Sunday, April 20, 2025
12.4 C
Vancouver

ਹਰਮਨਦੀਪ ਕੌਰ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ‘ਤੇ 13 ਮਈ ਨੂੰ ਹੋਣਗੇ ਦੋਸ਼ ਆਇਦ

 

ਕੈਲੋਨਾ, ਏਕਜੋਤ ਸਿੰਘ): ਯੂਬੀਸੀ ਓਕਾਨਾਗਨ ਦੀ ਸੁਰੱਖਿਆ ਕਰਮਚਾਰੀ ਹਰਮਨਦੀਪ ਕੌਰ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਡਾਂਟੇ ਓਗਨੀਬੀਨ-ਹੈਬਰਨ ਨੇ ਕਤਲ ਦੇ ਦੋਸ਼ ਕਬੂਲ ਕੀਤੇ ਹਨ।
ਜ਼ਿਕਰਯੋਗ ਹੈ ਕਿ 24 ਸਾਲਾਂ ਹਰਮਨਦੀਪ ਕੌਰ 26 ਫਰਵਰੀ 2022 ਨੂੰ ਸਵੇਰੇ ਦੀ ਸੁਰੱਖਿਆ ਕਰਮਚਾਰੀ ਵਜੋਂ ਡਿਊਟੀ ਕਰ ਰਹੀ ਸੀ, ਜਦ ਉਸ ‘ਤੇ ਅਚਾਨਕ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਹਮਲੇ ਦੇ ਤੁਰੰਤ ਬਾਅਦ ਡਾਂਟੇ ਓਗਨੀਬੀਨ-ਹੈਬਰਨ ਨੂੰ ਮੈਨਟਲ ਹੈਲਥ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਹਰਮਨਦੀਪ ਦੀ ਮੌਤ ਤੋਂ ਬਾਅਦ ਉਸ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ। ਹੁਣ ਉਹ ਇਸ ਦੋਸ਼ ਨੂੰ ਘਟਾ ਕੇ ਮਾਨਹੱਤਾ ਕਤਲ ਦੇ ਦੋਸ਼ ਲਈ ਗੁਨਾਹ ਕਬੂਲੇਗਾ।
ਕਰਾਊਨ ਵੱਲੋਂ ਦੋਸ਼ਾਂ ਨੂੰ ਘਟਾਉਣ ਦੇ ਕਾਰਨ ‘ਤੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਬੀ.ਸੀ. ਪ੍ਰੋਸਿਕਿਊਸ਼ਨ ਸਰਵਿਸ ਦੀ ਸਪੋਕਸਮੈਨ ਡੈਮੀਨ ਡਾਰਬੀ ਨੇ ਆਪਣੇ ਬਿਆਨ ਵਿੱਚ ਕਿਹਾ, “ਸਿਰਫ ਵਿਰਲੇ ਮਾਮਲਿਆਂ ‘ਚ, ਜਿਥੇ ਅਸਿਸਟੈਂਟ ਡਿਪਟੀ ਅਟਾਰਨੀ ਜਨਰਲ ਇਹ ਸਮਝਦੇ ਹਨ ਕਿ ਇਹ ਜਨਤਕ ਹਿਤ ‘ਚ ਹੈ, ਅਸੀਂ ਆਪਣੀ ਅਧਿਕਾਰਕ ਵਿਵੇਚਨਾ ਦੇ ਪਿਛੋਕੜ ਦੀ ਜਾਣਕਾਰੀ ਪ੍ਰਦਾਨ ਕਰਦੇ ਹਾਂ।”
