ਸਰੀ, (ਏਕਜੋਤ ਸਿੰਘ): ਕੈਲੋਨਾ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 3 ਨੌਜਵਾਨਾਂ ਨੇ 2 ਲਾਈਮ ਸਕੂਟਰਾਂ ਦੀ ਵਰਤੋਂ ਕਰਕੇ ਇੱਕ ਚਲਦਾ-ਫਿਰਦਾ ਸੋਫਾ ਤਿਆਰ ਕਰ ਲਿਆ। ਇਸ ਜੁਗਾੜੂ ਸੋਫੇ ‘ਤੇ ਬੈਠ ਕੇ ਨੌਜਵਾਨਾਂ ਨੇ ਸ਼ਹਿਰ ਦੀਆਂ ਸੜਕਾਂ ‘ਤੇ ਖੂਬ ਸਵਾਰੀ ਕੀਤੀ। ਇਹ ਵਿਲੱਖਣ ਸੋਫਾ-ਮੋਬਾਈਲ ਸ਼ਹਿਰ ਦੇ ਡਾਊਨਟਾਊਨ ਇਲਾਕੇ ਵਿੱਚ ਕਈ ਪ੍ਰਮੁੱਖ ਥਾਵਾਂ ਤੋਂ ਲੰਘਿਆ, ਜਿਸ ਵਿੱਚ ਡੌਲਫਿਨ ਸਟੈਚੂ ਦੇ ਕੋਲ ਕੀਤੀ ਗਈ ਸਵਾਰੀ ਨੇ ਰਾਹਗੀਰਾਂ ਦਾ ਖਾਸ ਧਿਆਨ ਖਿੱਚਿਆ।
ਇਸ ਅਨੋਖੀ ਸਵਾਰੀ ਨੂੰ ਬਾਅਦ ਵਿੱਚ ਕੈਪਰੀ ਮਾਲ ਦੇ ਪਾਰਕਿੰਗ ਖੇਤਰ ਵਿੱਚ ਦੇਖਿਆ ਗਿਆ ਜਿੱਥੇ ਪੁਲਿਸ ਦੀ ਇੱਕ ਗੈਰ-ਨਿਸ਼ਾਨਬੱਧ ਗੱਡੀ ਨੇ ਇਨ੍ਹਾਂ ਨੂੰ ਰੋਕ ਲਿਆ। ਆਰ.ਸੀ.ਐਮ.ਪੀ. ਦੇ ਮੀਡੀਆ ਸਬੰਧ ਅਧਿਕਾਰੀ ਸਟੀਵਨ ਲੈਂਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਇੱਕ ਮੈਂਬਰ ਨੇ ਇਸ ਗਰੁੱਪ ਨੂੰ ਲਾਈਮ ਸਕੂਟਰਾਂ ਦੀ ਮਦਦ ਨਾਲ ਸੋਫਾ ਚਲਾਉਂਦੇ ਹੋਏ ਦੇਖਿਆ ਸੀ। ਪੁਲਿਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨਾਂ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਅਜਿਹੇ ਸਟੰਟਾਂ ਨਾਲ ਜੁੜੇ ਸੰਭਾਵੀ ਖਤਰਿਆਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ। ਪੁਲਿਸ ਦੀ ਸਮਝਾਉਣ ਤੋਂ ਬਾਅਦ ਨੌਜਵਾਨਾਂ ਨੇ ਆਪਣੀ ਗਲਤੀ ਮੰਨ ਲਈ ਅਤੇ ਉਸ ਰਾਤ ਲਈ ਸੋਫੇ ਦੀ ਸਵਾਰੀ ਬੰਦ ਕਰਨ ਦਾ ਫੈਸਲਾ ਕੀਤਾ। ਅਧਿਕਾਰੀਆਂ ਅਨੁਸਾਰ ਭਾਵੇਂ ਇਹ ਗਤੀਵਿਧੀ ਦੇਖਣ ਵਿੱਚ ਮਨੋਰੰਜਕ ਲੱਗ ਸਕਦੀ ਹੈ, ਪਰ ਸੜਕ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਬੇਹੱਦ ਖਤਰਨਾਕ ਸਾਬਤ ਹੋ ਸਕਦੀ ਹੈ। ਫੈਡਰਲ ਨਿਯਮਾਂ ਅਤੇ ਸਥਾਨਕ ਸੁਰੱਖਿਆ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਨੇ ਨੌਜਵਾਨਾਂ ਨੂੰ ਭਵਿੱਖ ਵਿੱਚ ਅਜਿਹੀਆਂ ਲਾਪਰਵਾਹੀਆਂ ਤੋਂ ਬਚਣ ਦੀ ਹਦਾਇਤ ਕੀਤੀ ਹੈ। This report was written by Ekjot Singh as part of the Local Journalism Initiative.
ਕੈਲੋਨਾ ਵਿੱਚ ਨੌਜਵਾਨਾਂ ਨੇ ਬਣਾਈ ਚਲਦੀ-ਫਿਰਦੀ ਸੋਫਾ-ਗੱਡੀ ਨੇ ਸਭ ਨੂੰ ਹੈਰਾਨ ਕੀਤਾ

