Friday, April 4, 2025
7 C
Vancouver

ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਕਾਰਬਨ ਟੈਕਸ ਹਟਾਉਣਾ ਕੋਈ ਬਹੁਤੀ ਹੈਰਾਨੀ ਵਾਲਾ ਫੈਸਲਾ ਨਹੀਂ : ਡੈਨੀਅਲ ਸਮਿਥ

ਕੈਲਗਰੀ, (ਏਕਜੋਤ ਸਿੰਘ): ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਕਾਰਬਨ ਟੈਕਸ ਹਟਾਉਣ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕਾਰਬਨ ਟੈਕਸ ਨੂੰ ਖ਼ਤਮ ਕਰਨ ਨਾਲ ਉਨ੍ਹਾਂ ਨੂੰ ਕੋਈ ਬਹੁਤੀ ਹੈਰਾਨੀ ਨਹੀਂ ਹੋਈ। ਸਮਿਥ ਨੇ ਕਿਹਾ ਕਿ ਨਵੀਂ ਫੈਡਰਲ ਸਰਕਾਰ ਦੀ ਅਸਲ ਪਰਖ ਤਾਂ ਉਦੋਂ ਹੋਣੀ ਹੈ ਜਦੋਂ ਵੱਡੇ ਉਦਯੋਗਕਾਰੀਆਂ ‘ਤੇ ਇਹ ਕਾਰਬਨ ਟੈਕਸ ਦੇ ਰੂਪ ਵਿੱਚ ਰਹਿਣ ਵਾਲਾ ਹੈ।
ਡੈਨੀਅਲ ਸਮਿਥ ਨੇ ਕਿਹਾ ”ਹਰ ਵਾਰ ਜਦੋਂ ਮੈਂ ਨਵੇਂ ਪ੍ਰਧਾਨ ਮੰਤਰੀ ਨੂੰ ਬੋਲਦੇ ਸੁਣਿਆ, ਉਹ ਕਹਿੰਦੇ ਹਨ ਕਿ ਉਦਯੋਗਕਾਰੀਆਂ ‘ਤੇ ਟੈਕਸ ਜ਼ਿਆਦਾ ਹੋਣਾ ਚਾਹੀਦਾ ਹੈ ਅਤੇ ਇਹ ਅਲਬਰਟਾ ਲਈ ਫਾਇਦੇਮੰਦ ਨਹੀਂ ਹੋਵੇਗਾ, ਜੇਕਰ ਕਾਰਬਨ ਟੈਕਸ ਖਤਮ ਕਰਕੇ ਸਾਰਾ ਬੋਝ ਉਦਯੋਗਕਾਰੀਆਂ ‘ਤੇ ਪਾਉਣਾ ਹੈ ਤਾਂ ਇਹ ਸਗੋਂ ਹੋਰ ਦੁਖਤ ਫੈਸਲਾ ਹੈ।” ਜ਼ਿਕਰਯੋਗ ਹੈ ਕਿ ਕਾਰਨੀ ਨੇ ਸ਼ੁੱਕਰਵਾਰ ਨੂੰ ਆਪਣੀ ਕਾਰਜਕਾਲ ਦੀ ਸ਼ੁਰੂਆਤ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਇੱਕ ਓਰਡਰ-ਇਨ-ਕਾਊਂਸਲ ਜਾਰੀ ਕਰਕੇ ਉਪਭੋਗਤਾ ਕਾਰਬਨ ਟੈਕਸ ਨੂੰ ਖ਼ਤਮ ਕਰ ਦਿੱਤਾ। ਉਨ੍ਹਾਂ ਇਹ ਕਦਮ ਆਪਣੀ ਚੋਣ ਮੁਹਿੰਮ ਦੌਰਾਨ ਕੀਤੇ ਵਾਅਦੇ ਅਨੁਸਾਰ ਚੁੱਕਿਆ। ਉਨ੍ਹਾਂ ਇਹ ਵੀ ਕਿਹਾ ਕਿ ਜੋ ਲੋਕ ਕਾਰਬਨ ਟੈਕਸ ਦੇ ਰਿਫੰਡ ਪ੍ਰਾਪਤ ਕਰ ਰਹੇ ਸਨ, ਉਨ੍ਹਾਂ ਨੂੰ ਅਖੀਰੀ ਭੁਗਤਾਨ ਅਪਰੈਲ ਵਿੱਚ ਕੀਤਾ ਜਾਵੇਗਾ। This report was written by Ekjot Singh as part of the Local Journalism Initiative.