ਭਗਤਾ ਭਾਈਕਾ, (ਵੀਰਪਾਲ ਭਗਤਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਅਤੇ ਕਰਮ ਸਿੰਘ ਕੋਠਾਗੁਰੂ ਪਿਛਲੇ ਦਿਨੀਂ ਬੱਸ ਹਾਦਸੇ ਵਿਚ ਜ਼ਖਮੀ ਹੋਣ ਮਗਰੋਂ ਇਲਾਜ ਦੌਰਾਨ ਮੌਤ ਦੇ ਮੂੰਹ ਵਿਚ ਚਲੇ ਗਏ ਸਨ। ਜਿੰਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਲੈਕੇ ਕਿਸਾਨ ਜੱਥੇਬੰਦੀਆਂ ਬਠਿੰਡਾ ਵਿਖੇ ਸੰਘਰਸ ਕਰ ਰਹੀਆ ਸਨ, ਹੁਣ ਸਰਕਾਰ ਵੱਲੋਂ ਯੂਨੀਅਨ ਦੀਆਂ ਕੁਝ ਮੰਗਾਂ ਨੂੰ ਪ੍ਰਵਾਨ ਕਰਕੇ ਮ੍ਰਿਤਕਾਂ ਦੇ ਪਰਿਵਾਰਾਂ ਆਰਥਿਕ ਮੱਦਦ ਦਿੱਤੇ ਜਾਣ ਦੇ ਐਲਾਨ ਉਪਰੰਤ ਯੂਨੀਅਨ ਨੇ ਸੰਘਰਸ ਸਮਾਪਤ ਕਰਕੇ ਮ੍ਰਿਤਕਾਂ ਦਾ ਸੰਸਕਾਰ ਕਰ ਦਿੱਤਾ ਹੈ। ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ ਅਤੇ ਕਰਮਜੀਤ ਸਿੰਘ ਉਰਫ ਕਰਮਾ ਦੀਆਂ ਮਿਰਤਕ ਦੇਹਾਂ ਦਾ ਅੱਜ ਪੋਸਟਮਾਰਟਮ ਕਰਵਾ ਕੇ ਵੱਡੇ ਕਾਫਲੇ ਰਾਹੀ ਪਿੰਡ ਕੋਠਾਗੁਰੂ ਵਿਖੇ ਲਿਆਦਾ ਗਿਆ। ਜਿੱਥੇ ਵੱਡੀ ਗਿਣਤੀ ਵਿਚ ਇਕੱਤਰ ਕਿਸਾਨਾਂ ਅਤੇ ਆਮ ਲੋਕਾਂ ਦੀ ਹਾਜਰੀ ਵਿਚ ਦੋਹੇਂ ਕਿਸਾਨਾਂ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਇਕੱਤਰ ਕਿਸਾਨਾਂ ਮ੍ਰਿਤਕ ਕਿਸਾਨਾਂ ਦੇ ਹੱਕ ਵਿਚ ਨਾਹਰੇਬਾਜੀ ਕੀਤੀ। ਸੂਤਰਾਂ ਅਨੁਸਾਰ ਬੀਕੇਯੂ ਏਕਤਾ ਉਗਰਾਹਾਂ ਦੇ ਜਿਲ੍ਹਾਂ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨਾਲ਼ ਡਿਪਟੀ ਕਮਿਸ਼ਨਰ ਤੇ ਏਡੀਸੀ ਬਠਿੰਡਾ ਵੱਲੋਂ ਮੀਟਿੰਗ ਕਰਕੇ ਮਿਰਤਕਾਂ ਦੇ ਵਾਰਸਾਂ ਨੂੰ ਅੱਠ ਅੱਠ ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਕਰਜਾ ਖ਼ਤਮ ਕਰਨ ਦੀ ਸਿਫਾਰਸ਼ ਕਰਨ, ਗੰਭੀਰ ਜ਼ਖਮੀਆਂ ਨੂੰ ਉਹਨਾਂ ਦੀ ਹਾਲਤ ਮੁਤਾਬਕ ਦੋ ਦੋ ਲੱਖ ਰੁਪਏ ਤੇ ਇੱਕ ਇੱਕ ਲੱਖ ਰੁਪਏ ਸਹਾਇਤਾ ਦੇਣ ਅਤੇ ਵਿਛੋੜਾ ਦੇ ਗਏ ਨੌਜਵਾਨ ਕਰਮ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਪ੍ਰਸ਼ਾਸਨ ਵੱਲੋਂ ਦੇਣ ਆਦਿ ਮੰਗਾਂ ਪ੍ਰਵਾਨ ਕਰਨ ਤੋਂ ਬਾਅਦ ਜਥੇਬੰਦੀ ਨੇ ਮੋਰਚਾ ਖਤਮ ਕਰਨ ਦਾ ਫੈਸਲਾ ਲਿਆ ਸੀ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਹਰਜਿੰਦਰ ਸਿੰਘ ਬੱਗੀ ਨੇ ਆਖਿਆ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਦੇ ਬਾਵਜੂਦ ਮੁਆਵਜ਼ਾ ਰਾਸ਼ੀ ਵਧਾ ਲੈਣਾ ਲੋਕਾਂ ਦੇ ਸੰਘਰਸ਼ ਦੀ ਜਿੱਤ ਹੈ। ਉਹਨਾਂ ਭਗਵੰਤ ਮਾਨ ਸਰਕਾਰ ਵੱਲੋਂ ਮਿਰਤਕਾਂ ਦੀਆਂ ਲਾਸ਼ਾਂ ਤੇ ਵਾਰਸਾਂ ਨੂੰ ਰੋਲਣ ਦੀ ਸਖ਼ਤ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਭਗਵੰਤ ਮਾਨ ਸਰਕਾਰ ਦੀਆਂ ਕਿਸਾਨ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਅਤੇ ਲੋਕ ਪੱਖੀ ਨੀਤੀਆਂ ਲਾਗੂ ਕਰਾਉਣ ਲਈ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਤੇ ਵਿਸ਼ਾਲ ਕਰਦੇ ਹੋਏ ਦਿਰੜ ਘੋਲਾਂ ਦੇ ਰਾਹ ਅੱਗੇ ਵਧਣ। ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਬੱਸ ਹਾਦਸੇ ਦੌਰਾਨ ਪਿੰਡ ਕੋਠਾ ਗੁਰੂ ਦੀਆਂ ਸ਼ਹੀਦ ਹੋਈਆਂ ਤਿੰਨ ਔਰਤਾਂ ਵਿੱਚੋਂ ਇੱਕ ਔਰਤ ਦੇ ਵਾਰਸਾਂ ਬਾਰੇ ਕੁਝ ਕਾਨੂੰਨੀ ਅੜਚਣ ਕਾਰਨ ਉਹਨਾਂ ਨੂੰ ਹਾਲੇ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਜਾ ਸਕੀ। ਉਹਨਾਂ ਦੱਸਿਆ ਕਿ ਮੌਕੇ ਤੇ ਹਾਜ਼ਰ ਵਾਰਸਾਂ ਵੱਲੋਂ ਇੱਕ ਦੋ ਦਿਨਾਂ ਵਿੱਚ ਇਹ ਅੜਚਣ ਦੂਰ ਕਰਨ ਬਾਰੇ ਕਿਹਾ ਗਿਆ। ਸੰਸਕਾਰ ਮੌਕੇ ਕਿਸਾਨ ਆਗੂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਅਵਤਾਰ ਸਿੰਘ ਤਾਰੀ, ਹਰਵਿੰਦਰ ਸਿੰਘ ਬਿੰਦੂ, ਝੰਡਾ ਸਿੰਘ ਜੇਠੂਕੇ, ਸੁਖਜੀਤ ਸਿੰਘ ਕੋਠਾਗੁਰੂ ਸਮੇਤ ਵੱਡੀ ਗਿਣਤੀ ਵਿਚઠਕਿਸਾਨઠਹਾਜਰઠਸਨ।