Sunday, April 20, 2025
12.4 C
Vancouver

ਟੋਰਾਂਟੋ ਪੁਲਿਸ ਵੱਲੋਂ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਦੀ ਖੇਪ ਬਰਾਮਦ

ਔਟਵਾ : ਟੋਰਾਂਟੋ ਪੁਲਿਸ ਨੇ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਅਭਿਆਨ ਦੌਰਾਨ ਪੁਲਿਸ ਨੇ 835 ਕਿਲੋ ਕੋਕੀਨ ਜ਼ਬਤ ਕਰਦਿਆਂ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਨਸ਼ੇ ਦੀ ਕੀਮਤ 8 ਕਰੋੜ 30 ਲੱਖ ਡਾਲਰ ਅੰਕਿਤ ਕੀਤੀ ਗਈ ਹੈ। ਪੁਲਿਸ ਮੁਖੀ ਮਾਇਰਨ ਡਿਮਕਿਊ ਨੇ ਕਿਹਾ ਕਿ ਇਹ ਵੱਡੀ ਸਫਲਤਾ ਹੈ ਜਿਸ ਨਾਲ ਨਸ਼ਿਆਂ ਨੂੰ ਗਲੀਆਂ ਤੋਂ ਦੂਰ ਰੱਖਣ, ਹਿੰਸਾ ਘਟਾਉਣ ਅਤੇ ਅਪਰਾਧਕ ਗਿਰੋਹਾਂ ਦੇ ਚਾਲਾਂ ਦਾ ਪਰਦਾ ਫ਼ਾਸ਼ ਕਰਨ ਵਿੱਚ ਸਹਾਇਤਾ ਮਿਲੀ ਹੈ।
ਸੁਪਰਡੈਂਟ ਪੌਲ ਮੈਕਇਨਟਾਇਰ ਨੇ ਜਾਣਕਾਰੀ ਦਿਤੀ ਕਿ ਇਹ ਬਰਾਮਦਗੀ ‘ਪ੍ਰੌਜੈਕਟ ਕੈਸਟਿਲੋ’ ਦਾ ਹਿੱਸਾ ਸੀ। ਇਸ ਪ੍ਰੋਜੈਕਟ ਤਹਿਤ 475 ਕਿਲੋ ਕੋਕੀਨ ਮੈਕਸੀਕੋ ਤੋਂ ਅਮਰੀਕਾ ਰਾਹੀਂ ਕੈਨੇਡਾ ਆਉਂਦੇ ਇੱਕ ਟਰੱਕ ਵਿਚੋਂ ਬਰਾਮਦ ਕੀਤੀ ਗਈ। ਇਸ ਮੁਹਿੰਮ ਵਿੱਚ ਯਾਰਕ ਰੀਜਨਲ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਵਿੰਡਸਰ ਪੁਲਿਸ ਨੇ ਸਹਿਯੋਗ ਦਿੱਤਾ। ਇਹ ਟਰੱਕ ਮੈਕਸੀਕੋ ਦੇ ਜੈਲਿਸਕੋ ਨਿਊ ਜੈਨਰੇਸ਼ਨ ਕਾਰਟੈਲ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਟੋਰਾਂਟੋ ਪੁਲਿਸ ਨੂੰ ਪਹਿਲਾਂ ਹੀ ਇਹ ਸੂਹ ਮਿਲ ਚੁੱਕੀ ਸੀ ਕਿ ਗਰੇਟਰ ਟੋਰਾਂਟੋ ਏਰੀਆ ਵਿੱਚ ਇਸ ਖੇਪ ਨੂੰ ਵੇਚਿਆ ਜਾਣਾ ਹੈ। ਪੜਤਾਲ ਦੌਰਾਨ ਪਤਾ ਲੱਗਾ ਕਿ 18 ਟਾਇਰਾਂ ਵਾਲਾ ਟਰੱਕ, ਜੋ ਮੈਕਸੀਕੋ ਤੋਂ ਰਵਾਨਾ ਹੋਇਆ ਸੀ, ਅਮਰੀਕਾ ਰਾਹੀਂ ਕੈਨੇਡਾ ਵਿੱਚ ਦਾਖਲ ਹੋਇਆ।
ਟੋਰਾਂਟੋ ਪੁਲਿਸ ਵੱਲੋਂ ਤਲਾਸ਼ੀ ਵਾਰੰਟਾਂ ਦੇ ਆਧਾਰ ‘ਤੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਟਰੱਕ ਨਾਲ ਗ੍ਰਿਫ਼ਤਾਰ ਹੋਏ ਛੇ ਵਿਅਕਤੀਆਂ ਤੋਂ ਇਲਾਵਾ ਤਿੰਨ ਹੋਰ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ੱਕੀਆਂ ਵਿੱਚ ਨਿਆਗਰਾ ਫ਼ਾਲਜ਼ ਨਾਲ ਸਬੰਧਤ ਰੌਬਰਟ ਨੌਲਿਨ ਦਾ ਨਾਮ ਸ਼ਾਮਲ ਹੈ।