Friday, April 18, 2025
14.7 C
Vancouver

ਲਿਬਰਲ ਲੀਡਰਸ਼ਿਪ ਰੇਸ : ਪ੍ਰਧਾਨ ਮੰਤਰੀ ਦੀ ਥਾਂ ਲਈ ਦਾਵੇਦਾਰਾਂ ਦਾ ਮੁਕਾਬਲਾ ਤੇਜ਼

ਔਟਵਾ : ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇਸ਼-ਪੱਧਰੀ ਧਿਆਨ ਦਾ ਕੇਂਦਰ ਬਣੀ ਹੋਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਪਾਰਟੀ ਵਿੱਚ ਨਵਾਂ ਲੀਡਰ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਨਵਾਂ ਚੁਣਿਆ ਗਿਆ ਲੀਡਰ ਜਸਟਿਨ ਟਰੂਡੋ ਦੀ ਥਾਂ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣੇਗਾ ਅਤੇ 2025 ਦੀਆਂ ਫ਼ੈਡਰਲ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਵੀ ਕਰੇਗਾ।
ਇਸ ਦਾਵੇਦਾਰੀ ਲਈ ਬਹੁਤ ਸਾਰੇ ਉਮੀਦਵਾਰ ਮੈਦਾਨ ਵਿੱਚ ਹਨ। ਸਾਬਕਾ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਸਾਬਕਾ ਬੈਂਕ ਔਫ਼ ਕੈਨੇਡਾ ਗਵਰਨਰ ਮਾਰਕ ਕਾਰਨੀ, ਨੋਵਾ ਸਕੋਸ਼ੀਆ ਦੇ ਐਮਪੀ ਜੇਮੀ ਬੈਟਿਸਟੇ, ਸਾਬਕਾ ਮੌਂਟਰੀਅਲ ਐਮਪੀ ਫ਼੍ਰੈਂਕ ਬੇਲਿਸ, ਐਮਪੀ ਚੰਦਰ ਆਰੀਆ ਅਤੇ ਕਰੀਨਾ ਗੋਲਡ ਵਰਗੇ ਚਰਚਿਤ ਨਾਮ ਆਪਣੇ ਕਾਗਜ਼ ਦਾਖ਼ਲ ਕਰ ਚੁੱਕੇ ਹਨ।
ਮਾਰਕ ਕਾਰਨੀ ਨੇ ਵੀਰਵਾਰ ਨੂੰ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਉੱਪਰ ਨਿਸ਼ਾਨਾ ਸਾਧਦਿਆਂ ਇੱਕ ਵੀਡੀਓ ਜਾਰੀ ਕੀਤੀ। ਇਸ ਵਿਚਕਾਰ, ਉਸਦੇ ਕੈਂਪੇਨ ਟੀਮ ਦੇ ਇੱਕ ਮੈਂਬਰ ਨੇ ਕਿਹਾ ਕਿ ਕਾਰਨੀ ਹੁਣ ਪਾਰਟੀ ਦੇ ਹੇਠਲੇ ਪੱਧਰ ਦੇ ਪ੍ਰਬੰਧਕਾਂ ਅਤੇ ਐਮਪੀਜ਼ ਨਾਲ ਨਿੱਜੀ ਮੀਟਿੰਗਾਂ ਕਰ ਰਹੇ ਹਨ।
ਕ੍ਰਿਸਟੀਆ ਫ੍ਰੀਲੈਂਡ ਨੇ ਕਾਕਸ ਮੀਟਿੰਗ ਦੌਰਾਨ ਪਾਰਟੀ ਨੂੰ ਲੋਕਤੰਤਰੀ ਪ੍ਰਕਿਰਿਆ ਨਾਲ ਮਜ਼ਬੂਤ ਬਣਾਉਣ ‘ਤੇ ਜ਼ੋਰ ਦਿੱਤਾ। ਉਸਦੀ ਮੁਹਿੰਮ ਟੀਮ ਨੇ ਕਿਹਾ ਕਿ ਫ੍ਰੀਲੈਂਡ ਵਿੱਤ ਮੰਤਰੀ ਵਜੋਂ ਪੇਸ਼ ਕੀਤੇ ਕੈਪੀਟਲ ਗੇਨ ਟੈਕਸ ਵਿੱਚ ਬਦਲਾਅ ਨੂੰ ਰੱਦ ਕਰ ਦੇਵੇਗੀ। ਸਾਬਕਾ ਹਾਊਸ ਲੀਡਰ ਕਰੀਨਾ ਗੋਲਡ ਨੇ ਬੱਚਿਆਂ ਦੇ ਕੱਪੜਿਆਂ, ਡਾਇਪਰਾਂ, ਅਤੇ ਸਟ੍ਰੋਲਰਾਂ ‘ਤੇ ਜੀਐਸਟੀ ਛੋਟ ਨੂੰ ਸਥਾਈ ਬਣਾਉਣ ਦਾ ਵਾਅਦਾ ਕੀਤਾ ਹੈ। ਗੋਲਡ ਦੀ ਟੀਮ ਨੌਜਵਾਨ ਲਿਬਰਲਾਂ ਤੱਕ ਪਹੁੰਚ ਬਣਾਉਣ ਅਤੇ ਨਵੇਂ ਮੈਂਬਰਾਂ ਨੂੰ ਸਾਈਨ ਅਪ ਕਰਨ ਲਈ ਸਰਗਰਮ ਹੈ।
ਲਿਬਰਲ ਪਾਰਟੀ ਨੇ ਸੰਭਾਵੀ ਉਮੀਦਵਾਰਾਂ ਲਈ ਐਂਟਰੀ ਫੀਸ $350,000 ਰੱਖੀ ਹੈ, ਜਿਸ ਵਿੱਚ ਵਾਧਾ ਪਹਿਲਾਂ ਦੇ $75,000 ਤੋਂ ਕੀਤਾ ਗਿਆ ਹੈ। ਉਮੀਦਵਾਰਾਂ ਨੂੰ ਆਪਣੇ ਨਾਮਜ਼ਦਗੀ ਪੈਕੇਜ ਵਿੱਚ 300 ਰਜਿਸਟਰਡ ਲਿਬਰਲਾਂ ਦੇ ਦਸਤਖ਼ਤ ਸ਼ਾਮਲ ਕਰਨੇ ਹੋਣਗੇ। ਇਹ ਦਸਤਖ਼ਤ ਤਿੰਨ ਵੱਖ-ਵੱਖ ਸੂਬਿਆਂ ਜਾਂ ਪ੍ਰਦੇਸ਼ਾਂ ਤੋਂ ਘੱਟੋ-ਘੱਟ 100 ਹੋਣੇ ਜ਼ਰੂਰੀ ਹਨ।