14.3 C
Vancouver
Saturday, May 23, 2026

ਵੈਨਕੂਵਰ ਵ੍ਹਾਈਟਕੈਪਸ ਫੁੱਟਬਾਲ ਕਲੱਬ ’ਤੇ ਆਰਿਥਕ ਸੰਕਟ

ਸਰੀ, (ਏਕਜੋਤ ਿਸੰਘ): ਕੈਨੇਡਾ ਦੇ ਮਸ਼ਹੂਰ ਮੇਜਰ ਲੀਗ ਸੌਕਰ (MLS) ਕਲੱਬ ‘ਵੈਨਕੂਵਰ ਵ੍ਹਾਈਟਕੈਪਸ’ ਦੇ ਭਵਿੱਖ ਨੂੰ ਲੈ ਕੇ ਖੇਡ ਜਗਤ ਵਿੱਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਅਤੇ ਚਿੰਤਾਵਾਂ ਦਾ ਦੌਰ ਚੱਲ ਰਿਹਾ ਹੈ। ਹਾਲਾਂਕਿ ਪ੍ਰਸ਼ੰਸਕਾਂ ਅਤੇ ਸਥਾਨਕ ਕਾਰੋਬਾਰੀਆਂ ਵੱਲੋਂ ਕਲੱਬ ਨੂੰ ਵੈਨਕੂਵਰ ਵਿੱਚ ਹੀ ਰੱਖਣ ਲਈ ‘ਸੇਵ ਦ ਕੈਪਸ’ ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਪਰ ਆਰਥਿਕ ਅਤੇ ਕਾਨੂੰਨੀ ਅੰਕੜੇ ਇਸ ਫਰੈਂਚਾਈਜ਼ੀ ਦੇ ਖ਼ਿਲਾਫ਼ ਜਾਂਦੇ ਦਿਖਾਈ ਦੇ ਰਹੇ ਹਨ। ਦਸੰਬਰ 2024 ਤੋਂ ਵਿਕਰੀ ਲਈ ਉਪਲਬਧ ਇਸ ਕਲੱਬ ਦੇ ਲਾਸ ਵੇਗਾਸ ਤਬਦੀਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਅਮਰੀਕਾ ਜਾਣ ਵਾਲੀ ਇੱਕ ਹੋਰ ਕੈਨੇਡੀਅਨ ਟੀਮ ਬਣ ਜਾਵੇਗੀ।
ਇਸ ਤੋਂ ਪਹਿਲਾਂ ਵੀ ਮਾਂਟਰੀਅਲ ਐਕਸਪੋਜ਼ (ਬੇਸਬਾਲ), ਕਿਊਬੈਕ ਨੋਰਡੀਕਸ ਅਤੇ ਵਿੰਨੀਪੈਗ ਜੈਟਸ (ਹਾਕੀ) ਅਤੇ ਵੈਨਕੂਵਰ ਗ੍ਰਿਜ਼ਲੀਜ਼ (ਬਾਸਕਟਬਾਲ) ਵਰਗੀਆਂ ਕੈਨੇਡੀਅਨ ਟੀਮਾਂ ਵਿੱਤੀ ਘਾਟੇ ਕਾਰਨ ਅਮਰੀਕਾ ਜਾ ਚੁੱਕੀਆਂ ਹਨ। ਕਨਕੋਰਡੀਆ ਯੂਨੀਵਰਸਿਟੀ ਦੇ ਖੇਡ ਅਰਥਸ਼ਾਸਤਰੀ ਮੋਸ਼ੇ ਲੈਂਡਰ ਮੁਤਾਬਕ ਕੈਨੇਡੀਅਨ ਟੀਮਾਂ ਦੇ ਜ਼ਿਆਦਾਤਰ ਖਰਚੇ ਅਮਰੀਕੀ ਡਾਲਰਾਂ ਵਿੱਚ ਹੁੰਦੇ ਹਨ, ਜਿਸ ਕਾਰਨ ਕਰੰਸੀ ਐਕਸਚੇਂਜ ਰੇਟ ਵਿੱਚ ਉਤਾਰ-ਚੜ੍ਹਾਅ ਸਿੱਧਾ ਉਨ੍ਹਾਂ ਦੇ ਮੁਨਾਫ਼ੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਕੈਨੇਡਾ ਵਿੱਚ ਮੀਡੀਆ ਅਧਿਕਾਰ ਅਤੇ ਵਿਗਿਆਪਨ ਬਾਜ਼ਾਰ ਅਮਰੀਕਾ ਜਿੰਨਾ ਪ੍ਰਤੀਯੋਗੀ ਅਤੇ ਲਾਭਦਾਇਕ ਨਹੀਂ ਹੈ। ਇਹੀ ਕਾਰਨ ਹੈ ਕਿ ਡੂੰਘੀ ਜੇਬ ਵਾਲੇ ਅਮੀਰ ਖਰੀਦਦਾਰ ਕੈਨੇਡੀਅਨ ਫਰੈਂਚਾਈਜ਼ੀ ਖਰੀਦਣ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਉਂਦੇ। ਕਲੱਬ ਦੇ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ 100 ਤੋਂ ਵੱਧ ਗੰਭੀਰ ਖਰੀਦਦਾਰਾਂ ਨਾਲ ਗੱਲਬਾਤ ਕੀਤੀ ਹੈ, ਪਰ ਕੋਈ ਵੀ ਅਜਿਹਾ ਠੋਸ ਪ੍ਰਸਤਾਵ ਸਾਹਮਣੇ ਨਹੀਂ ਆਇਆ ਜੋ ਟੀਮ ਨੂੰ ਵੈਨਕੂਵਰ ਵਿੱਚ ਰੱਖਣ ਦੀ ਗਾਰੰਟੀ ਦੇ ਸਕੇ। ਇਸ ਦਾ ਇੱਕ ਵੱਡਾ ਕਾਰਨ ਬੀ.ਸੀ. ਪਲੇਸ ਸਟੇਡੀਅਮ ਨਾਲ ਹੋਇਆ ਸਮਝੌਤਾ ਵੀ ਹੈ, ਜੋ ਸੂਬਾ ਸਰਕਾਰ ਦੀ ਕਾਰਪੋਰੇਸ਼ਨ ‘ਪੈਵਕੋ’ (PavCo) ਦੇ ਅਧੀਨ ਹੈ। ਵ੍ਹਾਈਟਕੈਪਸ ਨੂੰ ਸਟੇਡੀਅਮ ਦੇ ਨਾਮਕਰਨ ਦੇ ਅਧਿਕਾਰ ਨਹੀਂ ਹਨ ਅਤੇ ਉਨ੍ਹਾਂ ਨੂੰ ਉੱਥੋਂ ਦੀ ਕੁੱਲ ਆਮਦਨ ਦਾ ਸਿਰਫ਼ 12 ਫੀਸਦੀ ਹਿੱਸਾ ਹੀ ਮਿਲਦਾ ਹੈ।
ਕਲੱਬ ਦੇ ਖੇਡ ਨਿਰਦੇਸ਼ਕ ਐਕਸਲ ਸ਼ੂਸਟਰ ਨੇ ਖੁਲਾਸਾ ਕੀਤਾ ਸੀ ਕਿ ਸਟੇਡੀਅਮ ਦੇ ਇਸ ਅਣਉਚਿਤ ਸਮਝੌਤੇ ਕਾਰਨ ਕਲੱਬ ਨੂੰ ਲਗਭਗ 40 ਮਿਲੀਅਨ ਡਾਲਰ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਟੀਮ ਇਸ ਸੀਜ਼ਨ ਦੇ ਪ੍ਰਦਰਸ਼ਨ ਵਿੱਚ ਕਾਫੀ ਉੱਪਰ ਚੱਲ ਰਹੀ ਹੈ, ਪਰ ਜਦੋਂ ਗੱਲ ਕੈਸ਼-ਫਲੋਅ (ਨਕਦੀ ਦੇ ਪ੍ਰਵਾਹ) ਦੀ ਆਉਂਦੀ ਹੈ, ਤਾਂ ਉਹ ਪੂਰੀ ਲੀਡਰਸ਼ਿਪ ਵਿੱਚ ਹੇਠੋਂ ਦੂਜੇ ਨੰਬਰ ‘ਤੇ ਹੈ। ਐਮਐਲਐਸ (MLS) ਦੇ ਕਮਿਸ਼ਨਰ ਡੌਨ ਗਾਰਬਰ ਨੇ ਵੀ ਇਸ ਸਥਿਤੀ ਨੂੰ ਚਿੰਤਾਜਨਕ ਦੱਸਿਆ ਹੈ, ਜਿਸ ਕਾਰਨ ਟੀਮ ਦੇ ਤਬਾਦਲੇ ਦੀ ਚਰਚਾ ਤੇਜ਼ ਹੋ ਗਈ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