ ਹਾਲ ਹੋਵੇਗਾ ਜਿਸ ਨੂੰ ਉਸ ਦੇ ਆਪਣੇ ਲੋਕ ਵੀ ਵਿਸਾਰਦੇ ਪਏ ਨੇ ਤੇ ਸਰਕਾਰ ਵੀ। ਸਿਆਸੀ ਆਗੂ ਵੋਟਾਂ ਮੰਗਣ ਤੇ ਸੱਤਾ ਦੇ ਮਹਿਲਾਂ ਵਿੱਚ ਪ੍ਰਵੇਸ਼ ਕਰਨ ਲਈ ਤਾਂ ਪੰਜਾਬੀ ਬੋਲਦੇ ਨੇ ਤੇ ਉਸ ਵੇਲੇ ਪੰਜਾਬੀ ਦੇ ਹੱਕ ਵਿੱਚ ਗੱਲਾਂ ਵੀ ਕਰਦੇ ਨੇ ਪਰ ਸੱਤਾ ਵਿੱਚ ਆਉਣ ‘ਤੇ ਪੰਜਾਬੀ ਬੋਲੀ ਸੱਤਾ ਦੇ ਚਮਕਦੇ ਦੁਆਰਾਂ ਸਾਹਮਣੇ ਉੱਥੇ ਖੜ੍ਹੀ ਰਹਿ ਜਾਂਦੀ ਏ ਜਿੱਥੇ ਪਹਿਲਾਂ ਖੜ੍ਹੀ ਸੀ।
ਕੁਝ ਸਮਾਂ ਪਹਿਲਾਂ ਲਿਖੇ ਆਪਣੇ ਲੇਖ ‘ਧਨੀ ਰਾਮ ਚਾਤ੍ਰਿਕ ਦੀ ਚਿੰਤਾ ਨੂੰ ਸਮਝਦਿਆਂ’ ਵਿੱਚ ਮੈਂ ਪੰਜਾਬੀ ਭਾਸ਼ਾ ਦੀਆਂ ਸਮੱਸਿਆਵਾਂ ਨੂੰ ਚਾਤ੍ਰਿਕ ਦੀ ਮਸ਼ਹੂਰ ਕਵਿਤਾ ‘ਅਸੀਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ’ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਗੀਤ ਵਾਂਗ ਲਿਖੀ ਇਹ ਕਵਿਤਾ ਦਿਲ ਨੂੰ ਧੂਹ ਪਾਉਂਦੀ ਹੈ ਅਤੇ ਸੋਚਣ ਲਈ ਮਜਬੂਰ ਕਰਦੀ ਹੈ:

ਅਸੀਂ ਨਹੀਂ ਭੁਲਾਉਣੀ,
ਬੋਲੀ ਹੈ ਪੰਜਾਬੀ ਸਾਡੀ।

ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ,

ਹੱਥੋਂ ਨਹੀਂ ਗੁਆਉਣੀ,
ਬੋਲੀ ਹੈ ਪੰਜਾਬੀ ਸਾਡੀ।

ਤ੍ਰਿੰਞਣਾਂ ਭੰਡਾਰਾਂ ਵਿੱਚ,
ਵੰਝਲੀ ਤੇ ਵਾਰਾਂ ਵਿੱਚ,

ਮਿੱਠੀ ਤੇ ਸੁਹਾਉਣੀ,
ਬੋਲੀ ਹੈ ਪੰਜਾਬੀ ਸਾਡੀ।

ਜੋਧ ਤੇ ਕਮਾਈਆਂ ਵਿੱਚ,
ਜੰਗਾਂ ਤੇ ਲੜਾਈਆਂ ਵਿੱਚ,

ਏਹੋ ਜਿੰਦ ਪਾਉਣੀ,
ਬੋਲੀ ਹੈ ਪੰਜਾਬੀ ਸਾਡੀ।

ਫੁੱਲਾਂ ਦੀ ਕਿਆਰੀ ਸਾਡੀ,
ਸੁੱਖਾਂ ਦੀ ਅਟਾਰੀ ਸਾਡੀ,

ਭੁੱਲ ਕੇ ਨਹੀਂ ਢਾਉਣੀ,
ਬੋਲੀ ਹੈ ਪੰਜਾਬੀ ਸਾਡੀ।

ਪਹਿਲੀ ਨਜ਼ਰੇ ਕਿਹਾ ਜਾ ਸਕਦਾ ਹੈ ਕਿ ਇਹ ਖ਼ੂਬਸੂਰਤ ਕਵਿਤਾ ਧਨੀ ਰਾਮ ਚਾਤ੍ਰਿਕ ਦੇ ਪੰਜਾਬੀ ਪ੍ਰਤੀ ਪਿਆਰ ਨੂੰ ਪ੍ਰਗਟ ਕਰਦੀ ਅਤੇ ਪੰਜਾਬੀ ਪਿਆਰਿਆਂ ਦੀ ਆਪਣੀ ਭਾਸ਼ਾ ਪ੍ਰਤੀ ਸ਼ਰਧਾ ਤੇ ਪ੍ਰੇਮ ਨੂੰ ਜ਼ੁਬਾਨ ਦਿੰਦੀ ਹੈ ਪਰ ਕਿਸੇ ਨਾ ਕਿਸੇ ਪੱਧਰ ‘ਤੇ ਇਹ ਕਵਿਤਾ ਪ੍ਰੇਸ਼ਾਨ ਵੀ ਕਰਦੀ ਹੈ।
ਮੈਂ ਬਹੁਤ ਵਾਰ ਆਪਣੇ ਆਪ ਨੂੰ ਧਨੀ ਰਾਮ ਚਾਤ੍ਰਿਕ ਹੋਰਾਂ ਦੇ ਸਮੇਂ ਵਿੱਚ ਵਾਪਸ ਲੈ ਕੇ ਜਾਣ ਦੀ ਕਲਪਨਾ ਕਰਦਿਆਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਮਨ ਵਿੱਚ ਇਹ ਚਿੰਤਾ ਕਿਉਂ ਉੱਭਰੀ ਕਿ ਅਸੀਂ ਪੰਜਾਬੀ ਬੋਲੀ ਨੂੰ ਭੁਲਾਉਣਾ ਨਹੀਂ; ਸਪੱਸ਼ਟ ਹੈ ਧਨੀ ਰਾਮ ਚਾਤ੍ਰਿਕ ਇਹ ਵਰਤਾਰਾ ਕਿ ਪੰਜਾਬੀ ਬੋਲੀ ਨੂੰ ਭੁਲਾਇਆ ਜਾ ਰਿਹਾ ਹੈ, ਆਪਣੇ ਸਾਹਮਣੇ ਦੇਖ ਰਹੇ ਸਨ; ਇਸੇ ਲਈ ਉਨ੍ਹਾਂ ਦੇ ਦਿਲ ਵਿੱਚੋਂ ਹੂਕ ਉੱਠੀ- ”ਅਸੀਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ।”
