14.9 C
Vancouver
Saturday, May 30, 2026

ਕੈਸੀਨੋ ਵਿੱਚ 200,000 ਡਾਲਰ ਦੀ ਠੱਗੀ ਮਾਰਨ ਵਾਲੇ 4 ਵਿਅਕਤੀ ਕਾਬੂ, 330,000 ਡਾਲਰ ਬਰਾਮਦ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ (ਸੀਐਫਐਸਈਯੂ ਬੀਸੀ) ਦੀ ਜੁਆਇੰਟ ਇਲੀਗਲ ਗੇਮਿੰਗ ਇਨਵੈਸਟੀਗੇਸ਼ਨ ਟੀਮ (ਜਿਗਿਟ) ਨੇ ਇੰਡੀਪੈਂਡੈਂਟ ਗੈਂਬਲਿੰਗ ਕੰਟਰੋਲ ਆਫਿਸ (ਆਈਜੀਸੀਓ) ਨਾਲ ਮਿਲ ਕੇ 1 ਅਹਿਮ ਕਾਰਵਾਈ ਕੀਤੀ ਹੈ। ਇਸ ਸਾਂਝੀ ਕਾਰਵਾਈ ਦੌਰਾਨ ਕੈਸੀਨੋ ਵਿੱਚ ਧੋਖਾਧੜੀ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਸ ਗਿਰੋਹ ਨੇ ਬ੍ਰਿਟਿਸ਼ ਕੋਲੰਬੀਆ ਦੇ ਕੈਸੀਨੋਜ਼ ਨਾਲ 200,000 ਡਾਲਰ ਤੋਂ ਵੱਧ ਦੀ ਠੱਗੀ ਮਾਰੀ ਹੈ।
ਆਈਜੀਸੀਓ ਵੱਲੋਂ 4 ਮਈ 2026 ਨੂੰ ਵੈਨਕੂਵਰ ਦੇ 1 ਕੈਸੀਨੋ ਵਿੱਚ ਖੇਡ ਦੌਰਾਨ ਸ਼ੱਕੀ ਧੋਖਾਧੜੀ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਮਾਮਲਾ ਜਿਗਿਟ ਨੂੰ ਸੌਂਪ ਦਿੱਤਾ ਗਿਆ ਜਿਸ ਨੇ ਤੁਰੰਤ ਇਸ ਸਕੀਮ ਵਿੱਚ ਸ਼ਾਮਲ 4 ਸ਼ੱਕੀਆਂ ਖਿਲਾਫ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ। ਆਈਜੀਸੀਓ ਅਤੇ ਜਿਗਿਟ ਦੇ ਅਧਿਕਾਰੀਆਂ ਦੇ ਸਾਂਝੇ ਯਤਨਾਂ ਸਦਕਾ 4 ਮਈ 2026 ਨੂੰ ਹੀ ਚਾਰੇ ਸ਼ੱਕੀਆਂ ਦਾ ਪਤਾ ਲਗਾ ਲਿਆ ਗਿਆ ਅਤੇ ਜਾਂਚ ਤੇਜ਼ੀ ਨਾਲ ਅੱਗੇ ਵਧੀ।
ਪੁਲਿਸ ਵੱਲੋਂ 5 ਮਈ 2026 ਨੂੰ ਵੈਨਕੂਵਰ ਵਿੱਚ ਇਨ੍ਹਾਂ ਚਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਵਿੱਚ 2 ਮਰਦ ਅਤੇ 2 ਔਰਤਾਂ ਸ਼ਾਮਲ ਹਨ। ਬਾਅਦ ਵਿੱਚ ਉਨ੍ਹਾਂ ਨੂੰ ਚਾਰਜ ਅਪਰੂਵਲ ਪ੍ਰਕਿਰਿਆ ਲੰਬਿਤ ਹੋਣ ਤੱਕ ਰਿਹਾਅ ਕਰ ਦਿੱਤਾ ਗਿਆ। ਅਧਿਕਾਰੀਆਂ ਵੱਲੋਂ ਵਿਅਕਤੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਦੌਰਾਨ ਲਗਭਗ 330,000 ਡਾਲਰ ਦੀ ਨਕਦੀ ਬਰਾਮਦ ਕੀਤੀ ਗਈ ਜਿਸ ਨੂੰ ਅਪਰਾਧਿਕ ਕਮਾਈ ਮੰਨਿਆ ਜਾ ਰਿਹਾ ਹੈ।
ਕੈਸੀਨੋ ਵਿੱਚ ਖੇਡ ਦੌਰਾਨ ਧੋਖਾਧੜੀ ਦੀ ਜਾਂਚ ਅਜੇ ਜਾਰੀ ਹੈ। ਜਾਂਚ ਅਧਿਕਾਰੀ ਫਿਲਹਾਲ ਕਈ ਦੋਸ਼ਾਂ ‘ਤੇ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ ਖੇਡ ਵਿੱਚ ਧੋਖਾਧੜੀ ਕਰਨਾ, ਅਪਰਾਧ ਤੋਂ ਪ੍ਰਾਪਤ ਕਮਾਈ ਨੂੰ ਆਪਣੇ ਕੋਲ ਰੱਖਣਾ ਅਤੇ ਜਾਅਲੀ ਦਸਤਾਵੇਜ਼ ਪੇਸ਼ ਕਰਨਾ ਜਾਂ ਪਛਾਣ ਲੁਕਾਉਣਾ ਸ਼ਾਮਲ ਹੈ। ਜਿਗਿਟ ਦੇ ਅਧਿਕਾਰੀ ਐਲਵਿਨ ਐਨਜੀ ਨੇ ਕਿਹਾ ਕਿ ਇਹ ਕਾਰਵਾਈ ਗੈਰ ਕਾਨੂੰਨੀ ਗਤੀਵਿਧੀਆਂ ਦੀ ਪਛਾਣ ਕਰਨ ਅਤੇ ਸ਼ੱਕੀਆਂ ਨੂੰ ਫੜਨ ਵਿੱਚ ਏਜੰਸੀਆਂ ਦੇ ਮਜ਼ਬੂਤ ਕੰਮਕਾਜੀ ਰਿਸ਼ਤੇ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਦਾ ਵੀ ਧੰਨਵਾਦ ਪ੍ਰਗਟ ਕੀਤਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