ਔਟਵਾ : ਫੈਡਰਲ ਸਰਕਾਰ ਦੇ ਮੁਲਾਜ਼ਮ ਹੁਣ ਆਪਣੇ ਕੰਮ ਦੇ ਦੌਰਾਨ ਨੈੱਟਫ਼ਲਿਕਸ, ਡਿਜ਼ਨੀ+, ਐਮਾਜ਼ਨ ਪ੍ਰਾਈਮ ਵੀਡੀਓ ਵਰਗੀਆਂ ਸਟ੍ਰੀਮਿੰਗ ਸਾਈਟਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਸ ਫੈਸਲੇ ਦੀ ਪੁਸ਼ਟੀ ਆਈਟੀ ਸੇਵਾਵਾਂ ਦੇ ਪ੍ਰਬੰਧ ਲਈ ਜ਼ਿੰਮੇਵਾਰ ਸਰਕਾਰੀ ਏਜੰਸੀ, ਸ਼ੇਅਰਡ ਸਰਵਿਸੇਜ਼ ਕੈਨੇਡਾ (ਸ਼ਸ਼ਛ), ਨੇ ਕੀਤੀ ਹੈ।
ਸ਼ੇਅਰਡ ਸਰਵਿਸੇਜ਼ ਕੈਨੇਡਾ ਨੇ ਦੱਸਿਆ ਕਿ 2 ਦਸੰਬਰ 2024 ਤੋਂ ਸਟ੍ਰੀਮਿੰਗ ਸਾਈਟਾਂ ਨੂੰ ਸਰਕਾਰੀ ਨੈੱਟਵਰਕਾਂ ‘ਤੇ ਬਲੌਕ ਕਰ ਦਿੱਤਾ ਗਿਆ ਹੈ। ਏਜੰਸੀ ਮੁਤਾਬਕ, ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਸਟ੍ਰੀਮਿੰਗ ਸੇਵਾਵਾਂ ਨੂੰ ਸਰਕਾਰੀ ਮੁਲਾਜ਼ਮਾਂ ਦੇ ਕੰਮਕਾਜ ਲਈ ਜ਼ਰੂਰੀ ਨਹੀਂ ਮੰਨਿਆ ਗਿਆ।
ਏਜੰਸੀ ਦੇ ਬਿਆਨ ਅਨੁਸਾਰ, ”ਨੈੱਟਵਰਕ ਟ੍ਰੈਫਿਕ ਦੇ ਜਰੀਏ ਸਟ੍ਰੀਮਿੰਗ ਸਾਈਟਾਂ ਦੀ ਵਰਤੋਂ ‘ਤੇ ਸਿਰਫ਼ ਸੀਮਿਤ ਗਤੀਵਿਧੀ ਦਰਸਾਈ ਗਈ ਸੀ। ਹਾਲਾਂਕਿ, ਇਹਨਾਂ ਸੇਵਾਵਾਂ ਦਾ ਸਰਕਾਰੀ ਕੰਮਕਾਜ ਵਿੱਚ ਕੋਈ ਯੋਗਦਾਨ ਨਹੀਂ ਹੈ।”
ਬਲੌਕ ਕੀਤੀਆਂ ਸਟ੍ਰੀਮਿੰਗ ਸਾਈਟਾਂ ਦੀ ਸੂਚੀ ਵਿੱਚ ਹੂਲੂ, ਡਿਜ਼ਨੀ+, ਨੈੱਟਫਲਿਕਸ, ਐਪਲ ਟੀਵੀ+, ਐਮਾਜ਼ੋਨ ਪ੍ਰਾਈਮ ਵੀਡੀਓ, ਅਤੇ ਕ੍ਰੇਵ ਸ਼ਾਮਲ ਹਨ। ਇਹ ਪਾਬੰਦੀ ਨਾ ਸਿਰਫ਼ ਸਰਕਾਰੀ ਮੁਲਾਜ਼ਮਾਂ ਲਈ ਲਾਗੂ ਹੈ, ਪਰ ਉਹਨਾਂ ਵਰਕਰਾਂ, ਸੈਲਾਨੀਆਂ ਅਤੇ ਅਣ-ਸਰਕਾਰੀ ਉਪਭੋਗਤਾਵਾਂ ‘ਤੇ ਵੀ ਲਾਗੂ ਹੈ ਜੋ ਸਰਕਾਰੀ ਨੈੱਟਵਰਕ ਜਾਂ ਵਾਈ-ਫ਼ਾਈ ਦੀ ਵਰਤੋਂ ਕਰਦੇ ਹਨ।
