14.7 C
Vancouver
Sunday, May 10, 2026

ਡੇਟਿੰਗ ਐਪਸ ਰਾਹੀਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

ਸਰੀ, (ਏਕਜੋਤਸਿੰਘ): ਐਡਮੰਟਨ ਪੁਲਿਸ ਨੇ ਇੱਕ ਅਹਿਮ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਡੇਟਿੰਗ ਐਪਸ ਰਾਹੀਂ ਔਰਤਾਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ 56 ਸਾਲਾ ਵਿਲੀਅਮ ਮੈਕਮੁਲਿਨ ਵਿਰੁੱਧ ਹੁਣ ਹੋਰ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਪੁਲਿਸ ਅਨੁਸਾਰ ਪੰਜ ਹੋਰ ਔਰਤਾਂ ਵੱਲੋਂ ਦੋਸ਼ ਲਗਾਏ ਜਾਣ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਕੁੱਲ ਸ਼ਿਕਾਇਤਕਰਤਾਵਾਂ ਦੀ ਗਿਣਤੀ 9 ਹੋ ਗਈ ਹੈ। ਇਹ ਘਟਨਾਵਾਂ 2021 ਤੋਂ ਚੱਲ ਰਹੀਆਂ ਸਨ ਅਤੇ ਮੁਲਜ਼ਮ ਵਿਰੁੱਧ 10 ਨਵੇਂ ਚਾਰਜ ਲਗਾਏ ਗਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੈਕਮੁਲਿਨ ਫੇਸਬੁੱਕ ਡੇਟਿੰਗ, ਬੰਬਲ ਅਤੇ ਟਿੰਡਰ ਵਰਗੀਆਂ ਆਨਲਾਈਨ ਐਪਸ ਰਾਹੀਂ ਔਰਤਾਂ ਨਾਲ ਗੱਲਬਾਤ ਕਰਦਾ ਸੀ। ਇੱਕ ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਮੁਲਜ਼ਮ ਦੇ ਘਰ ਬੁਲਾਇਆ ਗਿਆ ਸੀ, ਜਿੱਥੇ ਉਸਨੂੰ ਕਥਿਤ ਤੌਰ ‘ਤੇ ਨਸ਼ੀਲੀ ਚੀਜ਼ ਦੇ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਇਹ ਅਪਰਾਧਿਕ ਘਟਨਾਵਾਂ ਐਡਮੰਟਨ ਅਤੇ ਕੈਲਗਰੀ ਵਿੱਚ ਵਾਪਰੀਆਂ ਸਨ। ਪੁਲਿਸ ਨੇ ਉਸਨੂੰ 17 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ‘ਤੇ ਜਿਨਸੀ ਸ਼ੋਸ਼ਣ, ਵੋਇਰਿਜ਼ਮ, ਹਥਿਆਰ ਨਾਲ ਹਮਲਾ ਅਤੇ ਨਜਾਇਜ਼ ਕੈਦ ਵਰਗੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਹਨ। ਸਟਾਫ ਸਾਰਜੈਂਟ ਬ੍ਰਾਇਨ ਮੈਕਗੁਇਗਨ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਅੱਗੇ ਆਉਣਾ ਬਹੁਤ ਹਿੰਮਤ ਦਾ ਕੰਮ ਹੈ ਅਤੇ ਪੁਲਿਸ ਹਰ ਰਿਪੋਰਟ ਦੀ ਸੰਵੇਦਨਸ਼ੀਲਤਾ ਅਤੇ ਸਨਮਾਨ ਨਾਲ ਜਾਂਚ ਕਰਨ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਹੋਰ ਵੀ ਇਸ ਦਾ ਸ਼ਿਕਾਰ ਹੋਇਆ ਹੈ, ਤਾਂ ਉਹ ਤੁਰੰਤ 780-423-4567 ‘ਤੇ ਸੰਪਰਕ ਕਰ ਸਕਦਾ ਹੈ।

ਰੁਝਾਨ ਖਬਰਾਂ