14.9 C
Vancouver
Saturday, May 30, 2026

ਕੀ ਸਮਾਂ ਪੈਸੇ ਨਾਲੋਂ ਵੀ ਵੱਧ ਕੀਮਤੀ ਹੈ?

ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ
ਆਧੁਨਿਕ ਯੁੱਗ ਵਿੱਚ ਮਨੁੱਖ ਨੇ ਵਿਗਿਆਨ, ਤਕਨੀਕ ਅਤੇ ਆਰਥਿਕ ਵਿਕਾਸ ਦੇ ਖੇਤਰ ਵਿੱਚ ਅਦਭੁੱਤ ਤਰੱਕੀ ਕੀਤੀ ਹੈ। ਅੱਜ ਇਨਸਾਨ ਚੰਦ ਤੱਕ ਅੱਪੜ ਚੁੱਕਿਆ ਹੈ, ਦੁਨੀਆ ਇੱਕ ਛੋਟੇ ਪਿੰਡ ਵਾਂਗ ਬਣ ਗਈ ਹੈ ਅਤੇ ਜਾਣਕਾਰੀ ਸਿਰਫ਼ ਇੱਕ ਕਲਿੱਕ ਦੀ ਦੂਰੀ ‘ਤੇ ਹੈ। ਪਰ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਇੱਕ ਅਜਿਹੀ ਦੌਲਤ ਹੈ ਜਿਸ ਦੀ ਕਮੀ ਹਰ ਕੋਈ ਮਹਿਸੂਸ ਕਰ ਰਿਹਾ ਹੈ—ਉਹ ਹੈ ਸਮਾਂ।
ਸਮਾਂ ਉਹ ਅਨਮੋਲ ਪੂੰਜੀ ਹੈ ਜੋ ਹਰ ਵਿਅਕਤੀ ਨੂੰ ਬਰਾਬਰ ਮਿਲਦੀ ਹੈ। ਨਾ ਕੋਈ ਅਮੀਰ ਇਸ ਨੂੰ ਖਰੀਦ ਸਕਦਾ ਹੈ ਅਤੇ ਨਾ ਕੋਈ ਗਰੀਬ ਇਸ ਤੋਂ ਵਾਂਝਾ ਰਹਿੰਦਾ ਹੈ। ਹਰ ਮਨੁੱਖ ਕੋਲ ਦਿਨ ਦੇ ਚੌਵੀ ਘੰਟੇ ਹੁੰਦੇ ਹਨ। ਫ਼ਰਕ ਸਿਰਫ਼ ਇਹ ਹੁੰਦਾ ਹੈ ਕਿ ਕੋਈ ਇਸ ਦਾ ਸਹੀ ਉਪਯੋਗ ਕਰਕੇ ਸਫਲਤਾ ਦੀਆਂ ਬੁਲੰਦੀਆਂ ਛੂਹ ਲੈਂਦਾ ਹੈ ਅਤੇ ਕੋਈ ਇਸ ਨੂੰ ਵਿਅਰਥ ਗੁਆ ਕੇ ਪਛਤਾਵੇ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਕਰਦਾ। ਸਮਾਜ ਵਿੱਚ ਆਮ ਧਾਰਨਾ ਹੈ ਕਿ ਪੈਸਾ ਸਭ ਕੁਝ ਹੈ। ਪਰ ਜੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਮਾਂ ਪੈਸੇ ਨਾਲੋਂ ਕਈ ਗੁਣਾ ਵੱਧ ਕੀਮਤੀ ਹੈ। ਪੈਸਾ ਗੁਆ ਕੇ ਦੁਬਾਰਾ ਕਮਾਇਆ ਜਾ ਸਕਦਾ ਹੈ, ਪਰ ਗੁਜ਼ਰਿਆ ਹੋਇਆ ਸਮਾਂ ਕਿਸੇ ਵੀ ਕੀਮਤ ‘ਤੇ ਵਾਪਸ ਨਹੀਂ ਆ ਸਕਦਾ। ਇੱਕ ਕਰੋੜਪਤੀ ਆਪਣੀ ਬਰਬਾਦ ਹੋਈ ਦੌਲਤ ਮੁੜ ਹਾਸਲ ਕਰ ਸਕਦਾ ਹੈ, ਪਰ ਉਹ ਆਪਣੀ ਜ਼ਿੰਦਗੀ ਦਾ ਇੱਕ ਵੀ ਬੀਤਿਆ ਹੋਇਆ ਮਿੰਟ ਨਹੀਂ ਖਰੀਦ ਸਕਦਾ।