ਸ਼ੇਅਰਡ ਸਰਵਿਸੇਜ਼ ਕੈਨੇਡਾ ਨੇ ਕਿਹਾ ਕਿ ਕਈ ਵਿਭਾਗ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਸਾਈਟਾਂ ਨੂੰ ਬਲੌਕ ਕਰ ਚੁੱਕੇ ਸਨ। ਇਸ ਫੈਸਲੇ ਨਾਲ, ਹੁਣ ਸ਼ੇਅਰਡ ਸਰਵਿਸੇਜ਼ ਦੁਆਰਾ ਪ੍ਰਬੰਧਿਤ ਸਾਰੇ ਨੈੱਟਵਰਕਾਂ ‘ਤੇ ਇਹ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ।
ਕੁਝ ਫੈਡਰਲ ਵਰਕਰਾਂ ਨੂੰ ਨਵੰਬਰ ਦੇ ਅੱਧ ਵਿੱਚ ਇੱਕ ਈਮੇਲ ਰਾਹੀਂ ਇਸ ਪਾਬੰਦੀ ਬਾਰੇ ਸੂਚਿਤ ਕੀਤਾ ਗਿਆ ਸੀ। ਪਾਬੰਦੀ ਦੇ ਕਾਰਨ ਵਰਕਰਾਂ ਨੂੰ ਆਪਣੀ ਪੇਸ਼ੇਵਰ ਜੰਿਮੇਵਾਰੀਆਂ ਤੇ ਕੇਂਦਰਿਤ ਹੋਣ ਲਈ ਪ੍ਰੇਰਿਤ ਕਰਨਾ ਹੈ।
ਹਾਲਾਂਕਿ, ਯੂਟਿਊਬ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਅਜੇ ਵੀ ਸਰਕਾਰੀ ਵਰਕਰਾਂ ਲਈ ਉਪਲਬਧ ਰਹਿਣਗੇ। ਇਹ ਸਾਈਟਾਂ ਵੱਖ-ਵੱਖ ਕਮੇਉਨੀਕੇਸ਼ਨ ਅਤੇ ਸਰਕਾਰੀ ਜਾਣਕਾਰੀ ਦੇ ਸਾਂਝੇ ਕਰਨ ਲਈ ਵਰਤੀ ਜਾਂਦੀਆਂ ਹਨ।
ਇਸ ਫੈਸਲੇ ਨਾਲ ਫੈਡਰਲ ਸਰਕਾਰ ਦੀ ਕਾਰਗੁਜ਼ਾਰੀ ਅਤੇ ਨੈੱਟਵਰਕ ਬੈਂਡਵਿਡਥ ਦੀ ਵਰਤੋਂ ‘ਚ ਸੁਧਾਰ ਆਉਣ ਦੀ ਉਮੀਦ ਹੈ। ਸਟ੍ਰੀਮਿੰਗ ਸਾਈਟਾਂ ਦੀ ਪਾਬੰਦੀ ਨੂੰ ਕੰਮਕਾਜੀ ਮਾਹੌਲ ‘ਚ ਵਧੀਕ ਪੇਸ਼ੇਵਰਤਾ ਲਿਆਉਣ ਦਾ ਇਕ ਉਪਰਾਲਾ ਮੰਨਿਆ ਜਾ ਰਿਹਾ ਹੈ।