Friday, April 4, 2025
7 C
Vancouver

ਸ਼ਬਦ ਚਿੱਤਰ

 

ਪੰਜਾਬੀ ਵਿਰਸੇ ਦਾ ਧਨੀ ਸ਼ਾਇਰ
ਜਨਕ ਸਿੰਘ ਸੰਗਤ।
ਤਲਵੰਡੀ ਸਾਬੋ ਪਾਸ ਹੈ,ਪਿੰਡ ਜੋ ਸੰਗਤ ਖੁਰਦ ।
ਫੁੱਲ ਵਾਂਗੂੰ ਮਨ ਖਿੜ ਗਿਆ,ਪੜ੍ਹ ਕੇ ਦੇਖੀ ਫ਼ਰਦ।
ਸਾਨਾ ਮੱਤਾ ਮਾਲਵਾ,ਜਿਸ ਦਾ ਹੈ ਇਤਹਾਸ।
ਜਿੱਥੇ ਅਣਖੀ ਸੂਰਮੇ,ਸ਼ਾਇਰ ਕਰਦੇ ਵਾਸ।
ਜਨਕ ਸਿੰਘ ਸਰਦਾਰ ਜੀ,ਸੰਗਤ ਪਿੰਡ ਦਾ ਮਾਣ।
ਨਾਲ ਕਲਮ ਦੇ ਓਸ ਦੀ,ਹੋਈ ਹੈ ਪਹਿਚਾਣ।
ਹਰਨਾਮ ਕੌਰ ਦੀ ਕੁੱਖ ਚੋਂ,ਖਿੜਿਆ ਹੈ ਇਹ ਫੁੱਲ।
ਇਹ ਅਲਬੇਲੇ ਸ਼ਾਇਰ ਦੀ,ਕੀਮਤ ਹੀਰੇ ਤੁੱਲ।
ਦਲੀਪ ਸਿੰਘ ਸਰਦਾਰ ਨੇ,ਪਾਲਿਆ ਚਾਵਾਂ ਨਾਲ।
ਬਖਸ਼ੀ ਉੱਚੀ ਸਿੱਖਿਆ,ਹੋਇਆ ਹੈ ਖੁਸ਼ਹਾਲ।
ਸੁਖਦੇਵ ਕੌਰ ਦੇ ਨਾਲ ਨੇ,ਕਦਮਾਂ ਦੇ ਵਿਚ ਕਦਮ।
ਆਸਤਿਕ ਇਹ ਪਰਵਾਰ ਹੈ,ਨਾ ਕੋਈ ਭੈ ਭਰਮ।
ਮਾਸਟਰ ਕਿੱਤਾ ਵੀਰ ਦਾ, ਲੱਗਿਆ ਨਾ ਕੋਈ ਪਾਜ਼।
ਚੰਗੇ ਅਸਰ ਰਸੂਖ ਤੇ, ਲੋਕੀ ਕਰਦੇ ਨਾਜ਼।
ਘਰ ਵਿਚ ਜਿਸ ਦੀ ਰੌਸ਼ਨੀ, ਪੁੱਤਰ ਹੈ ਅਮਰਵੀਰ।
ਪੁੱਤ ਸੁਲੱਗ ਜੋ ਹੋਂਵਦੇ,ਬਦਲ ਦਿੰਦੇ ਤਕਦੀਰ।
ਜੁਆਨੀ ਪਹਿਰੇ ਖੇਡਿਆ,ਹਾਕੀ ਕਾਲਜ ਵਿੱਚ।
ਮਿਹਨਤ ਨਾਲ ਜੋ ਖੇਡਦੇ ,ਬਾਜ਼ੀ ਲੈਂਦੇ ਜਿੱਤ।
ਮੁਸ਼ਕੀ ਜਿਸ ਦਾ ਰੰਗ ਹੈ,ਦਿਲ ਵਿਚ ਨਹੀਂ ਗੁਮਾਨ।
ਰੁੱਖ ਜਿਵੇਂ ਦਰਵੇਸ਼ ਹੈ,ਐਪਰ ਹੈ ਵਿਦਵਾਨ।
ਭੋਜਨ ਖਾਂਦਾ ਵੈਸ਼ਨੂੰ,ਦਿਲ ਦਰਿਆਵਾਂ ਵਾਂਗ।
ਲਿਖਦਾ ਸੱਚ ਵਿਚਾਰ ਕੇ,ਕਰਦਾ ਨਹੀਂ ਸੰਵਾਂਗ।
ਤਾਕਤ ਜਿਸ ਦੀ ਕਲਮ ਹੈ, ਤਿੱਖੀ ਜਿਵੇਂ ਕਟਾਰ।
ਕੋਝੇ ਝੂਠ ਪਖੰਡ ਤੇ, ਲਿਖ ਕੇ ਕਰਦਾ ਵਾਰ।
ਦੋ ਦਰਜਨ ਤੋਂ ਵੱਧ ਨੇ,ਗਾਇਕਾਂ ਗਾਏ ਗੀਤ।
ਪੰਜਾਬੀ ਵਿਰਸੇ ਨਾਲ ਹੈ, ਜਿਸ ਨੂੰ ਦਿਲੋਂ ਪਰੀਤ।
ਮਾਂ ਬੋਲੀ ਸੰਗ ਜਨਕ ਦਾ,ਜਾਨੋਂ ਵੱਧ ਕੇ ਪਿਆਰ।
ਸੱਚੀ ਸੁੱਚੀ ਕਿਰਤ ਦਾ,ਕਰਦਾ ਹੈ ਸਤਿਕਾਰ।
ਧਰਮਾਂ ਜਾਤਾਂ ਨਫ਼ਰਤਾਂ, ਵਿਚ ਲੜਦਾ ਸੰਸਾਰ।
ਵੰਡਣ ਸ਼ਾਇਰ ਮਹੁੱਬਤਾਂ, ਤੇ ਕਰਦੇ ਪ੍ਰਚਾਰ।
ਤਿਉਣਾ ਪਿੰਡ ਪੁਜਾਰੀਆਂ, ਜਿੱਥੇ ਅੱਜ ਕਲ੍ਹ ਠਹਿਰ।
ਖ਼ੁਸ਼ੀਆਂ ਦੇ ਵਿਚ ਦੋਸਤੋ, ਰਹਿੰਦੈ ਅੱਠੇ ਪਹਿਰ।
ਮਿਹਨਤ ਕਰਦਾ ਦਿਨ ਰਾਤ,ਕਰਦਾ ਹੈ ਅਭਿਆਸ।
ਬੂਟੇ ਲਾਵੇ ਸਾਹਿਤ ਦੇ,ਦਿਲ ਵਿਚ ਰੱਖੀ ਆਸ।
ਲਿਖਤ : ਮੇਜਰ ਸਿੰਘ ਰਾਜਗੜ੍ਹ

Previous article
Next article