ਅਸਲ ਵਿੱਚ ਪੈਸਾ ਵੀ ਸਮੇਂ ਦੇ ਸਹੀ ਉਪਯੋਗ ਦਾ ਨਤੀਜ਼ਾ ਹੁੰਦਾ ਹੈ। ਜੋ ਵਿਅਕਤੀ ਆਪਣੇ ਸਮੇਂ ਦਾ ਸਦਉਪਯੋਗ ਕਰਦਾ ਹੈ, ਉਹੀ ਗਿਆਨ, ਸਫਲਤਾ ਅਤੇ ਆਰਥਿਕ ਖੁਸ਼ਹਾਲੀ ਪ੍ਰਾਪਤ ਕਰਦਾ ਹੈ। ਇਸ ਲਈ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੈਸਾ ਸਮੇਂ ਤੋਂ ਪੈਦਾ ਹੁੰਦਾ ਹੈ, ਸਮਾਂ ਪੈਸੇ ਤੋਂ ਨਹੀਂ।
ਅੱਜ ਦਾ ਯੁੱਗ ਡਿਜ਼ੀਟਲ ਯੁੱਗ ਹੈ। ਮੋਬਾਈਲ ਫੋਨ, ਸੋਸ਼ਲ ਮੀਡੀਆ, ਆਨਲਾਈਨ ਮਨੋਰੰਜਨ ਅਤੇ ਬੇਲੋੜੀਆਂ ਡਿਜ਼ੀਟਲ ਗਤੀਵਿਧੀਆਂ ਨੇ ਮਨੁੱਖ ਦੇ ਕੀਮਤੀ ਸਮੇਂ ਨੂੰ ਆਪਣੀ ਗਿਰਫ਼ਤ ਵਿੱਚ ਲੈ ਲਿਆ ਹੈ। ਖ਼ਾਸ ਕਰਕੇ ਨੌਜਵਾਨ ਵਰਗ ਆਪਣਾ ਵੱਡਾ ਸਮਾਂ ਸੋਸ਼ਲ ਮੀਡੀਆ ‘ਤੇ ਬਿਤਾ ਰਿਹਾ ਹੈ। ਕਈ ਵਾਰ ਘੰਟਿਆਂ ਦੀ ਇਹ ਖ਼ਪਤ ਸਿਰਫ਼ ਮਨੋਰੰਜਨ ਤੱਕ ਸੀਮਿਤ ਰਹਿ ਜਾਂਦੀ ਹੈ ਅਤੇ ਨਤੀਜ਼ੇ ਵਜੋਂ ਪੜ੍ਹਾਈ, ਸਿਹਤ, ਪਰਿਵਾਰਕ ਜੀਵਨ ਅਤੇ ਵਿਅਕਤੀਗਤ ਵਿਕਾਸ ਪ੍ਰਭਾਵਿਤ ਹੁੰਦੇ ਹਨ।
ਸਮੇਂ ਦੀ ਗਲਤ ਵਰਤੋਂ ਕਾਰਨ ਤਣਾਅ, ਕੰਮ ਦਾ ਬੋਝ, ਅਸਫਲਤਾ ਦਾ ਡਰ ਅਤੇ ਜੀਵਨ ਪ੍ਰਤੀ ਨਿਰਾਸ਼ਾ ਵਰਗੀਆਂ ਸਮੱਸਿਆਵਾਂ ਲਗਾਤਾਰ ਵੱਧ ਰਹੀਆਂ ਹਨ। ਪਿਛਲੇ ਕੁਝ ਸਾਲਾਂ ਵਿੱਚ ਚਿੰਤਾ ਅਤੇ ਉਦਾਸੀ ਦੇ ਮਾਮਲਿਆਂ ਵਿੱਚ ਦੁਨੀਆ ਭਰ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੇ ਕਈ ਕਾਰਨ ਹਨ, ਪਰ ਸਮੇਂ ਦੀ ਗਲਤ ਯੋਜਨਾਬੰਦੀ ਵੀ ਇੱਕ ਮਹੱਤਵਪੂਰਨ ਕਾਰਨ ਮੰਨੀ ਜਾਂਦੀ ਹੈ। ਜਦੋਂ ਵਿਅਕਤੀ ਆਪਣੇ ਕੰਮਾਂ ਨੂੰ ਸਮੇਂ ਸਿਰ ਪੂਰਾ ਨਹੀਂ ਕਰ ਪਾਉਂਦਾ ਤਾਂ ਉਸ ‘ਤੇ ਦਬਾਅ ਵੱਧ ਜਾਂਦਾ ਹੈ। ਅਧੂਰੇ ਕੰਮ, ਨੇੜੇ ਆਉਂਦੀਆਂ ਮਿਆਦਾਂ ਅਤੇ ਭਵਿੱਖ ਦੀ ਚਿੰਤਾ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਕਰ ਦਿੰਦੇ ਹਨ। ਇਸ ਦੇ ਉਲਟ, ਜੇਕਰ ਕੋਈ ਵਿਅਕਤੀ ਆਪਣੇ ਦਿਨ ਦੀ ਯੋਜਨਾ ਪਹਿਲਾਂ ਹੀ ਬਣਾ ਲਵੇ, ਤਰਜੀਹਾਂ ਨਿਰਧਾਰਤ ਕਰੇ ਅਤੇ ਆਪਣੇ ਕੰਮ ਸਮੇਂ ਸਿਰ ਪੂਰੇ ਕਰੇ ਤਾਂ ਉਸ ਦਾ ਆਤਮ-ਵਿਸ਼ਵਾਸ ਵੱਧਦਾ ਹੈ ਅਤੇ ਮਾਨਸਿਕ ਤਣਾਅ ਘੱਟਦਾ ਹੈ।
ਸਮਾਂ ਪ੍ਰਬੰਧਨ ਮਨੁੱਖ ਨੂੰ ਜੀਵਨ ਉੱਤੇ ਨਿਯੰਤਰਣ ਦਾ ਅਹਿਸਾਸ ਕਰਵਾਉਂਦਾ ਹੈ। ਇਹ ਨਿਯਮਿਤ ਨੀਂਦ, ਕਸਰਤ, ਪਰਿਵਾਰ ਲਈ ਸਮਾਂ ਅਤੇ ਮਨੋਰੰਜਨ ਲਈ ਵੀ ਮੌਕੇ ਪ੍ਰਦਾਨ ਕਰਦਾ ਹੈ, ਜੋ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹਨ।
ਡਰ, ਚਿੰਤਾ ਅਤੇ ਬੇਚੈਨੀ ਇੱਕ ਜਟਿਲ ਮਾਨਸਿਕ ਅਵਸਥਾ ਹੈ ਜਿਸ ਦੇ ਕਈ ਜੈਵਿਕ, ਸਮਾਜਿਕ ਅਤੇ ਮਨੋਵਿਗਿਆਨਕ ਕਾਰਨ ਹੋ ਸਕਦੇ ਹਨ। ਫਿਰ ਵੀ, ਸਮਾਂ ਪ੍ਰਬੰਧਨ ਇਸ ਦੇ ਖ਼ਤਰੇ ਨੂੰ ਘੱਟਾਉਣ ਵਿੱਚ ਸਹਾਇਕ ਸਾਬਤ ਹੋ ਸਕਦਾ ਹੈ।
ਜਦੋਂ ਵਿਅਕਤੀ ਆਪਣੇ ਦਿਨ ਨੂੰ ਸੁਚੱਜੇ ਢੰਗ ਨਾਲ ਵਿਵਸਥਿਤ ਕਰਦਾ ਹੈ, ਆਪਣੇ ਟੀਚੇ ਨਿਰਧਾਰਤ ਕਰਦਾ ਹੈ ਅਤੇ ਛੋਟੀਆਂ-ਛੋਟੀਆਂ ਸਫਲਤਾਵਾਂ ਹਾਸਲ ਕਰਦਾ ਹੈ ਤਾਂ ਉਸ ਵਿੱਚ ਸੰਤੁਸ਼ਟੀ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਹੁੰਦਾ ਹੈ। ਇਹ ਭਾਵਨਾਵਾਂ ਨਿਰਾਸ਼ਾ ਅਤੇ ਉਦਾਸੀ ਦੇ ਪ੍ਰਭਾਵ ਨੂੰ ਘੱਟਾਉਣ ਵਿੱਚ ਮਦਦਗਾਰ ਹੁੰਦੀਆਂ ਹਨ।
ਅੱਜ ਦੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਨੂੰ ਗਣਿਤ, ਵਿਗਿਆਨ, ਭਾਸ਼ਾਵਾਂ ਅਤੇ ਤਕਨੀਕੀ ਗਿਆਨ ਤਾਂ ਪ੍ਰਦਾਨ ਕਰਦੀ ਹੈ, ਪਰ ਜੀਵਨ ਜਿਉਣ ਦੀਆਂ ਕਈ ਬੁਨਿਆਦੀ ਕਲਾਵਾਂ ਅਜੇ ਵੀ ਪਾਠਕ੍ਰਮ ਦਾ ਹਿੱਸਾ ਨਹੀਂ ਬਣ ਸਕੀਆਂ।