ਹਰਮਨਦੀਪ ਕੌਰ ਦੀ ਮੌਤ ਤੋਂ ਬਾਅਦ, ਡਾਂਟੇ ਦੇ ਪਿਤਾ ਨਿਕੋਲਸ ਹੈਬਰਨ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਮਾਨਸਿਕ ਸਥਿਤੀ ਠੀਕ ਲਈ ਅਤੇ ਮਾਨਸਿਕ ਸਿਹਤ ਲਈ ਉਨ੍ਹਾਂ ਦਾ ਪਰਿਵਾਰ ਗੰਭੀਰ ਚਿੰਤਾ ਵਿੱਚ ਹੈ। ਹੈਬਰਨ ਨੇ ਕਿਹਾ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਵੇਗਾ।
ਹੈਬਰਨ ਨੇ ਇਹ ਵੀ ਦੱਸਿਆ ਕਿ ਉਹ ਅਤੇ ਉਸਦਾ ਪੁੱਤਰ ਦੋਵੇਂ ਯੂਬੀਸੀ ਓਕਾਨਾਗਨ ਕੈਂਪਸ ‘ਤੇ ਕੰਮ ਕਰਦੇ ਸਨ। “ਹਰਮਨਦੀਪ ਸਾਡੇ ਲਈ ਇੱਕ ਦੋਸਤ ਵਾਂਗ ਸੀ। ਉਹ ਡਾਂਟੇ ਦੀ ਮਨਪਸੰਦ ਸੁਰੱਖਿਆ ਕਰਮਚਾਰੀ ਵੀ ਸੀ ਅਤੇ ਇਸ ਘਟਨਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਝੰਝੋੜ ਕੇ ਰੱਖ ਦਿੱਤਾ ਹੈ।
ਹਰਮਨਦੀਪ ਕੌਰ ਦੇ ਪਰਿਵਾਰਕ ਮੈਂਬਰ ਕੁਲਜੀਤ ਪਾਬਲਾ ਨੇ ਕਿਹਾ ਦੱਸਿਆ ਕਿ ਉਸ ਨੂੰ ਅੱਜ ਵੀ ਇੱਕ ਦਇਆਲੂ ਅਤੇ ਸਹਿਯੋਗੀ ਦੇ ਰੂਪ ਵਿੱਚ ਯਾਦ ਕੀਤਾ ਜਾ ਰਿਹਾ ਹੈ। ਉਹ ਯੂਬੀਸੀ ਓਕਾਨਾਗਨ ‘ਚ ਵਿਦਿਆਰਥੀ ਬਣ ਕੇ ਪੈਰਾਮੈਡੀਕ ਬਣਨ ਦਾ ਸੁਪਨਾ ਦੇਖਦੀ ਸੀ।
ਡਾਂਟੇ ਓਗਨੀਬੀਨ-ਹੈਬਰਨ ਮਾਨਹੱਤਾ ਕਤਲ ਦੇ ਦੋਸ਼ ਲਈ 13 ਮਈ ਨੂੰ ਦੋਸ਼ ਆਇਦ ਹੋਣਗੇ। ਸਜ਼ਾ ਸੁਣਾਈ ਜਾਣ ਦੀ ਕਾਰਵਾਈ 14 ਮਈ ਤੱਕ ਚੱਲਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨੇ ਕਾਨੂੰਨੀ ਪ੍ਰਕਿਰਿਆ ਅਤੇ ਮਾਨਸਿਕ ਸਿਹਤ ਦੇ ਮਾਮਲੇ ‘ਤੇ ਵਿਅਕਤੀਗਤ ਜ਼ਿੰਮੇਵਾਰੀ ਦੇ ਸਵਾਲ ਖੜੇ ਕੀਤੇ ਹਨ। ਹਰਮਨਦੀਪ ਕੌਰ ਦੀ ਮੌਤ ਸਿਰਫ ਉਸ ਦੇ ਪਰਿਵਾਰ ਲਈ ਨਹੀਂ, ਸਗੋਂ ਹਰ ਭਾਈਚਾਰੇ ਲਈ ਇੱਕ ਵੱਡਾ ਸਵਾਲ ਬਣ ਕੇ ਉਭਰੀ ਹੈ।