ਬਾਬੂ ਫਿਰੋਜ਼ਦੀਨ ਸ਼ਰਫ਼ ਦੀ ਮਸ਼ਹੂਰ ਕਵਿਤਾ ‘ਆਪਣੀ ਬੋਲੀ ਨਾਲ ਪਿਆਰ’ ਵਿੱਚ ਵੀ ਧਨੀ ਰਾਮ ਚਾਤ੍ਰਿਕ ਵਾਲਾ ਫ਼ਿਕਰ ਹਾਜ਼ਰ ਹੈ। ਬਾਬੂ ਜੀ ਲਿਖਦੇ ਹਨ- ”ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।” ਫ਼ਿਕਰ ਉਹੋ ਹੈ; ਇਹ ਉਹ ਵੇਲੇ ਸਨ ਜਦ ਪੰਜਾਬੀ ਦੇ ਪਿਆਰਿਆਂ ਨੂੰ ਪੰਜਾਬੀ ਦੀ ਖ਼ੈਰ ਮੰਗਣੀ ਪੈ ਰਹੀ ਸੀ। ਸਵਾਲ ਇਹ ਹੈ ਕਿ ਖ਼ੈਰ ਮੰਗਣ ਦਾ ਪ੍ਰਸ਼ਨ ਉਦੋਂ ਕਿਉਂ ਪੈਦਾ ਹੋ ਰਿਹਾ ਸੀ ਤੇ ਹੁਣ ਵੀ ਕਿਉਂ ਪੈਦਾ ਹੋ ਰਿਹਾ ਹੈ? ਇਹ ਚਿੰਤਾ ਕਿ ਅਸੀਂ ਪੰਜਾਬੀ ਬੋਲੀ ਨੂੰ ਨਹੀਂ ਭੁਲਾਉਣਾ, ਚਾਤ੍ਰਿਕ ਦੇ ਮਨ ਵਿੱਚ ਕਿਉਂ ਪੈਦਾ ਹੋ ਰਹੀ ਸੀ? ਦਰਅਸਲ, ਚਾਤ੍ਰਿਕ ਜੀ ਦਾ ਮਨ ਆਪਣੇ ਵੇਲੇ ਦੇ ਪੈਰਾਂ ਦਾ ਖੜਾਕ ਅਤੇ ਆਉਣ ਵਾਲੇ ਸਮੇਂ ਦੇ ਪੈਰਾਂ ਦਾ ਖੜਾਕ ਸੁਣ ਰਿਹਾ ਸੀ, ਜਦੋਂ ਪੰਜਾਬੀ ਭੁੱਲ ਜਾਣੀ ਹੈ, ਭੁਲਾਈ ਜਾਣੀ ਹੈ।
ਧਨੀ ਰਾਮ ਚਾਤ੍ਰਿਕ ਦੇ ਸਮਿਆਂ (ਜਨਮ 1876, ਦੇਹਾਂਤ 1954) ਵਿੱਚ ਪੰਜਾਬੀ ਬੋਲੀ ਨੂੰ ਭੁਲਾਉਣ, ਮਧੋਲਣ ਅਤੇ ਇਸ ਨੂੰ ਪੱਛੜੀ ਹੋਈ ਬੋਲੀ ਕਹਿਣ ਦਾ ਵਰਤਾਰਾ ਸਿਖਰਾਂ ‘ਤੇ ਸੀ। ਅੰਗਰੇਜ਼ਾਂ ਨੇ ਉਰਦੂ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾ ਦਿੱਤਾ ਸੀ ਅਤੇ ਸਰਕਾਰੀ ਸਕੂਲਾਂ, ਕਾਲਜਾਂ ਆਦਿ ਵਿੱਚ ਪੜ੍ਹਾਈ-ਲਿਖਾਈ ਉਰਦੂ ਅਤੇ ਅੰਗਰੇਜ਼ੀ ਵਿੱਚ ਹੁੰਦੀ ਸੀ। ਪਰ 1947 ਤੇ ਫਿਰ 1966 ਵਿੱਚ ਤਾਂ ਸਥਿਤੀ ਬਦਲੀ ਤੇ ਖ਼ਾਸ ਕਰ ਕੇ 1967 ਵਿੱਚ ਜਦੋਂ ਲਛਮਣ ਸਿੰਘ ਗਿੱਲ ਦੀ ਅਗਵਾਈ ਵਾਲੀ ਸਰਕਾਰ ਸਮੇਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਬਣਾਉਣ ਦਾ ਕਾਨੂੰਨ ਬਣਾਇਆ ਗਿਆ।
