ਹਰਸ਼ਾਂਤ ਸਿੰਘ ਢੀਂਡਸਾ
ਸੰਪਰਕ: 98781-97000
ਆਧੁਨਿਕਤਾ ਦੇ ਦੌਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਹੋਈਆਂ ਹਨ। ਬਲਦਾਂ ਦੇ ਹਲ਼ਾਂ ਤੋਂ ਲੈ ਕੇ ਵੱਡੇ ਵੱਡੇ ਟਰੈਕਟਰ ਆ ਗਏ ਹਨ। ਹਰ ਖੇਤਰ ਵਿੱਚ ਬਹੁਤ ਵਿਕਾਸ ਹੋਇਆ ਹੈ। ਕੱਚੇ ਰਾਹਾਂ ਤੋਂ ਵੱਡੇ ਵੱਡੇ ਭਾਰਤ ਮਾਲਾ ਵਰਗੇ ਪ੍ਰਾਜੈਕਟ ਬਣ ਗਏ। ਭਾਰਤ ਨੇ ਵਿਕਸਤ ਦੇਸ਼ ਬਣਨ ਲਈ ਰਫ਼ਤਾਰ ਤੇਜ਼ ਕੀਤੀ ਹੋਈ ਹੈ। ਬਿਨਾਂ ਸ਼ੱਕ ਬਹੁਤ ਜ਼ਿਆਦਾ ਤਰੱਕੀ ਹੋਈ ਹੈ। ਸਭ ਤੋਂ ਵੱਧ ਤਕਨੀਕ ਦੇ ਖੇਤਰ ਵਿੱਚ ਤਰੱਕੀ ਹੋਈ ਹੈ- ਕਬੂਤਰਾਂ ਦੇ ਗਲ਼ਾਂ ਵਿੱਚ ਪੈਂਦੀਆਂ ਚਿੱਠੀਆਂ ਤੋਂ ਲੈ ਕੇ ਸਮਾਰਟ ਫੋਨਾਂ ਤੱਕ ਦਾ ਸਫ਼ਰ ਤੈਅ ਕੀਤਾ ਹੈ। ਅੱਜ ਹਰ ਵਿਅਕਤੀ ਕੋਲ ਹੋਰ ਕੁਝ ਹੋਵੇ ਨਾ ਹੋਵੇ, ਪਰ ਸਮਾਰਟ ਫੋਨ ਜ਼ਰੂਰ ਹੁੰਦਾ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਵਿਅਕਤੀ ਫੋਨ ਨੂੰ ਚੁੰਬਕ ਵਾਂਗ ਚਿੰਬੜਿਆ ਪਿਆ ਹੈ। ਤਕਨੀਕ ਨੇ ਹਰ ਖੇਤਰ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਭਾਵੇਂ ਵਪਾਰ, ਖੇਤੀ ਅਤੇ ਉਦਯੋਗ ਹਰ ਖੇਤਰ ਵਿੱਚ ਤਕਨੀਕ ਨੇ ਵੱਡੀਆ ਤਬਦੀਲੀਆਂ ਕੀਤੀਆਂ ਹਨ।
ਅੱਜ ਦੇ ਤਕਨੀਕੀ ਯੁੱਗ ਵਿੱਚ ਲੋਕਾਂ ਨੇ ਬਹੁਤ ਕੁਝ ਹਾਸਲ ਕੀਤਾ ਹੈ। ਵਿਦਿਆਰਥੀ ਤਕਨੀਕੀ ਮੁਹਾਰਤ ਨਾਲ ਵੱਡੀਆਂ ਪ੍ਰਾਈਵੇਟ ਕੰਪਨੀਆਂ ਵਿੱਚ ਪੈਕੇਜ ਲੈ ਰਹੇ ਹਨ, ਸਰਕਾਰੀ ਨੌਕਰੀਆਂ ਦੀ ਤਨਖਾਹ ਜਿਸ ਦੇ ਨੇੜੇ ਤੇੜੇ ਵੀ ਨਹੀਂ ਢੁੱਕਦੀ, ਪਰ ਜੋ ਕੁਝ ਸਾਡਾ ਅਧੁਨਿਕਤਾ ਅਤੇ ਤਕਨੀਕ ਨੇ ਖੋਹਿਆ ਹੈ, ਉਸ ਦਾ ਵੀ ਕੋਈ ਮੁੱਲ ਨਹੀਂ। ਹਰ ਬੰਦਾ ਵਿਹਲਾ ਹੋ ਕੇ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਹੈ। ਕੰਮ ਭਾਵੇਂ ਫੋਨ ਦੀ ਵਰਤੋਂ ਹੀ ਹੋਵੇ। ਆਧੁਨਿਕ ਤਰੱਕੀ ਨੇ ਸਾਡਾ ਸਕੂਨ ਖੋਹ ਲਿਆ ਹੈ, ਹਰ ਵਿਅਕਤੀ ਚਿੰਤਾਗ੍ਰਸਤ ਹੋ ਰਿਹਾ ਹੈ। ਸਾਡੇ ਬੱਚਿਆਂ ਦੇ ਬਚਪਨ ਅਤੇ ਜਵਾਨੀ ਨੂੰ ਅੱਜ ਦੀ ਤਰੱਕੀ ਨੇ ਸਿਉਂਕ ਵਾਂਗ ਖਾ ਲਿਆ ਹੈ। ਛੋਟੇ ਛੋਟੇ ਬੱਚੇ ਤਣਾਅ ਵਿੱਚ ਹਨ। ਪ੍ਰੋਫੈਸਰ ਪੂਰਨ ਸਿੰਘ ਨੇ ਜਿਹੜੀ ਅੱਲ੍ਹੜ ਮਸਤ ਜਵਾਨੀ ਦੀ ਗੱਲ ਆਪਣੀਆਂ ਕਵਿਤਾਵਾਂ ਵਿੱਚ ਕੀਤੀ, ਉਹ ਸ਼ੈਲ ਸ਼ਬੀਲੇ ਗੱਭਰੂ ਅੱਜ ਆਤਮ ਹੱਤਿਆ ਦੇ ਰਾਹ ਪੈ ਗਏ ਹਨ।
ਸੰਤ, ਮਹਾਤਮਾ ਅਤੇ ਪੁਰਾਣੇ ਬਜ਼ੁਰਗ ਛੋਟੇ ਬੱਚਿਆਂ ਨੂੰ ਸਿੱਖਿਆ ਦਿੰਦੇ ਹੁੰਦੇ ਸਨ, ‘ਪੁੱਤ, ਆਤਮ ਘਾਤੀ ਮਹਾ-ਪਾਪੀ ਹੁੰਦਾ ਹੈ। ਜ਼ਿੰਦਗੀ ਵਿੱਚ ਕਦੇ ਵੀ ਅਜਿਹਾ ਕਦਮ ਨਹੀਂ ਚੁੱਕਣਾ। ਜੇ ਸਾਰੇ ਵਸੀਲੇ ਫੇਲ੍ਹ ਹੋ ਜਾਣ, ਫਿਰ ਵੀ ਤੁਹਾਡੇ ਨਾਲ ਨੀਲੀ ਛੱਤਰੀ ਵਾਲਾ ਖੜ੍ਹਾ ਹੈ। ਜ਼ਿੰਦਗੀ ਸੰਘਰਸ਼ ਦਾ ਨਾਂ ਹੈ, ਬੇਟਾ ਅਡੋਲ ਰਹਿ ਕੇ ਗੁਰੂਆਂ ਦੇ ਦੱਸੇ ਸਿਧਾਂਤ ’ਤੇ ਚੱਲੋ, ਤੁਹਾਡਾ ਵਾਲ਼ ਵੀ ਵਿੰਗਾ ਨਹੀਂ ਹੋ ਸਕਦਾ। ਜ਼ਿੰਦਗੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ, ਵੇਦ ਗ੍ਰੰਥਾਂ ਦੇ ਅਨੁਸਾਰ 84 ਲੱਖ ਜੂਨਾਂ ਭੋਗਣ ਤੋਂ ਬਾਅਦ ਇਨਸਾਨੀ ਜਾਮਾ ਮਿਲਦੈ, ਇਸ ਨੂੰ ਖੁੱਲ੍ਹ ਕੇ ਜੀਵੋ।’’ ਪਰ ਅੱਜ ਬੱਚੇ ਦਾਦਾ-ਦਾਦੀ ਦੀਆਂ ਇਹ ਕਹਾਣੀਆਂ ਅਤੇ ਕਥਨ ਨਹੀਂ ਸੁਣਦੇ। ਜੇਕਰ ਬੱਚੇ ਨਹੀਂ ਸੁਣਨਗੇ ਤਾਂ ਜਵਾਨੀ ਕਿਵੇਂ ਸੁਣੇਗੀ? ਅੱਜ ਤਾਂ ਹਰ ਚੀਜ਼ ਗੂਗਲ ’ਤੇ ਦੇਖੀ ਜਾਂਦੀ ਹੈ। ਇਨ੍ਹਾਂ ਨੇ ਤਾਂ ਗੂਗਲ ਨੂੰ ਰੱਬ ਮੰਨ ਲਿਆ। ਸਮਾਰਟ ਫੋਨ ਨੇ ਅੱਜ ਬਜ਼ੁਰਗਾਂ ਦੀ ਥਾਂ ਲੈ ਲਈ ਕਿਉਂਕਿ ਬਜ਼ੁਰਗਾਂ ਵਾਲੀਆਂ ਗੱਲਾਂ ਹੁਣ ਜਵਾਨੀ ਕੋਲ ਨਹੀਂ ਰਹੀਆਂ, ਉਨ੍ਹਾਂ ਕੋਲ ਸਿਰਫ਼ ਸਮਾਰਟ ਫੋਨ ਵੱਲੋਂ ਦਿੱਤਾ ਮਾਨਸਿਕ ਤਣਾਅ ਹੈ। ਇਸ ਕਾਰਨ ਜਵਾਨੀ ਨੇ ਜਿਉਣਾ ਵਿਸਾਰ ਛੱਡਿਆ ਹੈ। ਮੌਤ ਨੂੰ ਮਾਸੀ ਬਣਾ ਲਿਆ ਹੈ, ਛੋਟੇ ਛੋਟੇ ਕਾਰਨਾਂ ਕਰਕੇ ਸਾਡੇ ਬੱਚੇ ਆਤਮ ਹੱਤਿਆ ਦੇ ਰਾਹ ਪੈ ਰਹੇ ਨੇ। ਜਵਾਨੀ ਨੂੰ ਜ਼ੋਰ ਕਰਕੇ ਜਾਣਿਆ ਜਾਂਦਾ ਸੀ। ਸੋਹਣੇ ਸੁਨੱਖੇ ਜਵਾਨ ਪਤਾ ਨਹੀਂ ਚੱਲਦਾ, ਕਦੋਂ ਗਲ਼ ਵਿੱਚ ਰੱਸੀ ਪਾ ਕੇ ਛੱਤ ਨਾਲ ਲਟਕ ਜਾਂਦੇ ਹਨ। ਇਹ ਨਹੀਂ ਸੋਚਦੇ ਕਿ ਪਿੱਛੇ ਮਾਤਾ-ਪਿਤਾ ਦਾ ਕੀ ਹਾਲ ਹੋਵੇਗਾ।
ਕਿਸੇ ਫ਼ਕੀਰ ਨੇ ਕਿਹਾ ਕਿ ਮੈਨੂੰ ਦੱਸੋ ਸਭ ਤੋਂ ਵੱਧ ਭਾਰ ਕਿਸ ਚੀਜ਼ ਵਿੱਚ ਹੁੰਦਾ ਹੈ। ਕਿਸੇ ਨੇ ਕੁਝ ਕਿਹਾ, ਕੋਈ ਕਹੇ ਲੋਹਾ ਭਾਰੀ ਹੈ, ਪਰ ਕਿਸੇ ਨੇ ਤਸੱਲੀ ਬਖ਼ਸ਼ ਜਵਾਬ ਨਾ ਦਿੱਤਾ। ਫ਼ਕੀਰ ਕਹਿਣ ਲੱਗਿਆ, ‘‘ਪੁੱਤਰੋ! ਜਦੋਂ ਪਿਤਾ ਆਪਣੇ ਬੱਚੇ ਦੀ ਅਰਥੀ ਮੋਢੇ ’ਤੇ ਚੁੱਕਦਾ ਹੈ ਤਾਂ ਉਹ ਸਭ ਤੋਂ ਭਾਰੀ ਹੁੰਦੀ ਹੈ।’’ ਪੁਰਾਤਨ ਸਮੇਂ ਲੋਕ ਸ਼ਾਂਤੀ ਨਾਲ ਕੱਚੇ ਘਰਾਂ ਵਿੱਚ ਰਹਿੰਦੇ ਸਨ ਅਤੇ ਪਿਆਰ ਦੀਆਂ ਬਾਤਾਂ ਪੈਂਦੀਆਂ ਸਨ। ਹਰ ਕੋਈ ਕੁਦਰਤੀ ਅਨੰਦ ਵਿੱਚ ਜ਼ਿੰਦਗੀ ਬਤੀਤ ਕਰਦਾ ਸੀ, ਪਰ ਅੱਜ ਉਹ ਸਕੂਨ ਕਿਧਰੇ ਨਜ਼ਰ ਨਹੀਂ ਆਉਂਦਾ। ਕੁਝ ਘਟਨਾਵਾਂ ਸਮਾਜ ਵਿੱਚ ਅਜਿਹੀਆਂ ਵਾਪਰਦੀਆਂ ਹਨ ਜਿਸ ਨਾਲ ਹਰ ਕਿਸੇ ਦਾ ਦਿਲ ਪਸੀਜ ਜਾਂਦਾ ਹੈ। ਜਦੋਂ ਕਿਸੇ ਦਾ ਜਵਾਨ ਬੱਚਾ ਖੁਦਕੁਸ਼ੀ ਕਰ ਜਾਂਦਾ ਹੈ ਤਾਂ ਉਹ ਹੀ ਜਾਣਦਾ ਹੈ ਕਿ ਉਸ ’ਤੇ ਕੀ ਬੀਤ ਰਹੀ ਹੈ। ਅੱਜ ਇਹ ਵਰਤਾਰਾ ਸਮੁੱਚੇ ਭਾਰਤ ਦੇ ਨਾਲ ਪੰਜਾਬ ਵਿੱਚ ਵੀ ਰੋਜ਼ਾਨਾ ਵਾਪਰ ਰਿਹਾ ਹੈ। ਕਿਸਾਨਾਂ ਦੀਆਂ ਆਤਮ ਹੱਤਿਆਵਾਂ ਵਿੱਚ ਪੰਜਾਬ ਮੋਹਰੀ ਹੈ।
ਦੇਸ਼ ਦੇ ਅੰਕੜਿਆਂ ਅਨੁਸਾਰ ਹਰ ਅੱਧੇ ਘੰਟੇ ਬਾਅਦ ਇੱਕ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ। ਬਚਪਨ ਅਤੇ ਜਵਾਨੀ ਆਪਣੇ ਵੱਡਿਆਂ ਨੂੰ ਆਪਣਾ ਮਾਰਗ ਦਰਸ਼ਨ ਮੰਨਦੀ ਹੈ। ਬੱਚਿਆਂ ਅਤੇ ਨੌਜਵਾਨਾਂ ਵਿੱਚ ਅੱਜ ਆਤਮ ਹੱਤਿਆਵਾਂ ਦਾ ਰੁਝਾਨ ਬਹੁਤ ਵਧ ਰਿਹਾ ਹੈ। ਜਿਹੜੇ ਹੋਣਹਾਰ ਬੱਚਿਆਂ ਨੇ ਆਪਣੇ ਮਾਪਿਆਂ ਦਾ ਬੁਢਾਪੇ ਵਿੱਚ ਸਹਾਰਾ ਬਣਨਾ ਸੀ, ਅੱਜ ਉਹ ਬੱਚੇ ਮਾਨਸਿਕ ਦਬਾਅ ਹੇਠ ਜੀਵਨ ਬਤੀਤ ਕਰ ਰਹੇ ਹਨ, ਜਿਸ ਦਾ ਸਿੱਟਾ ਮੌਤ ਦਾ ਰਾਹ ਹੈ। ਕੁਝ ਸਾਲ ਪਹਿਲਾਂ ਇੱਕ ਪਿੰਡ ਦੇ ਨੌਜਵਾਨ ਨੇ ਕਿਸੇ ਦੋਸਤ ਦੇ ਪਿਸਤੌਲ ਨਾਲ ਆਪਣਾ ਸਾਰਾ ਟੱਬਰ ਮਾਰ ਦਿੱਤਾ ਸੀ। ਅਜਿਹੇ ਵਰਤਾਰੇ ਨੂੰ ਵੇਖਣ ਲਈ ਪਤਾ ਨਹੀਂ ਕਿਸੇ ਕਾਰਨ ਲੜਕੇ ਦਾ ਦਾਦਾ ਜਿਉਂਦਾ ਰਹਿ ਗਿਆ ਸੀ। ਜੋ ਆਪਣੇ ਜਿਉਂਦੇ ਰਹਿਣ ’ਤੇ ਭੁੱਬਾਂ ਮਾਰ ਕੇ ਰੋ ਰਿਹਾ ਸੀ ਕਿ ਮੈਂ ਡੋਲੀ ਵਾਲੀ ਕਾਰ ਦੇ ਉੱਤੇ ਪੈਸੇ ਸੁੱਟਣ ਦੀ ਸੋਚ ਰਿਹਾ ਸੀ। ਕਿਉਂਕਿ ਉਸ ਮੁੰਡੇ ਦੇ ਵਿਆਹ ਵਿੱਚ ਥੋੜ੍ਹੇ ਦਿਨ ਰਹਿ ਗਏ ਸਨ। ਘਰ ਵਿੱਚ ਬਹੂ ਬਣ ਕੇ ਆਉਣ ਵਾਲੀ ਲੜਕੀ ਦੇ ਸੁਪਨੇ ਚਕਨਾ ਚੂਰ ਹੋ ਗਏ, ਅਜਿਹਾ ਮੰਜ਼ਰ ਵੇਖਿਆ ਨਹੀਂ ਜਾ ਰਿਹਾ ਸੀ। ਬਾਬੇ ਨਾਨਕ ਦੀ ਧਰਤੀ ਦੇ ਉੱਤੇ ਇਹ ਕੁਝ ਹੋਵੇਗਾ, ਅੰਦਾਜ਼ਾ ਨਹੀਂ ਸੀ। ਸਾਡੇ ਨੌਜਵਾਨ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਕੇ ਛਕਣਾ ਭੁੱਲ ਗਏ ਹਨ।
ਮਾਪਿਆਂ ਦੀਆਂ ਲੋੜ ਤੋਂ ਵੱਧ ਆਸਾਂ ਬੱਚਿਆਂ ਨੂੰ ਮੌਤ ਦੇ ਰਸਤੇ ਪਾ ਰਹੀਆਂ ਹਨ। ਰਾਜਸਥਾਨ ਦਾ ਸ਼ਹਿਰ ਕੋਟਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਅੱਜ ਪੂਰੇ ਭਾਰਤ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਗਿਆ, ਪਰ ਮਾਪੇ ਇਹ ਨਹੀਂ ਸੋਚਦੇ ਕਿ ਕੋਟੇ ਵਿੱਚ ਹੋਰ ਕੋਟਿਆਂ ਵਾਂਗ ਮੌਤ ਦਾ ਕੋਟਾ ਵੀ ਨਿਰਧਾਰਤ ਹੋ ਗਿਆ ਹੈ। ਆਏ ਦਿਨ ਆਪਣੀ ਅਸਫਲਤਾ ਦੇ ਕਾਰਨ ਬੱਚੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਕੋਟੇ ਵਿੱਚ ਆਤਮ ਹੱਤਿਆ ਦਾ ਵਰਤਾਰਾ ਆਮ ਹੋ ਗਿਆ ਹੈ। ਜਿਵੇਂ ਪੰਜਾਬ ਵਿੱਚ ਚਿੱਟੇ ਨਾਲ ਹੋਈਆਂ ਮੌਤਾਂ ਅਖ਼ਬਾਰ ਦੀ ਸੁਰਖੀ ਨਹੀਂ ਬਣਦੀਆਂ ਕਿਉਂਕਿ ਲੋਕਾਂ ਨੇ ਅਜਿਹੀਆਂ ਖ਼ਬਰਾਂ ਨੂੰ ਅਣਗੌਲਿਆ ਕਰ ਦਿੱਤਾ ਹੈ। ਇਹੀ ਹਾਲ ਰਾਜਸਥਾਨ ਦੇ ਸ਼ਹਿਰ ਕੋਟਾ ਵਿੱਚ ਹੈ। ਮਾਪਿਆਂ ਨੂੰ ਅੱਜ ਸੋਚਣ ਦੀ ਲੋੜ ਹੈ ਕਿ ਤੁਸੀਂ ਬੱਚਿਆਂ ਨੂੰ ਬੱਚੇ ਬਣ ਕੇ ਰਹਿਣ ਦਿਓ। ਹਰ ਬੱਚਾ ਵੱਡਾ ਅਫ਼ਸਰ ਨਹੀਂ ਬਣ ਸਕਦਾ। ਬੱਚੇ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ। ਤੁਹਾਡੀਆਂ ਹੱਦ ਤੋਂ ਵੱਧ ਉਮੀਦਾਂ ਬੱਚਿਆਂ ਨੂੰ ਜ਼ਹਿਰ ਨਿਗਲਣ ਅਤੇ ਛੱਤ ਨਾਲ ਲਟਕਣ ਲਈ ਮਜਬੂਰ ਕਰ ਰਹੀਆਂ ਹਨ।
ਅੱਜ ਪੂਰੇ ਭਾਰਤ ਵਿੱਚ ਹਰ ਸਾਲ ਨੌਜਵਾਨਾਂ ਦੀ ਆਤਮ ਹੱਤਿਆ ਦੀ ਦਰ 10 ਤੋਂ 13 ਹਜ਼ਾਰ ਦੇ ਕਰੀਬ ਹੈ ਯਾਨੀ ਨਵੀਆਂ ਕਰੂੰਬਲਾਂ ਜ਼ਿੰਦਗੀ ਜਿਉਣ ਤੋਂ ਪਹਿਲਾਂ ਹੀ ਮੌਤ ਨੂੰ ਗਲ਼ ਲਾ ਲੈਂਦੀਆਂ ਹਨ। ਜਦੋਂ ਗੱਲ ਹੱਥੋਂ ਨਿਕਲ ਜਾਂਦੀ ਹੈ, ਫਿਰ ਮਾਪੇ ਪਿੱਟ ਸਿਆਪਾ ਕਰਦੇ ਹਨ, ਸਿਸਟਮ ਨੂੰ ਕੋਸਦੇ ਹਨ, ਪਰ ਇਹ ਨਹੀਂ ਸੋਚਦੇ ਇਸ ਲਈ ਅਸੀਂ ਕਿੰਨੇ ਭਾਗੀਦਾਰ ਹਾਂ। ਜਿਹੜੇ ਘਰ ਵਿੱਚ ਰੌਣਕਾਂ ਲੱਗਣੀਆਂ ਸਨ, ਜਦੋਂ ਉਨ੍ਹਾਂ ਘਰਾਂ ਵਿੱਚ ਮੌਤ ਦੇ ਸੱਥਰ ਵਿਛ ਜਾਂਦੇ ਹਨ ਤਾਂ ਇੰਜ ਲੱਗਦਾ ਹੈ ਕਿ ਅੱਜ ਪ੍ਰਿੰਸੀਪਲ ਤੇਜਾ ਸਿੰਘ ਵੱਲੋਂ ਸਿਰਜਿਆ ਘਰ ਨਹੀਂ, ਜਿੱਥੇ ਮੁਹੱਬਤ ਅਤੇ ਪਿਆਰ ਦੀਆਂ ਸੱਧਰਾਂ ਪਲਣੀਆਂ ਸਨ। ਇਹ ਇੱਟਾਂ ਦਾ ਢਾਰਾ ਆਪਣੀ ਹੋਣੀ ’ਤੇ ਰੋ ਰਿਹਾ ਪ੍ਰਤੀਤ ਹੁੰਦਾ ਹੈ। ਸਰਕਾਰਾਂ ਨੇ ਇਸ ਪਾਸੇ ਸੋਚਦਿਆਂ ਕਲਾਸਾਂ ਵਿੱਚੋਂ ਫੇਲ੍ਹ ਹੋਣ ਦਾ ਸਿਸਟਮ ਬਹੁਤ ਘਟਾ ਦਿੱਤਾ, ਗਰੇਡਿੰਗ ਕਰ ਦਿੱਤੀ ਕਿ ਕੋਈ ਵਿਦਿਆਰਥੀ ਫੇਲ੍ਹ ਹੋ ਕੇ ਅਜਿਹੇ ਕਦਮ ਨਾ ਚੁੱਕੇ।
ਵਿਦਿਆਰਥੀਆਂ ਵਿੱਚ ਆਤਮ ਹੱਤਿਆ ਦੀ ਵਧਦੀ ਪ੍ਰਵਿਰਤੀ ਨੂੰ ਰੋਕਣ ਲਈ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਬੱਚਿਆਂ ਲਈ ਇੱਕ ਪੀਰੀਅਡ ਰੋਜ਼ਾਨਾ ਮੈਡੀਟੇਸ਼ਨ ਦਾ ਸ਼ੁਰੂ ਕੀਤਾ ਹੈ। ਇਹ ਸ਼ਲਾਘਾਯੋਗ ਫੈਸਲਾ ਹੈ ਜਿਸ ਨਾਲ ਬੱਚਿਆਂ ਵਿੱਚ ਸਹਿਣਸ਼ੀਲਤਾ ਦੀ ਪ੍ਰਵਿਰਤੀ ਪੈਦਾ ਹੋਵੇਗੀ। ਅੱਜ ਦੇ ਬੱਚੇ ਨੈੱਟ ਦੀ ਹੌਲੀ ਸਪੀਡ ਸਹਿਣ ਨਹੀਂ ਕਰਦੇ। ਫਿਰ ਉਹ ਵੱਡਿਆਂ ਦੀ ਕਹੀ ਗੱਲ, ਕਿਵੇਂ ਸਹਿਣ ਕਰਨਗੇ? ਅੱਜ ਮਾਪਿਆਂ ਨੂੰ ਬੱਚਿਆਂ ’ਤੇ ਅਣਕਿਆਸਿਆ ਬੋਝ ਨਹੀਂ ਪਾਉਣਾ ਚਾਹੀਦਾ। ਖਾਸ ਕਰ ਅੱਲ੍ਹੜ ਉਮਰ ਵਿੱਚ ਬੱਚਿਆਂ ਦੇ ਨਾਲ ਮਾਪਿਆਂ ਨੂੰ ਮਿੱਤਰਤਾ ਪੂਰਵਕ ਸਬੰਧ ਬਣਾ ਕੇ ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ।
ਅੱਜ ਬੱਚਿਆਂ ਨੂੰ ਕੌਂਸਲਿੰਗ ਦੀ ਜ਼ਰੂਰਤ ਹੈ। ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ। ਬੱਚਿਆਂ ’ਤੇ ਕਦੇ ਵੀ ਪੜ੍ਹਾਈ ਜਾਂ ਹੋਰ ਕਿਸੇ ਫੈਸਲੇ ਦਾ ਬੋਝ ਨਾ ਪਾਓ, ਉਨ੍ਹਾਂ ਦੀ ਸਹਿਣਸ਼ੀਲਤਾ ਅਨੁਸਾਰ ਹੀ ਉਨ੍ਹਾਂ ਵਿੱਚ ਜੀਵਨ ਬਤੀਤ ਕਰਨ ਅਤੇ ਚੰਗੀਆਂ ਆਦਤਾਂ ਗ੍ਰਹਿਣ ਕਰਨ ਦੀ ਪ੍ਰਵਿਰਤੀ ਪੈਦਾ ਕਰੋ। ਸਿੱਖਿਆ ਦਾ ਮੁੱਖ ਮਨੋਰਥ ਚੰਗੇ ਇਨਸਾਨ ਪੈਦਾ ਕਰਨਾ ਹੈ ਨਾ ਕਿ ਧਨ ਕਮਾਉਣ ਵਾਲੇ ਕਲ ਪੁਰਜੇ। ਫਿਰ ਉਹ ਕਲ ਪੁਰਜੇ ਜੋ ਨੈਤਿਕ ਕਦਰਾਂ ਕੀਮਤਾਂ ਤੋਂ ਵਾਂਝੇ ਹੁੰਦੇ ਹਨ, ਉਹ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਰੋਲਦੇ ਹਨ। ਬੱਚਿਆਂ ਨੂੰ ਬੱਚੇ ਰਹਿਣ ਦਿਓ, ਉਨ੍ਹਾਂ ਨੂੰ ਆਪਣੇ ਬਚਪਨ ਦੇ ਅਨੁਸਾਰ ਜ਼ਿੰਦਗੀ ਬਤੀਤ ਕਰਨ ਦਿਓ। ਬੱਚੇ ਫੁੱਲਾਂ ਵਾਂਗ ਹਨ, ਉਨ੍ਹਾਂ ਦੀ ਤਿਤਲੀਆਂ ਵਾਂਗ ਸੁਗੰਧ ਮਹਿਸੂਸ ਕਰੋ, ਉਨ੍ਹਾਂ ਨੂੰ ਪੈਰ ਦੀ ਜੁੱਤੀ ਨਾਲ ਮਧੋਲੋ ਨਾ। ਬੱਚੇ ਰੱਬ ਦੇ ਡਾਕੀਏ ਹਨ, ਕੋਰੇ ਕਾਗਜ਼ ਹਨ। ਪਿਆਰ ਦੇ ਭੁੱਖੇ ਹਨ, ਖੁਸ਼ੀਆਂ ਨਾਲ ਘਰ ਨੂੰ ਭਰ ਦਿੰਦੇ ਹਨ। ਬੱਚਿਆਂ ਨੂੰ ਪੂਰਾ ਪਿਆਰ ਅਤੇ ਸਤਿਕਾਰ ਦਿਓ ਕਿਉਂਕਿ ਅੱਜ ਦੀ ਸਿੱਖਿਆ ਪ੍ਰਣਾਲੀ ਵਿੱਚ ਬੱਚਿਆਂ ’ਤੇ ਬੋਝਲ ਸਿਲੇਬਸ ਹੈ, ਇਸ ਲਈ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਦੀ ਲੋੜ ਹੈ। ਜੇਕਰ ਆਪਾਂ ਬੱਚੇ ਨੂੰ ਪਿਆਰ ਕਰਦੇ ਹਾਂ ਤਾਂ ਬੱਚੇ ਉਸ ਤੋਂ ਕਈ ਗੁਣਾ ਸਾਨੂੰ ਪਿਆਰ ਕਰਦੇ ਹਨ। ਸ਼ਾਇਰ ਸੁਰਜੀਤ ਪਾਤਰ ਦੇ ਸ਼ਿਅਰ ਨਾਲ ਗੱਲ ਖ਼ਤਮ ਕਰਦੇ ਹਾਂ;
ਭਾਰੇ ਭਾਰੇ ਬਸਤੇ, ਲੰਬੇ ਲੰਬੇ ਰਸਤੇ
ਥੱਕ ਗਏ ਨੇ ਮੋਢੇ, ਦੁਖਣ ਲੱਗੇ ਨੇ ਗੋਡੇ
ਇੰਨਾ ਭਾਰ ਚੁਕਾਇਆ ਏ,
ਅਸੀਂ ਕੋਈ ਖੋਤੇ ਹਾਂ।
ਨੌਜਵਾਨਾਂ ਵਿੱਚ ਕਿਉਂ ਵਧ ਰਹੀ ਹੈ ਆਤਮ ਹੱਤਿਆ ਦੀ ਪ੍ਰਵਿਰਤੀ

