Friday, April 4, 2025
4.9 C
Vancouver

ਮੌਤ ਦੇ ਰਾਹ ਉੱਤੇ ਸੁਫ਼ਨਿਆਂ ਦੀ ਤਾਬੀਰ

 

ਲਿਖਤ : ਅਰਵਿੰਦਰ ਜੌਹਲ
ਬਿਹਤਰ ਜ਼ਿੰਦਗੀ ਅਤੇ ਹੋਰ ਸੁੱਖ-ਸਹੂਲਤਾਂ ਦੀ ਆਸ ‘ਚ ਵਿਦੇਸ਼ੀ ਧਰਤੀ ‘ਤੇ ਗ਼ੈਰ-ਕਾਨੂੰਨੀ ਢੰਗ ਨਾਲ ਗਏ ਲੋਕਾਂ ਦੇ ਸੁਫ਼ਨਿਆਂ ਦਾ ਹਸ਼ਰ ਇਸ ਮਹੀਨੇ ਦੇ ਸ਼ੁਰੂ ਵਿੱਚ 5 ਫਰਵਰੀ ਨੂੰ ਅਸੀਂ ਉਦੋਂ ਦੇਖਿਆ ਜਦੋਂ ਹੱਥਾਂ ‘ਚ ਹਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਨਾਲ ਜਕੜੇ ਇਨ੍ਹਾਂ ਭਾਰਤੀਆਂ ਨਾਲ ਭਰਿਆ ਅਮਰੀਕੀ ਫ਼ੌਜੀ ਜਹਾਜ਼ ਸੀ-17 ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ‘ਤੇ ਉਤਰਿਆ। ਇਨ੍ਹਾਂ ਸਾਰਿਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖ਼ਲ ਹੋਣ ਕਾਰਨ ਵਾਪਸ ਭੇਜਿਆ ਗਿਆ ਹੈ। ਕੋਈ ਵੀ ਦੇਸ਼ ਕਾਨੂੰਨੀ ਤੌਰ ‘ਤੇ ਅਜਿਹੇ ਵਿਅਕਤੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਸਕਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਕਿ ਉਨ੍ਹਾਂ ਨੂੰ ਜ਼ੰਜੀਰਾਂ ‘ਚ ਜਕੜ ਕੇ ਵਾਪਸ ਭਾਰਤ ਭੇਜਿਆ ਗਿਆ ਅਤੇ ਉਨ੍ਹਾਂ ਨੂੰ ਵਾਸ਼ਰੂਮ ਵੀ ਇਸੇ ਸਥਿਤੀ ਵਿੱਚ ਜਾਣ ਲਈ ਮਜਬੂਰ ਕੀਤਾ ਗਿਆ। ਕੀ ਆਸਮਾਨ ‘ਚ ਉੱਚੇ ਉੱਡਦੇ ਜਹਾਜ਼ ਵਿੱਚੋਂ ਉਤਰ ਕੇ ਇਨ੍ਹਾਂ ਕਿਧਰੇ ਭੱਜ ਜਾਣਾ ਸੀ? ਨਹੀਂ, ਬਿਲਕੁਲ ਵੀ ਨਹੀਂ। ਇਹ ਡੋਨਲਡ ਟਰੰਪ ਵੱਲੋਂ ਅਮਰੀਕੀ ਧੌਂਸ ਦਾ ਹੀ ਮੁਜ਼ਾਹਰਾ ਸੀ। ਸਮੁੱਚੇ ਦੇਸ਼ ਵਿੱਚ ਇਸ ਗੱਲ ਕਾਰਨ ਰੋਸ ਹੈ ਕਿ ਜਿਸ ਢੰਗ ਨਾਲ ਇਨ੍ਹਾਂ ਭਾਰਤੀਆਂ ਦੀ ਵਾਪਸੀ ਹੋਈ ਹੈ, ਉਹ ਬਹੁਤ ਇਤਰਾਜ਼ਯੋਗ ਹੈ। ਮੈਕਸਿਕੋ ਅਤੇ ਕੋਲੰਬੀਆ ਜਿਹੇ ਨਿੱਕੇ-ਨਿੱਕੇ ਦੇਸ਼ਾਂ ਨੇ ਵੀ ਅਮਰੀਕਾ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਨਾਲ ਭਰ ਕੇ ਭੇਜੇ ਫ਼ੌਜੀ ਜਹਾਜ਼ਾਂ ਨੂੰ ਆਪਣੇ ਮੁਲਕਾਂ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ। ਇਨ੍ਹਾਂ ਦੋਵਾਂ ਲਾਤੀਨੀ ਅਮਰੀਕੀ ਮੁਲਕਾਂ ਨੇ ਅਮਰੀਕਾ ਨੂੰ ਸਾਫ਼ ਕਰ ਦਿੱਤਾ ਸੀ ਕਿ ਉਹ ਉਨ੍ਹਾਂ ਦੇ ਨਾਗਰਿਕਾਂ ਨੂੰ ਇਸ ਢੰਗ ਨਾਲ ਜ਼ਲੀਲ ਕਰ ਕੇ ਵਾਪਸ ਨਹੀਂ ਭੇਜ ਸਕਦਾ; ਉਹ ਆਪਣੇ ਨਾਗਰਿਕਾਂ ਨੂੰ ਖ਼ੁਦ ਮੁਸਾਫ਼ਰ ਜਹਾਜ਼ਾਂ ‘ਚ ਵਾਪਸ ਲੈ ਕੇ ਜਾਣਗੇ ਅਤੇ ਉਨ੍ਹਾਂ ਕੀਤਾ ਵੀ ਏਦਾਂ ਹੀ। ਪਰ ਸਾਡੇ ਦੇਸ਼ ਦੀ ਸੰਸਦ ਵਿੱਚ ਜਦੋਂ ਇਸ ਮੁੱਦੇ ‘ਤੇ ਵਿਰੋਧੀ ਧਿਰ ਨੇ ਰੌਲਾ ਪਾਇਆ ਤਾਂ ਦੇਸ਼ ਵੱਲੋਂ ਅਮਰੀਕਾ ਕੋਲ ਸਖ਼ਤ ਇਤਰਾਜ਼ ਪ੍ਰਗਟਾਉਣ ਦੀ ਬਜਾਏ ਉਲਟਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਮਰੀਕਾ ਦੀ ਇਸ ਕਾਰਵਾਈ ਨੂੰ ਇੱਕ ਤਰ੍ਹਾਂ ਸਹੀ ਠਹਿਰਾਉਂਦੇ ਨਜ਼ਰ ਆਏ। ਉਹ ਧਾਰਦਾਰ ਅੰਗਰੇਜ਼ੀ ‘ਚ ਗ਼ੈਰ-ਕਾਨੂੰਨੀ ਪਰਵਾਸ ਨਾਲ ਜੁੜੇ ਖ਼ਤਰੇ ਅਤੇ ਇਸ ਬਾਰੇ ਦੇਸ਼ ਦੀ ਸਿਧਾਂਤਕ ਪੁਜ਼ੀਸ਼ਨ ਦਾ ਵਿਖਿਆਨ ਕਰਦੇ ਰਹੇ। ਉਨ੍ਹਾਂ ਨੇ ਸੰਸਦ ਮੈਂਬਰਾਂ ਦੀ ਇਸ ਗੱਲੋਂ ਤਾਂ ਤਸੱਲੀ ਨਾ ਕਰਵਾਈ ਕਿ ਭਾਰਤ ਨੇ ਅਮਰੀਕਾ ਕੋਲ ਸਖ਼ਤ ਰੋਸ ਪ੍ਰਗਟਾ ਦਿੱਤਾ ਹੈ ਪਰ ਉਹ 2009 ਤੋਂ ਅਮਰੀਕਾ ਵੱਲੋਂ ਵਾਪਸ ਭੇਜੇ ਗਏ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦੀ ਗਿਣਤੀ ਗਿਣਾਉਂਦੇ ਰਹੇ। ਇਹ ਗਿਣਤੀ ਗਿਣਾਉਂਦਿਆਂ ਉਹ ਇਹ ਦੱਸਣਾ ਭੁੱਲ ਗਏ ਕਿ ਅਮਰੀਕਾ ਨੇ ਇਸ ਤਰ੍ਹਾਂ ਬੇੜੀਆਂ ‘ਚ ਜਕੜ ਕੇ ਪਹਿਲੀ ਵਾਰ ਭਾਰਤੀਆਂ ਨੂੰ ਵਾਪਸ ਭੇਜਿਆ ਹੈ। ਸੰਸਦ ਵਿੱਚ ਜਦੋਂ ਵਿਦੇਸ਼ ਮੰਤਰੀ ਇਹ ਗਿਣਤੀ ਗਿਣਾ ਰਹੇ ਸਨ ਤਾਂ ਅਮਰੀਕੀ ਫ਼ੌਜੀ ਜਹਾਜ਼ ਇਨ੍ਹਾਂ ਭਾਰਤੀਆਂ ਦਾ ਪਹਿਲਾ ਜਥਾ ਵਾਪਸ ਲੈ ਕੇ ਆ ਚੁੱਕਾ ਸੀ। ਅਮਰੀਕੀ ਪੱਖ ਬਿਆਨਦਿਆਂ ਜੈਸ਼ੰਕਰ ਦੱਸ ਰਹੇ ਸਨ ਕਿ 2012 ਤੋਂ ਅਮਰੀਕਾ ਦੇ ਇਮੀਗਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਵੱਲੋਂ ਇਹੀ ਪ੍ਰਕਿਰਿਆ ਅਮਲ ‘ਚ ਲਿਆਂਦੀ ਜਾ ਰਹੀ ਹੈ ਜਿਸ ‘ਚ ਉਹ ਫ਼ੌਜੀ ਜਾਂ ਚਾਰਟਰਡ ਜਹਾਜ਼ ਵਰਤਦੇ ਹਨ। ਇਨ੍ਹਾਂ ਜਹਾਜ਼ਾਂ ‘ਚ ਡਿਪੋਰਟੀਆਂ ਨੂੰ ਖਾਣਾ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ‘ਚ ਮੈਡੀਕਲ ਸਹੂਲਤਾਂ ਵੀ ਸ਼ਾਮਲ ਹਨ। ਅਮਰੀਕਾ ਦੀ ਤਰਫੋਂ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ‘ਉਨ੍ਹਾਂ (ਅਮਰੀਕਾ) ਸਾਨੂੰ ਦੱਸਿਆ ਹੈ ਕਿ ਔਰਤਾਂ ਅਤੇ ਬੱਚਿਆਂ ਨੂੰ ਹਥਕੜੀਆਂ ਅਤੇ ਜ਼ੰਜੀਰਾਂ ‘ਚ ਨਹੀਂ ਜਕੜਿਆ ਜਾਂਦਾ’ ਜਦੋਂਕਿ ਤੱਥ ਇਸ ਦੇ ਉਲਟ ਬੋਲਦੇ ਹਨ।
ਇਸੇ ਦੌਰਾਨ ਅਮਰੀਕਾ ਦੌਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੇ ਜਾਣ ਦੀਆਂ ਖ਼ਬਰਾਂ ਆਉਣ ਲੱਗੀਆਂ। ਸਮੁੱਚੇ ਦੇਸ਼ ਵਾਸੀਆਂ ਨੂੰ ਉਮੀਦ ਸੀ ਕਿ ਮੋਦੀ ਇਸ ਮੁੱਦੇ ‘ਤੇ ਟਰੰਪ ਨਾਲ ਜ਼ਰੂਰ ਸਖ਼ਤ ਰੌਂਅ ‘ਚ ਗੱਲ ਕਰਨਗੇ ਪਰ ਅਜਿਹਾ ਕੁਝ ਵੀ ਨਾ ਵਾਪਰਿਆ। ਵ੍ਹਾਈਟ ਹਾਊਸ ‘ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਗ਼ੈਰ-ਕਾਨੂੰਨੀ ਪਰਵਾਸ ਦੇ ਮੁੱਦੇ ‘ਤੇ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਮੋਦੀ ਦਾ ਜਵਾਬ ਸੀ, ”ਅਸੀਂ ਇਸ ਖ਼ਿਆਲ ਦੇ ਹਾਂ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਜੋ ਲੋਕ ਦੂਜੇ ਦੇਸ਼ਾਂ ‘ਚ ਜਾਂਦੇ ਹਨ, ਉਨ੍ਹਾਂ ਨੂੰ ਉੱਥੇ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਅਸੀਂ ਹਮੇਸ਼ਾ ਇਹ ਕਿਹਾ ਹੈ ਕਿ ਜਿਸ ਵਿਅਕਤੀ ਦਾ ਭਾਰਤ ਦਾ ਨਾਗਰਿਕ ਹੋਣਾ ਅਤੇ ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣਾ ਪ੍ਰਮਾਣਿਤ ਹੋ ਜਾਵੇਗਾ, ਉਸ ਨੂੰ ਭਾਰਤ ਵਾਪਸ ਲੈਣ ਲਈ ਤਿਆਰ ਹੈ।”
ਹੋਰ ਤਾਂ ਹੋਰ ਇਸ ਮੌਕੇ ਵਾਸ਼ਿੰਗਟਨ ਡੀਸੀ ‘ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਗ਼ੈਰ-ਕਾਨੂੰਨੀ ਪਰਵਾਸ ਦੇ ਮੁੱਦੇ ‘ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਦੱਸ ਦਿੱਤਾ ਹੈ, ਅਸੀਂ ਇਹ ਸਭ ਚੰਗੀ ਤਰ੍ਹਾਂ ਸਮਝਦੇ ਹਾਂ ਅਤੇ ਇਹ ਵੀ ਸਮਝਦੇ ਹਾਂ ਕਿ ਇਹ ਇੱਕ ਖ਼ੁਦਮੁਖ਼ਤਾਰ (ਉਟੋਨੋਮੋੁਸ) ਪ੍ਰਕਿਰਿਆ ਹੈ। ਰੂਬੀਓ ਨੂੰ ਤਾਂ ਜੈਸ਼ੰਕਰ ਨੇ ਅਮਰੀਕੀ ਪ੍ਰਕਿਰਿਆ ਨੂੰ ਸਮਝਣ ਦਾ ਪੂਰਾ ਭਰੋਸਾ ਦੇ ਦਿੱਤਾ ਪਰ ਆਪਣੇ ਹੀ ਦੇਸ਼ਵਾਸੀਆਂ ਦੇ ਪੱਲੇ ਕੁਝ ਨਹੀਂ ਪਾਇਆ। ਇਸ ਦੌਰੇ ਮਗਰੋਂ ਦੇਸ਼ਵਾਸੀਆਂ ਨੂੰ ਉਮੀਦ ਸੀ ਕਿ ਗ਼ੈਰ-ਕਾਨੂੰਨੀ ਪਰਵਾਸੀਆਂ ਦਾ ਅਗਲਾ ਜਥਾ ਚਾਰਟਰਡ ਜਹਾਜ਼ ਵਿੱਚ ਆਵੇਗਾ ਅਤੇ ਉਹ ਜ਼ੰਜੀਰਾਂ ‘ਚ ਵੀ ਨਹੀਂ ਜਕੜੇ ਹੋਣਗੇ। ਦੇਸ਼ਵਾਸੀਆਂ ਨੂੰ ਇਹ ਵੀ ਯਕੀਨ ਸੀ ਕਿ ਮੋਦੀ ਆਪਣੇ ਚੰਗੇ ਮਿੱਤਰ ਟਰੰਪ ਨਾਲ ਭਾਰਤੀਆਂ ਲਈ ਇਸ ਅਤਿ ਸੰਵੇਦਨਸ਼ੀਲ ਮੁੱਦੇ ਬਾਰੇ ਪਰਦੇ ਪਿੱਛੇ ਜ਼ਰੂਰ ਗੱਲਬਾਤ ਕਰਨਗੇ ਅਤੇ ਕੋਈ ਠੋਸ ਭਰੋਸਾ ਲੈ ਕੇ ਦੇਸ਼ ਪਰਤਣਗੇ ਪਰ ਉਨ੍ਹਾਂ ਦੀ ਫੇਰੀ ਮਗਰੋਂ ਵੀ 15 ਅਤੇ 16 ਫਰਵਰੀ ਨੂੰ ਜ਼ੰਜੀਰਾਂ ਵਿੱਚ ਜਕੜੇ ਭਾਰਤੀ ਮੁੜ ਅਮਰੀਕੀ ਫ਼ੌਜੀ ਜਹਾਜ਼ਾਂ ਵਿੱਚ ਹੀ ਵਾਪਸ ਭੇਜੇ ਗਏ।