ਉਸ ਐਕਟ ਤੋਂ ਬਾਅਦ ਗੱਲ ਅੱਗੇ ਤੁਰ ਸਕਦੀ ਸੀ ਜੇ ਸਾਡੇ ਸਿਆਸਤਦਾਨ ਤੇ ਪ੍ਰਸ਼ਾਸਨਿਕ ਅਧਿਕਾਰੀ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਬਾਰੇ ਸੁਹਿਰਦ ਤੇ ਸੰਵੇਦਨਸ਼ੀਲ ਹੁੰਦੇ, ਜੇ ਉਹ ਉਸ ਮਾਂ-ਬੋਲੀ ਦਾ ਸਿਮਰਨ ਕਰਨ ਵਾਲੇ ਹੁੰਦੇ ਜਿਸ ਨੂੰ ਸ਼ੇਖ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ ਨੇ ਵਿਚਾਰਾਂ ਦੀ ਭਾਸ਼ਾ ਵਜੋਂ ਰੁਸ਼ਨਾਇਆ ਸੀ, ਜਿਸ ਵਿੱਚ ਪਰੀਆਂ ਨੇ ਸ਼ਬਦ ਗਾਏ ਨੇ, ਜਿਸ ਵਿੱਚ ਰੁੱਤਾਂ ਫਿਰਦੀਆਂ ਤੇ ਵਣ ਕੰਬਦੇ ਨੇ, ਮੋਰ ਰੁਣਝੁਣ ਲਾਉਂਦੇ ਨੇ, ਜਿਸ ਵਿੱਚ ਤੁਰਦੇ ਪਾਂਧੀਆਂ ਦੇ ਨਾਲ ਨਾਲ ਚਿੜੀਆਂ ਚੂਕਦੀਆਂ ਨੇ, ਗੀਤ ਚੁੰਝ ਭਰਦੇ ਨੇ। ਸਿਆਸੀ ਆਗੂ ਭੁੱਲ ਜਾਂਦੇ ਨੇ ਕਿ ਇਹ ਉਹੀ ਬੋਲੀ ਹੈ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਵਿਰੁੱਧ ਬਾਬਰਵਾਣੀ ਲਿਖੀ ਸੀ ਤੇ ਜਿਸ ਵਿੱਚ ਬਾਂਕੇ ਦਿਆਲ ਦੀ ਪੁਕਾਰ ‘ਪਗੜੀ ਸੰਭਾਲ ਜੱਟਾ’ ਨੇ 1907 ਵਿੱਚ ਉਸ ਸਮੇਂ ਦੇ ਕਿਸਾਨ ਅੰਦੋਲਨ ਵਿੱਚ ਨਵੀਂ ਸ਼ਬਦ-ਰੂਹ ਫੂਕੀ ਸੀ ਅਤੇ ਫਿਰ ਲਗਾਤਾਰ ‘ਬਲਦੇ ਹੱਥ’ ਲੋਕ-ਹੱਕਾਂ ਲਈ ਤੇ ਜ਼ੁਲਮ-ਜਬਰ ਦੇ ਵਿਰੁੱਧ ਆਪਣੇ ਹਰਫ਼ ‘ਹਵਾ ਵਿੱਚ’ ਤੇ ਕਾਗਜ਼ਾਂ ‘ਤੇ ਲਿਖਦੇ ਆਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੰਜਾਬੀ ਬੋਲੀ ਦੇ ਇਨ੍ਹਾਂ ਇਤਿਹਾਸਾਂ ਦਾ ਨਹੀਂ ਪਤਾ ਪਰ ਪੰਜਾਬ ਦੇ ਸਿਆਸੀ ਆਗੂਆਂ ਨੂੰ ਤਾਂ ਪਤਾ ਹੈ।
