ਸਰੀ, (ਏਕਜੋਤ ਿਸੰਘ): ਿਕਲੋਨਾ ਸ਼ਹਿਰ ਵਿੱਚ ਭਾਰਤ ਤੋਂ ਆਪਣੇ ਪਰਿਵਾਰ ਨੂੰ ਮਿਲਣ ਆਏ ਇੱਕ 57 ਸਾਲਾ ਬਜ਼ੁਰਗ ਤੇਜਿੰਦਰ ਸਿੰਘ ‘ਤੇ ਸਵੇਰ ਦੀ ਸੈਰ ਦੌਰਾਨ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪੀੜਤ ਪਰਿਵਾਰ ਮੁਤਾਬਕ ਇਹ ਹਮਲਾ ਪੂਰੀ ਤਰ੍ਹਾਂ ਅਚਾਨਕ ਅਤੇ ਬਿਨਾਂ ਕਿਸੇ ਕਾਰਨ ਦੇ ਕੀਤਾ ਗਿਆ ਸੀ, ਜਿਸ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਵਾਰਦਾਤ ਹਾਈਵੇਅ 97 ਅਤੇ ਹਾਈਵੇਅ 33 ਦੇ ਨੇੜੇ ਵਾਪਰੀ।
ਤੇਜਿੰਦਰ ਸਿੰਘ ਦੀ ਬੇਟੀ ਮਨਵੀਰ ਸੰਧੂ ਨੇ ਦੱਸਿਆ ਕਿ ਉਸ ਦੇ ਪਿਤਾ ਸਵੇਰੇ ਸੈਰ ਕਰ ਰਹੇ ਸਨ, ਜਦੋਂ ਸਾਹਮਣੇ ਤੋਂ ਆ ਰਹੇ ਇੱਕ ਨੌਜਵਾਨ ਨੇ ਉਨ੍ਹਾਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਿਤਾ ਨੂੰ ਅੰਗਰੇਜ਼ੀ ਨਾ ਆਉਣ ਕਾਰਨ ਉਨ੍ਹਾਂ ਨੇ ਦੋ ਵਾਰ ‘ਸੌਰੀ, ਨੋ ਇੰਗਲਿਸ਼’ ਕਿਹਾ। ਇਸ ਤੋਂ ਬਾਅਦ ਉਹ ਨੌਜਵਾਨ ਉੱਥੋਂ ਚਲਾ ਗਿਆ ਅਤੇ ਪਿਤਾ ਨੂੰ ਲੱਗਿਆ ਕਿ ਗੱਲ ਖਤਮ ਹੋ ਗਈ ਹੈ। ਪਰ ਕੁਝ ਹੀ ਪਲਾਂ ਬਾਅਦ, ਉਸ ਨੌਜਵਾਨ ਨੇ ਪਿੱਛੋਂ ਆ ਕੇ ਤੇਜਿੰਦਰ ਸਿੰਘ ਦੀ ਪਿੱਠ ‘ਤੇ ਜ਼ੋਰਦਾਰ ਹਮਲਾ ਕਰ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਨੇ ਮੁੱਕਾ ਮਾਰਿਆ ਹੈ, ਪਰ ਜਦੋਂ ਉਨ੍ਹਾਂ ਨੇ ਹੱਥ ਲਗਾ ਕੇ ਦੇਖਿਆ ਤਾਂ ਉੱਥੇ ਖੂਨ ਵਹਿ ਰਿਹਾ ਸੀ।
ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਪੈਦਲ ਹੀ ਫ਼ਰਾਰ ਹੋ ਗਿਆ। ਤੇਜਿੰਦਰ ਸਿੰਘ ਨੇ ਹਿੰਮਤ ਦਿਖਾਉਂਦਿਆਂ ਨੇੜੇ ਕੰਮ ਕਰ ਰਹੇ ਕੁਝ ਮਜ਼ਦੂਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਨ੍ਹਾਂ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਫੋਨ ਕੀਤਾ। ਜ਼ਖਮੀ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਲਗਭਗ ਇੱਕ ਹਫ਼ਤਾ ਇਲਾਜ ਅਧੀਨ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਮਨਵੀਰ ਸੰਧੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੀ ਹੈ ਪਰ ਉਸ ਨੇ ਕਦੇ ਵੀ ਆਪਣੇ ਆਪ ਨੂੰ ਇੰਨਾ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ ਸੀ।
ਕੇਲੋਨਾ ਆਰਸੀਐਮਪੀ (RCMP) ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸਰਗਰਮੀ ਨਾਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਨੇ 12 ਮਈ ਨੂੰ ਸਵੇਰੇ 9 ਤੋਂ 9:45 ਵਜੇ ਦੇ ਦਰਮਿਆਨ ਇਸ ਇਲਾਕੇ ਵਿੱਚੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਆਪਣੇ ਡੈਸ਼ਕੈਮ ਫੁਟੇਜ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਮੁਸ਼ਕਿਲ ਘੜੀ ਵਿੱਚ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ। This report was written by Ekjot Singh as part of the Local Journalism Initiative.
ਸਵੇਰ ਦੀ ਸੈਰ ਕਰ ਰਹੇ ਪੰਜਾਬੀ ਬਜ਼ੁਰਗ ਤੇਜਿੰਦਰ ਸਿੰਘ’ਤੇ ਿਕਲੋਨਾ ਵਿੱਚ ਚਾਕੂ ਨਾਲ ਹਮਲਾ

