ਔਟਵਾ : ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਫ਼ੈਡਰਲ ਪਬਲਿਕ ਸਰਵੈਂਟਸ ਦੀ ਗਿਣਤੀ ਵਿੱਚ ਘਟਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਨੌਕਰਸ਼ਾਹੀ ਦਾ ਵਿਸਥਾਰ ਘੱਟ ਕਰਨ ਦੀ ਲੋੜ ਹੈ। ਇੱਕ ਇੰਟਰਵਿਊ ਦੌਰਾਨ, ਜਦੋਂ ਪੌਲੀਐਵ ਤੋਂ ਪੁੱਛਿਆ ਗਿਆ ਕਿ ਕੀ ਉਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਰਕਰਾਂ ਨੂੰ ਹਫ਼ਤੇ ਵਿੱਚ ਪੰਜ ਦਿਨ ਦਫ਼ਤਰ ਜਾਣ ਦੇ ਆਦੇਸ਼ ਨਾਲ ਸਹਿਮਤ ਹਨ, ਤਦ ਪੌਲੀਐਵ ਨੇ ਜਵਾਬ ਦਿੱਤਾ ਕਿ ਮੁੱਖ ਗੱਲ ਇਹ ਨਹੀਂ ਕਿ ਮੁਲਾਜ਼ਮ ਕਿੱਥੇ ਕੰਮ ਕਰਦੇ ਹਨ, ਸਗੋਂ ਇਹ ਹੈ ਕਿ ਕੀ ਉਹਨਾਂ ਤੋਂ ਕੰਮ ਹੋ ਰਿਹਾ ਹੈ।
ਪੌਲੀਐਵ ਨੇ ਕਿਹਾ, “ਜੇਕਰ ਪਬਲਿਕ ਸਰਵੈਂਟਸ ਘਰੋਂ ਕੰਮ ਕਰਦੇ ਹਨ, ਤਾਂ ਮੈਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕੰਮ ਹੋਵੇ।” ਉਨ੍ਹਾਂ ਅਗੇ ਕਿਹਾ ਕਿ ਇਸ ਸਮੇਂ ਫ਼ੈਡਰਲ ਸਰਕਾਰ ਵਿੱਚ ਕੰਮ ਢੰਗ ਨਾਲ ਨਹੀਂ ਹੋ ਰਿਹਾ।
ਪੌਲੀਐਵ ਨੇ ਦਲੀਲ ਦਿੱਤੀ ਕਿ ਕੈਨੇਡਾ ਵਿੱਚ ਨੌਕਰਸ਼ਾਹਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਫ਼ੈਡਰਲ ਲਿਬਰਲ ਸਰਕਾਰ ਨੇ 110,000 ਨਵੇਂ ਪਬਲਿਕ ਸਰਵੈਂਟਸ ਦੀ ਭਰਤੀ ਕੀਤੀ ਹੈ, ਜਿਸ ਨਾਲ ਸਰਕਾਰੀ ਘਾਟੇ ਵਿੱਚ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ, “ਮੈਂ ਪਬਲਿਕ ਸਰਵਿਸ ਦੀ ਕੁਸ਼ਲਤਾ ਵਧਾਉਣ ਅਤੇ ਗਿਣਤੀ ਘਟਾਉਣ ਲਈ ਵਚਨਬੱਧ ਹਾਂ। ਇਹ ਸਿਰਫ਼ ਨੌਕਰਸ਼ਾਹੀ ਘਟਾਉਣ ਦੀ ਗੱਲ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣ ਦੀ ਗੱਲ ਹੈ ਕਿ ਹਰ ਮੁਲਾਜ਼ਮ ਨੂੰ ਸਪਸ਼ਟ ਕੰਮ ਦਿੱਤਾ ਜਾਵੇ ਅਤੇ ਉਸ ਦੀ ਨਿਗਰਾਨੀ ਕੀਤੀ ਜਾਵੇ।”
ਪੌਲੀਐਵ ਨੇ ਫ਼ੈਡਰਲ ਲਿਬਰਲ ਸਰਕਾਰ ਦੀਆ ਮਾਲੀ ਪੋਲਿਸੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਸਟਿਨ ਟ੍ਰੂਡੋ ਦੀ ਸਰਕਾਰ ਦੇ ਬੇਲਗਾਮ ਖਰਚੇ ਕੈਨੇਡਾ ਦੇ ਵਿੱਤੀ ਸੰਕਟ ਦਾ ਕਾਰਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੇਵਜ੍ਹਾ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾ ਰਹੀ ਹੈ, ਜਿਸ ਨਾਲ ਕਰਦ ਵਿੱਚ ਇਜ਼ਾਫ਼ਾ ਹੋ ਰਿਹਾ ਹੈ।
ਪੀਅਰ ਪੌਲੀਐਵ ਵਲੋਂ ਫ਼ੈਡਰਲ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦਾ ਸਮਰਥਨ