ਪ੍ਰਮੁੱਖ ਸਮੱਸਿਆ ਇਹ ਹੈ ਕਿ ਭਾਸ਼ਾ ਦੇ ਸਵਾਲ ਨੂੰ ਭਾਵੁਕਤਾ ਜਾਂ ਉਪਭਾਵੁਕਤਾ ਨਾਲ ਨਹੀਂ ਨਜਿੱਠਿਆ ਜਾ ਸਕਦਾ। ਪਰ ਇਹ ਵੀ ਵਿਸਾਰਨਾ ਨਹੀਂ ਚਾਹੀਦਾ ਕਿ ਭਾਵੁਕਤਾ ਮਨੁੱਖੀ ਮਨ ਤੇ ਭਾਵਾਂ ਦੀ ਠੋਸ ਜ਼ਮੀਨ ‘ਤੇ ਪਲਦੀ ਹੈ; ਜਜ਼ਬੇ ਇਸ ਦੀ ਮਿੱਟੀ ਵਿੱਚ ਹੀ ਜਵਾਨ ਹੁੰਦੇ ਹਨ ਅਤੇ ਤਰਕ ਵੀ ਇਸੇ ਖ਼ਮੀਰ ਵਿੱਚੋਂ ਹੋਂਦ ਵਿੱਚ ਆਉਂਦਾ ਹੈ। ਪੰਜਾਬੀ ਭਾਸ਼ਾ ਨੂੰ ਲਾਗੂ ਕਰਨ-ਕਰਵਾਉਣ ਦਾ ਤਰਕ ਵੀ ਸਾਡੀਆਂ ਭਾਵਨਾਵਾਂ ‘ਚੋਂ ਉੱਭਰਨਾ ਹੈ ਤੇ ਸਥਿਤੀ ਬਾਬੂ ਰਜਬ ਅਲੀ ਦੇ ਦਹਾਕਿਆਂ ਪਹਿਲਾਂ ਲਿਖੇ ਸ਼ਬਦਾਂ ਵਾਲੀ ਹੈ, ”ਬਾਬੂ ਜੀ, ਪੰਜਾਬੀ ਫਿਰੇ ਸਿਖਦਾ ਜ਼ੁਬਾਨਾਂ ਹੋਰ।”
ਇਸ ਤਰ੍ਹਾਂ, ਪੰਜਾਬੀ ਭਾਸ਼ਾ ਲਾਗੂ ਕਰਨ-ਕਰਵਾਉਣ ਦਾ ਤਰਕ ਸਾਡੀ ਭਾਵੁਕਤਾ ‘ਚੋਂ ਹੀ ਉਸਰਨਾ ਹੈ। ਜਸਵੰਤ ਜ਼ਫਰ ਨੇ ਵੀ ਉਪਰੋਕਤ ਚਿੱਠੀ ਭਾਵੁਕਤਾ ਦੀ ਜ਼ਮੀਨ ‘ਤੇ ਖਲੋ ਕੇ ਲਿਖੀ ਹੈ ਪਰ ਇਸ ਵਿਚਲਾ ਤਰਕ ਲੋਕਾਂ ਦੇ ਹੱਕ ਵਿੱਚ ਖਲੋਂਦਾ ਹੈ; ਲੋਕ ਬੋਲੀ ਹੀ ਲੋਕ-ਹੱਕਾਂ ਦੀ ਵਾਹਕ ਬਣ ਸਕਦੀ ਹੈ।
