ਸਰੀ, (ਏਕਜੋਤ ਸਿੰਘ): ਓਨਟਾਰੀਓ ਦੇ ਪੀਲ ਰੀਜਨ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਫਿਰੌਤੀ ਦੇ ਮਾਮਲਿਆਂ ਵਿੱਚ ਪੀਲ ਰੀਜਨਲ ਪੁਲਿਸ ਨੇ ਇੱਕ ਅਹਿਮ ਕਾਰਵਾਈ ਕਰਦਿਆਂ 17 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਦੋ ਨੌਜਵਾਨ ਵੀ ਸ਼ਾਮਲ ਹਨ। ਪੁਲਿਸ ਵੱਲੋਂ 25 ਮਈ ਨੂੰ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਅਨੁਸਾਰ ਇਨ੍ਹਾਂ ਵਿਅਕਤੀਆਂ ‘ਤੇ ਕੁੱਲ 106 ਅਪਰਾਧਿਕ ਚਾਰਜ ਲਗਾਏ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਵਿਅਕਤੀ ਕੌਮਾਂਤਰੀ ਅਪਰਾਧਿਕ ਨੈੱਟਵਰਕ ਫੌਰ ਬ੍ਰਦਰਜ਼ ਨਾਲ ਜੁੜੇ ਹੋਏ ਹਨ ਜੋ ਬਰੈਂਪਟਨ, ਮਿਸੀਸਾਗਾ, ਕੈਲੇਡਨ, ਬ੍ਰਿਟਿਸ਼ ਕੋਲੰਬੀਆ ਅਤੇ ਕੈਲੀਫੋਰਨੀਆ ਵਿੱਚ ਸਰਗਰਮ ਹੈ।
ਜਾਂਚ ਕਰਤਾਵਾਂ ਨੇ ਇਨ੍ਹਾਂ ਮੁਲਜ਼ਮਾਂ ਨੂੰ 24 ਵੱਖ ਵੱਖ ਘਟਨਾਵਾਂ ਨਾਲ ਜੋੜਿਆ ਹੈ ਜਿਨ੍ਹਾਂ ਵਿੱਚ ਅੱਗਜ਼ਨੀ ਅਤੇ ਗੋਲੀਬਾਰੀ ਦੀਆਂ 16 ਹਿੰਸਕ ਵਾਰਦਾਤਾਂ ਸ਼ਾਮਲ ਹਨ। ਸਰੀ ਦੇ ਰਹਿਣ ਵਾਲੇ 25 ਸਾਲਾ ਰਵਿੰਦਰ ਸਿੰਘ ‘ਤੇ ਹਥਿਆਰ ਚਲਾਉਣ ਦੀ ਸਾਜ਼ਿਸ਼ ਰਚਣ ਦੇ ਦੋ ਦੋਸ਼ ਹਨ ਜਦਕਿ 21 ਸਾਲਾ ਜਸ਼ਨਬੀਰ ਸਿੰਘ ‘ਤੇ ਹਮਲਾ ਕਰਨ ਅਤੇ ਫਿਰੌਤੀ ਮੰਗਣ ਦੇ ਦੋਸ਼ ਲਗਾਏ ਗਏ ਹਨ। ਦਸੰਬਰ 2025 ਵਿੱਚ ਸ਼ੁਰੂ ਹੋਈ ਇਸ ਸਾਂਝੀ ਕਾਰਵਾਈ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਐਫਬੀਆਈ ਅਤੇ ਫਿਨਟਰੈਕ ਸਮੇਤ ਕਈ ਏਜੰਸੀਆਂ ਸ਼ਾਮਲ ਸਨ। ਸਰੀ ਪੁਲਿਸ ਨੇ ਵੀ ਇਸ ਜਾਂਚ ਵਿੱਚ ਅਹਿਮ ਖੁਫੀਆ ਜਾਣਕਾਰੀ ਸਾਂਝੀ ਕੀਤੀ ਹੈ।
ਹਾਲਾਂਕਿ ਸਰੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਇਨ੍ਹਾਂ ਵਿਅਕਤੀਆਂ ਖਿਲਾਫ ਸਰੀ ਵਿੱਚ ਫਿਰੌਤੀ ਨਾਲ ਸਬੰਧਤ ਕੋਈ ਚਾਰਜ ਨਹੀਂ ਲਗਾਇਆ ਗਿਆ ਹੈ। ਪੀਲ ਰੀਜਨਲ ਪੁਲਿਸ ਦੇ ਚੀਫ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਫਿਰੌਤੀ ਦੀਆਂ ਘਟਨਾਵਾਂ ਸਿਰਫ ਇੱਕ ਖੇਤਰ ਤੱਕ ਸੀਮਤ ਨਹੀਂ ਹਨ ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਜੁੜੀਆਂ ਹੋਈਆਂ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਨੁਸਾਰ ਦੋਸ਼ੀ ਪਾਏ ਗਏ 6 ਵਿਅਕਤੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਸਖਤ ਇਮੀਗ੍ਰੇਸ਼ਨ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਨ੍ਹਾਂ ਵਿੱਚੋਂ 14 ਵਿਅਕਤੀ ਓਨਟਾਰੀਓ, 2 ਬ੍ਰਿਟਿਸ਼ ਕੋਲੰਬੀਆ ਅਤੇ 1 ਕੈਲੀਫੋਰਨੀਆ ਦਾ ਵਸਨੀਕ ਹੈ। ਪੁਲਿਸ ਮੁਤਾਬਕ ਇਨ੍ਹਾਂ ਮੁਲਜ਼ਮਾਂ ਉੱਤੇ ਜਬਰਨ ਵਸੂਲੀ ਦੇ 11 ਅਤੇ ਹਥਿਆਰਾਂ ਨਾਲ ਸਬੰਧਤ 75 ਦੋਸ਼ਾਂ ਸਮੇਤ ਕੁੱਲ 106 ਮਾਮਲੇ ਦਰਜ ਕੀਤੇ ਗਏ ਹਨ। ਗ੍ਰਿਫ਼ਤਾਰ ਵਿਅਕਤੀਆਂ ਵਿੱਚ : ਬਰੈਂਪਟਨ ਦਾ 25 ਸਾਲਾ ਇਕਬਾਲ ਸਿੰਘ ਭਾਗੜੀਆ, ਨੋਰਵਲ ਦਾ 24 ਸਾਲਾ ਆਕਾਸ਼ਦੀਪ ਸਿੰਘ, ਸਰੀ, ਬੀ.ਸੀ. ਦਾ 25 ਸਾਲਾ ਰਵਿੰਦਰ ਸਿੰਘ, ਸਰੀ ਦਾ 21 ਸਾਲਾ ਜਸ਼ਨਬੀਰ ਸਿੰਘ, ਬਰੈਂਪਟਨ ਦਾ 26 ਸਾਲਾ ਦਿਲਾਵਰਪ੍ਰੀਤ ਸਿੰਘ, ਬਰੈਂਪਟਨ ਦਾ 21 ਸਾਲਾ ਮਨਦੀਪ ਸਿੰਘ, ਬਰੈਂਪਟਨ ਦਾ 22 ਸਾਲਾ ਪ੍ਰਭਦੀਪ ਸੋਹਲ, ਬਰੈਂਪਟਨ ਦਾ 22 ਸਾਲਾ ਪ੍ਰਤਾਪਬੀਰ ਘੁੰਮਣ, ਬਰੈਂਪਟਨ ਦਾ 29 ਸਾਲਾ ਅਜੈਦੀਪ ਸਿੰਘ, ਬਰੈਂਪਟਨ ਦਾ 24 ਸਾਲਾ ਨਵਰੂਪ ਸਿੰਘ, ਬੈਰੀ ਦੇ 28 ਸਾਲਾ ਰਾਜਨ ਸਿੰਘ, ਬੈਰੀ ਦਾ 22 ਸਾਲਾ ਅੰਮ੍ਰਿਤਜੋਤ ਸਿੰਘ, ਬੈਰੀ ਦਾ 22 ਸਾਲਾ ਜਸ਼ਨਪ੍ਰੀਤ ਸਿੰਘ, ਬੈਰੀ ਦਾ 27 ਸਾਲਾ ਗੁਨੀਤ ਗੁਨੀਤ, ਬੈਰੀ ਦਾ 32 ਸਾਲਾ ਸੁਖਵਿੰਦਰ ਸਿੰਘ, ਬੈਰੀ ਦਾ 30 ਸਾਲਾ ਮੋਹਿੰਦਰ ਸਿੰਘ ਕੈਲੀਫ਼ੋਰਨੀਆ ਦੇ ਮਨਟੀਕਾ ਸ਼ਹਿਰ ਦਾ 22 ਸਾਲਾ ਗੌਤਮ ਦਾ ਨਾਮ ਜ਼ਿਕਰਯੋਗ ਹੈ। This report was written by Ekjot Singh as part of the Local Journalism Initiative.
ਓਨਟਾਰੀਓ ਪੁਲਿਸ ਵੱਲੋਂ ਫਿਰੌਤੀ ਮਾਮਲਿਆਂ ਵਿੱਚ ਸਰੀ ਦੇ ਦੋ ਨੌਜਵਾਨਾਂ ਸਣੇ 17 ਗ੍ਰਿਫਤਾਰ

