ਸਰੀ, (ਏਕਜੋਤਸਿੰਘ): ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਮੰਗਲਵਾਰ ਸਵੇਰੇ 900 ਹੈਲਮਕਨ ਸਟਰੀਟ ਵਿਖੇ ਪ੍ਰਸਤਾਵਿਤ ਓਵਰਡੋਜ਼ ਪ੍ਰੀਵੈਂਸ਼ਨ ਸਾਈਟ (ਓਪੀਐਸ) ਨੂੰ ਰੋਕਣ ਲਈ ਇੱਕ ਜ਼ਰੂਰੀ ਮਤਾ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਮਤੇ ਤਹਿਤ ਸ਼ਹਿਰ ਦੀ ਕੌਂਸਲ ਵੱਲੋਂ ਸਿਟੀ ਸਟਾਫ ਨੂੰ ਹਦਾਇਤ ਕੀਤੀ ਜਾਵੇਗੀ ਕਿ ਉਹ ਪਰਮਿਟ, ਲਾਇਸੈਂਸਿੰਗ, ਸਰਵਿਸਿੰਗ ਅਤੇ ਕਾਨੂੰਨੀ ਮਾਧਿਅਮਾਂ ਸਮੇਤ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਕੇ ਇਸ ਨਵੇਂ ਕੇਂਦਰ ਨੂੰ ਖੁੱਲ੍ਹਣ ਤੋਂ ਰੋਕਣ। ਮੇਅਰ ਅਨੁਸਾਰ ਸ਼ਹਿਰ ਅਜਿਹੇ ਹੱਲਾਂ ਦਾ ਸਮਰਥਨ ਨਹੀਂ ਕਰੇਗਾ ਜੋ ਨਸ਼ਾਖੋਰੀ ਦੇ ਸੰਕਟ ਨਾਲ ਜੂਝ ਰਹੇ ਲੋਕਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਭਾਈਚਾਰਿਆਂ ਦੋਵਾਂ ਦੀਆਂ ਉਮੀਦਾਂ ‘ਤੇ ਖਰੇ ਨਹੀਂ ਉਤਰਦੇ।
ਕੇਨ ਸਿਮ ਨੇ ਮੌਜੂਦਾ ਸੂਬਾਈ ਸਰਕਾਰ ਅਤੇ ਵੈਨਕੂਵਰ ਕੋਸਟਲ ਹੈਲਥ (ਵੀਸੀਐਚ) ਦੀ ਪਹੁੰਚ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸਹੀ ਯੋਜਨਾਬੰਦੀ, ਨਿਗਰਾਨੀ ਅਤੇ ਜਵਾਬਦੇਹੀ ਦੇ ਅਜਿਹੇ ਕੇਂਦਰਾਂ ਨੂੰ ਸ਼ੁਰੂ ਕਰਨ ਦੇ ਮਾੜੇ ਪ੍ਰਭਾਵ ਪਹਿਲਾਂ ਵੀ ਦੇਖੇ ਜਾ ਚੁੱਕੇ ਹਨ। ਮੇਅਰ ਨੇ ਸੂਬਾ ਸਰਕਾਰ ਵੱਲੋਂ ਡੇਢ ਸਾਲ ਪਹਿਲਾਂ ਕੀਤੇ ਗਏ 400 ਲਾਜ਼ਮੀ ਕੇਅਰ ਬੈੱਡ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਦੁਹਰਾਇਆ। ਉਨ੍ਹਾਂ ਇਤਰਾਜ਼ ਜਤਾਇਆ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੈਨਕੂਵਰ ਸ਼ਹਿਰ ਨੂੰ ਇੱਕ ਵੀ ਬੈੱਡ ਨਹੀਂ ਮਿਲਿਆ, ਜੋ ਕਿ ਮੌਜੂਦਾ ਸੰਕਟ ਦੌਰਾਨ ਬੇਹੱਦ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈ।
ਸ਼ਹਿਰ ਦੇ ਵਪਾਰੀਆਂ, ਸਿਹਤ ਕਰਮਚਾਰੀਆਂ ਅਤੇ ਭਾਈਚਾਰਕ ਆਗੂਆਂ ਨੇ ਪਹਿਲਾਂ ਬੰਦ ਹੋ ਚੁੱਕੇ 1060 ਹਾਓ ਸਟਰੀਟ ਅਤੇ 1101 ਸੀਮੋਰ ਸਟਰੀਟ ਦੇ ਕੇਂਦਰਾਂ ਕਾਰਨ ਪੈਦਾ ਹੋਈਆਂ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ। ਮੇਅਰ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਲਿਆਉਣ ਤੋਂ ਪਹਿਲਾਂ ਸਥਾਨਕ ਲੋਕਾਂ ਨਾਲ ਕੋਈ ਸਾਰਥਕ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਵੈਨਕੂਵਰ ਅਸਲ ਹੱਲ ਚਾਹੁੰਦਾ ਹੈ ਜੋ ਲੋਕਾਂ ਨੂੰ ਦੇਖਭਾਲ ਨਾਲ ਜੋੜਨ ਅਤੇ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਹੋਣ। ਜਦੋਂ ਤੱਕ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਆਪਣੀ ਨੀਤੀ ਵਿੱਚ ਵੱਡਾ ਬਦਲਾਅ ਨਹੀਂ ਕਰਦੇ, ਸ਼ਹਿਰ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। This report was written by Ekjot Singh as part of the Local Journalism Initiative.
ਵੈਨਕੂਵਰ ਵਿੱਚ ਨਵੇਂ ਓਵਰਡੋਜ਼ ਰੋਕੂ ਕੇਂਦਰ ’ਤੇ ਰੋਕ ਲਗਾਉਣ ਦੀ ਤਿਆਰੀ