ਪੰਜਾਬੀ ਭਾਸ਼ਾ/ਬੋਲੀ ਨੂੰ ਅਸੀਂ ਲੋਕ ਬੋਲੀ ਤੱਕ ਸੀਮਤ ਨਹੀਂ ਰੱਖਣਾ, ਅਸੀਂ ਵੀ ਉਹ ਸਫ਼ਰ ਕਰਨੇ ਹਨ ਜਿਹੜੇ ਹੋਰ ਭਾਸ਼ਾਵਾਂ ਨੇ ਤੈਅ ਕੀਤੇ ਹਨ। ਪੰਜਾਬੀ ਆਲੋਚਕ ਸੁਖਦੇਵ ਸਿੰਘ ਸਿਰਸਾ ਅਨੁਸਾਰ, ਗੱਲ ਸਿਆਸੀ ਆਗੂਆਂ ਦੀ ਭਾਸ਼ਾ ਦੀ ਨਹੀਂ ਸਗੋਂ ਭਾਸ਼ਾ ਦੀ ਸਿਆਸਤ ਦੀ ਹੈ ਜਿਸ ਵਿੱਚੋਂ ਇਹ ਸਵਾਲ ਉੱਭਰਦੇ ਹਨ: ਕੌਣ ਪੰਜਾਬੀ ਭਾਸ਼ਾ ਨੂੰ ਸੰਪੂਰਨ ਰੂਪ ਵਿੱਚ ਰਾਜ ਭਾਸ਼ਾ ਨਹੀਂ ਬਣਨ ਦੇ ਰਿਹਾ? ਉਹ ਕਿਹੜੇ ਵਿਅਕਤੀ ਹਨ ਜੋ ਇਸ ਰਾਹ ਵਿੱਚ ਅਡਿ਼ੱਕੇ ਖੜ੍ਹੇ ਕਰਦੇ ਹਨ? ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਵਿੱਚ ਔਖਿਆਈ ਕਿਨ੍ਹਾਂ ਲੋਕਾਂ ਨੂੰ ਹੁੰਦੀ ਹੈ? ਕਿਉਂ ਸਾਡੇ ਸਿਆਸੀ ਆਗੂਆਂ ਦੀ ਰੂਹ ਵਿੱਚ ਪੰਜਾਬੀ ਭਾਸ਼ਾ/ਬੋਲੀ ਨਾਲ ਪਿਆਰ ਦੇ ਪੱਤਰ ਨਹੀਂ ਮੌਲਦੇ? ਇਸ ਵਰਤਾਰੇ, ਕਿ ਪੰਜਾਬੀ ਸਹੀ ਅਰਥਾਂ ਵਿੱਚ ਰਾਜ ਭਾਸ਼ਾ ਨਾ ਬਣੇ, ‘ਚੋਂ ਫ਼ਾਇਦਾ ਕਿਸ ਨੂੰ ਹੋ ਰਿਹਾ ਹੈ ਤੇ ਨੁਕਸਾਨ ਕਿਸ ਨੂੰ? ਮਾਂ-ਬੋਲੀ ਪੰਜਾਬੀ ਨੂੰ ਸਿਮਰਦਿਆਂ ਇਹ ਸਵਾਲ ਸੋਚਾਂ ਸਾਹਮਣੇ ਕੰਡਿਆਲੇ ਰੁੱਖਾਂ ਵਾਂਗ ਖੜ੍ਹੇ ਹੋ ਜਾਂਦੇ ਹਨ।
ਇਸ ਲੇਖ ਦਾ ਅਨੁਵਾਨ ਮਰਹੂਮ ਪੰਜਾਬੀ ਚਿੰਤਕ ਸਤਯਪਾਲ ਗੌਤਮ ਦੀ ਅਮਰਜੀਤ ਚੰਦਨ ਦੀ ਕਿਤਾਬ ‘ਛੰਨਾ’ ਦੀ ਭੂਮਿਕਾ ‘ਮਾਂ-ਬੋਲੀ ਸਿਮਰਦਿਆਂ’ ਤੋਂ ਹੁਦਾਰਾ ਲਿਆ ਗਿਆ ਹੈ। ਇਸ ਲੇਖ ਵਿੱਚ ਗੌਤਮ ਨੇ ਲਿਖਿਆ ਸੀ, ”ਜਦੋਂ ਵੀ ਅਸੀਂ ਦੁਨੀਆ ਵੱਲ ਝਾਕਦੇ ਹਾਂ ਤਾਂ ਸਾਨੂੰ ਲਫ਼ਜ਼ ਨਹੀਂ, ਸ਼ੈਆਂ ਨਜ਼ਰ ਆਉਂਦੀਆਂ ਹਨ। ਪਰ ਬਿਨਾਂ ਮਾਂ-ਬੋਲੀ ਦੇ, ਇਨ੍ਹਾਂ ਸ਼ੈਆਂ ਸਥਿਤੀਆਂ ਦੇ ਅਨੁਭਵ ਸਾਡੇ ਲਈ ਉਹੋ ਨਹੀਂ ਹੁੰਦੇ, ਹੋ ਨਹੀਂ ਸਕਦੇ, ਜਿਹੜਾ ਵਾਸਤਾ ਮਾਂ-ਬੋਲੀ ਮਾਰਫ਼ਤ ਬਣਦਾ ਹੈ।” ਇਸ ਸਬੰਧੀ ਵੱਡੀ ਸਿਧਾਂਤਕਾਰੀ ਉਪਲੱਬਧ ਹੈ ਕਿ ਮਾਂ-ਬੋਲੀ ਤੋਂ ਬੇਗਾਨੇ ਹੋਏ ਬੱਚੇ ਤੇ ਲੋਕ ਸੱਭਿਆਚਾਰਕ ਤੇ ਰੂਹਾਨੀ ਪੱਖ ਤੋਂ ਹੀ ਲਿੱਸੇ ਨਹੀਂ ਰਹਿੰਦੇ ਸਗੋਂ ਉਹ ਮੌਲਿਕ ਸਿਰਜਨਾਤਮਕ ਕੰਮ ਕਰਨ ਤੋਂ ਵੀ ਅਸਮਰੱਥ ਹੁੰਦੇ ਹਨ।
ਇਨ੍ਹਾਂ ਹਾਲਾਤ ਵਿੱਚ ਜਿੱਥੇ ਮਾਂ-ਬੋਲੀ ਪੰਜਾਬੀ ਨੂੰ ਸਿਮਰਨਾ ਤੇ ਇਸ ਦੀ ਤਰੱਕੀ ਲਈ ਕੰਮ ਕਰਨਾ ਸਾਡੀ ਭਾਵਨਾਤਮਕ ਲੋੜ ਹੈ, ਉੱਥੇ ਇਹ ਪੰਜਾਬ ਦੀ ਹੋਂਦ ਨੂੰ ਕਾਇਮ ਰੱਖਣ ਅਤੇ ਇੱਥੋਂ ਦੇ ਬੱਚਿਆਂ ਦੇ ਭਵਿੱਖ ਦੀ ਸਿਰਜਣ-ਸ਼ਕਤੀ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ। ਮਾਂ-ਬੋਲੀ/ਭਾਸ਼ਾ ਤੋਂ ਬੇਗਾਨੇ ਹੋਏ ਲੋਕ ਕਦੇ ਵੀ ਆਪਣੇ ਹੋਣ, ਵਿਗਸਣ ਤੇ ਮੌਲਣ ਦੇ ਸੰਸਾਰ ਨਹੀਂ ਸਿਰਜ ਸਕਦੇ। ਜ਼ਰੂਰਤ ਹੈ ਕਿ ਸਰਕਾਰ ਤੇ ਲੋਕ ਜਸਵੰਤ ਜ਼ਫ਼ਰ ਦੀ ਲਿਖੀ ਚਿੱਠੀ ਵਿਚਲੀ ਭਾਵਨਾ ਨੂੰ ਸਮਝਣ, ਉਸ ਤੋਂ ਉਤੇਜਿਤ ਹੋਣ ਅਤੇ ਅਸੀਂ ਮਾਂ-ਬੋਲੀ ਪੰਜਾਬੀ ਨੂੰ ਰਾਜ ਭਾਸ਼ਾ, ਲੋਕ-ਬੋਲੀ ਅਤੇ ਵਿਚਾਰਾਂ ਤੇ ਵਿਗਿਆਨ ਦੀ ਭਾਸ਼ਾ ਬਣਾਉਣ ਦੀ ਰਾਹ ‘ਤੇ ਉਸ ਸਿਦਕ ਤੇ ਸਿਰੜ ਨਾਲ ਤੁਰੀਏ ਜੋ ਪੰਜਾਬ ਤੇ ਪੰਜਾਬੀਆਂ ਦਾ ਵਿਰਸਾ ਹੈ।