ਸਮਾਂ ਪ੍ਰਬੰਧਨ ਇੱਕ ਅਜਿਹਾ ਜੀਵਨ-ਕੌਸ਼ਲ ਹੈ ਜਿਸ ਦੀ ਲੋੜ ਹਰ ਵਿਅਕਤੀ ਨੂੰ ਪੈਂਦੀ ਹੈ। ਜੇਕਰ ਵਿਦਿਆਰਥੀ ਛੋਟੀ ਉਮਰ ਤੋਂ ਹੀ ਸਮੇਂ ਦੀ ਮਹੱਤਤਾ ਅਤੇ ਉਸ ਦੇ ਸਹੀ ਉਪਯੋਗ ਬਾਰੇ ਸਿੱਖਣ ਲੱਗ ਜਾਣ ਤਾਂ ਉਹ ਨਾ ਸਿਰਫ਼ ਵਧੀਆ ਵਿਦਿਆਰਥੀ ਬਣਣਗੇ, ਸਗੋਂ ਜ਼ਿੰਮੇਵਾਰ ਨਾਗਰਿਕ ਵੀ ਬਣ ਸਕਣਗੇ।
ਸਕੂਲਾਂ ਵਿੱਚ ਸਮਾਂ ਪ੍ਰਬੰਧਨ ਨੂੰ ਇੱਕ ਵਿਸ਼ੇ ਜਾਂ ਜੀਵਨ-ਕੌਸ਼ਲ ਵਜੋਂ ਸ਼ਾਮਲ ਕਰਨ ਨਾਲ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਜ਼ਿੰਮੇਵਾਰੀ, ਯੋਜਨਾਬੰਦੀ ਅਤੇ ਲੀਡਰਸ਼ਿਪ ਦੇ ਗੁਣ ਵਿਕਸਤ ਹੋ ਸਕਦੇ ਹਨ। ਇਸ ਨਾਲ ਉਹ ਅਕਾਦਮਿਕ ਦਬਾਅ ਦਾ ਸੁਚੱਜੇ ਢੰਗ ਨਾਲ ਸਾਹਮਣਾ ਕਰ ਸਕਣਗੇ ਅਤੇ ਮਾਨਸਿਕ ਤੌਰ ‘ਤੇ ਵੀ ਮਜ਼ਬੂਤ ਬਣਣਗੇ।
ਸਮਾਂ ਮਨੁੱਖੀ ਜੀਵਨ ਦੀ ਸਭ ਤੋਂ ਕੀਮਤੀ ਪੂੰਜੀ ਹੈ। ਪੈਸਾ, ਅਹੁਦਾ ਅਤੇ ਸ਼ੋਹਰਤ ਦੁਬਾਰਾ ਪ੍ਰਾਪਤ ਕੀਤੇ ਜਾ ਸਕਦੇ ਹਨ, ਪਰ ਗੁਜ਼ਰਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਇਸ ਲਈ ਸਮੇਂ ਦੀ ਕਦਰ ਕਰਨਾ ਅਤੇ ਉਸ ਦਾ ਸਹੀ ਪ੍ਰਬੰਧਨ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ।
ਅੱਜ ਜਦੋਂ ਦੁਨੀਆ ਤਣਾਅ, ਚਿੰਤਾ ਅਤੇ ਮਾਨਸਿਕ ਸਿਹਤ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਸਮਾਂ ਪ੍ਰਬੰਧਨ ਸਿਰਫ਼ ਸਫਲਤਾ ਦਾ ਸਾਧਨ ਨਹੀਂ, ਸਗੋਂ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਦੀ ਬੁਨਿਆਦੀ ਲੋੜ ਬਣ ਚੁੱਕਾ ਹੈ।
ਸਮੇਂ ਦੀ ਕਦਰ ਕਰਨ ਵਾਲੇ ਵਿਅਕਤੀ ਹੀ ਜੀਵਨ ਦੀ ਅਸਲ ਕਦਰ ਸਮਝਦੇ ਹਨ। ਇਸ ਲਈ ਇਹ ਕਹਿਣਾ ਬਿਲਕੁਲ ਉਚਿਤ ਹੈ ਕਿ ਪੈਸਾ ਜ਼ਿੰਦਗੀ ਨੂੰ ਸੁੱਖੀ ਬਣਾ ਸਕਦਾ ਹੈ, ਪਰ ਸਮੇਂ ਦਾ ਸਹੀ ਉਪਯੋਗ ਹੀ ਜ਼ਿੰਦਗੀ ਨੂੰ ਸਾਰਥਕ ਬਣਾਉਂਦਾ ਹੈ।

ਰੁਝਾਨ ਖਬਰਾਂ