ਇਨ੍ਹਾਂ ਜਹਾਜ਼ਾਂ ‘ਚ ਪਰਤੇ ਸਿੱਖ ਨੌਜਵਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਡਿਟੈਨਸ਼ਨ ਸੈਂਟਰਾਂ ‘ਚ ਉਨ੍ਹਾਂ ਦੀਆਂ ਪੱਗਾਂ ਲੈ ਕੇ ਕੂੜੇਦਾਨ ਵਿੱਚ ਸੁੱਟ ਦਿੱਤੀਆਂ ਗਈਆਂ। ਉਨ੍ਹਾਂ ਨੂੰ ਜਹਾਜ਼ ‘ਚ ਵੀ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ ਸੀ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚ ਕੇ ਹੀ ਉਹ ਆਪਣੇ ਸਿਰ ‘ਤੇ ਪਰਨਾ ਬੰਨ੍ਹ ਸਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਸਿੱਖਾਂ ਨਾਲ ਅਜਿਹੇ ਵਤੀਰੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਫੌਰੀ ਆਪਣੇ ਸੇਵਾਦਾਰਾਂ ਨੂੰ ਦਸਤਾਰਾਂ ਦੇ ਕੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਭੇਜਿਆ। ਸਿੱਖਾਂ ਦੀ ਦਸਤਾਰ ਦੇ ਅਪਮਾਨ ਬਾਰੇ ਵੀ ਕੇਂਦਰ ਸਰਕਾਰ ਵੱਲੋਂ ਅਮਰੀਕਾ ਕੋਲ ਰਸਮੀ ਤੌਰ ‘ਤੇ ਕੋਈ ਰੋਸ ਪ੍ਰਗਟ ਨਹੀਂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਉਠਾਉਣਾ ਚਾਹੀਦਾ ਸੀ।
ਡਿਪੋਰਟੀਆਂ ਦੇ ਭਰੇ ਇਹ ਸਾਰੇ ਜਹਾਜ਼ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਹੀ ਉਤਾਰੇ ਗਏ। ਪੰਜਾਬ ਵਿੱਚ ਇਸ ਮੁੱਦੇ ਨੇ ਵੀ ਕਾਫ਼ੀ ਤੂਲ ਫੜਿਆ ਕਿ ਇਹ ਜਹਾਜ਼ ਪੰਜਾਬ ‘ਚ ਹੀ ਕਿਉਂ ਉਤਾਰੇ ਗਏ। ਪੰਜਾਬੀਆਂ ਨੂੰ ਜਾਪਿਆ ਕਿ ਦੇਸ਼ ਭਰ ਵਿੱਚ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ ਜਿਵੇਂ ਇਕੱਲੇ ਪੰਜਾਬੀ ਹੀ ਗ਼ੈਰ-ਕਾਨੂੰਨੀ ਪਰਵਾਸ ਕਰਕੇ ਦੇਸ਼ ਨੂੰ ਬਦਨਾਮ ਕਰ ਰਹੇ ਹੋਣ। ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸੀ ਆਗੂਆਂ ਨੇ ਇਸ ਮੁੱਦੇ ‘ਤੇ ਕੇਂਦਰ ਨੂੰ ਤਿੱਖੇ ਸਵਾਲ ਕੀਤੇ ਕਿ ਇਨ੍ਹਾਂ ਜਹਾਜ਼ਾਂ ਵਿੱਚ ਗੁਜਰਾਤ ਸਣੇ ਹੋਰ ਸੂਬਿਆਂ ਦੇ ਬਾਸ਼ਿੰਦੇ ਵੀ ਸ਼ਾਮਲ ਸਨ ਪਰ ਇਹ ਜਹਾਜ਼ ਉੱਥੇ ਨਾ ਉਤਾਰ ਕੇ ਪੰਜਾਬ ‘ਚ ਹੀ ਉਤਾਰੇ ਗਏ।
ਖ਼ੈਰ, ਗ਼ੈਰ-ਕਾਨੂੰਨੀ ਪਰਵਾਸ ਨੂੰ ਕਿਸੇ ਵੀ ਸੂਰਤ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਨਾ ਹੀ ਇਸ ਦਾ ਸਮਰਥਨ ਕਰਨਾ ਬਣਦਾ ਹੈ ਪਰ ਪੀੜਤਾਂ ਨਾਲ ਹਮਦਰਦੀ ਜ਼ਰੂਰ ਹੁੰਦੀ ਹੈ। ਇਨ੍ਹਾਂ ‘ਚੋਂ ਬਹੁਤੇ ਆਪਣਾ ਘਰ-ਘਾਟ ਜਾਂ ਜ਼ਮੀਨ ਆਦਿ ਵੇਚ ਕੇ ਏਜੰਟਾਂ ਦੀਆਂ ਝੋਲੀਆਂ ‘ਚ ਲੱਖਾਂ ਰੁਪਏ ਪਾਉਂਦੇ ਹਨ। ਜਦੋਂ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪੈਂਦਾ ਹੈ ਤਾਂ ਉਹ ਕਿਸੇ ਪਾਸੇ ਜੋਗੇ ਨਹੀਂ ਰਹਿੰਦੇ। ਸਰਕਾਰਾਂ ਗ਼ੈਰ-ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲਿਆਂ ਨੂੰ ਕਸੂਰਵਾਰ ਦੱਸਦਿਆਂ ਝੱਟ ਆਪਣਾ ਪੱਲਾ ਝਾੜ ਲੈਂਦੀਆਂ ਹਨ, ਪਰ ਉਹ ਆਪਣੀ ਜ਼ਿੰਮੇਵਾਰੀ ਤੋਂ ਕਿਵੇਂ ਮੁਨਕਰ ਹੋ ਸਕਦੀਆਂ ਹਨ? ਗ਼ੈਰ-ਕਾਨੂੰਨੀ ਪਰਵਾਸ ‘ਚ ਭਾਈਵਾਲ ਬਣਨ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ। ਮਨੁੱਖੀ ਤਸਕਰੀ ਕਰਨ ਵਾਲੇ ਏਜੰਟਾਂ ‘ਤੇ ਸਖ਼ਤੀ ਹੋਣੀ ਚਾਹੀਦੀ ਹੈ ਤਾਂ ਜੋ ਏਜੰਟਾਂ ਦੇ ਦਿਖਾਏ ਸਬਜ਼ਬਾਗਾਂ ਕਾਰਨ ਆਪਣੇ ਚੰਗੇ ਭਵਿੱਖ ਦੇ ਸੁਫ਼ਨਿਆਂ ਦੀ ਤਾਬੀਰ ਲਈ ਲੋਕ ਬੇਗਾਨੀਆਂ ਧਰਤੀਆਂ ‘ਤੇ ਮੌਤ ਦੇ ਰਾਹ ਨਾ ਤੁਰਨ।