14.1 C
Vancouver
Saturday, May 30, 2026

ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਦੌਰਾਨ ਜਾਨਾਂ ਗੁਆਉਣ ਵਾਲੇ ਕਾਮਿਆਂ ਨੂੰ ਦਿੱਤੀ ਸ਼ਰਧਾਂਜਲੀ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ 28 ਅਪ੍ਰੈਲ ਨੂੰ ਵਰਕਸੇਫਬੀਸੀ (WorkSafeBC) ਨੇ ਕਾਮਿਆਂ, ਮਾਲਕਾਂ ਅਤੇ ਭਾਈਚਾਰਿਆਂ ਨਾਲ ਮਿਲ ਕੇ ‘ਨੈਸ਼ਨਲ ਡੇਅ ਆਫ਼ ਮੌਰਨਿੰਗ’ (ਰਾਸ਼ਟਰੀ ਸੋਗ ਦਿਵਸ) ਮਨਾਇਆ। ਇਹ ਦਿਨ ਉਹਨਾਂ ਕਾਮਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਕੰਮ ਦੌਰਾਨ ਕਿਸੇ ਹਾਦਸੇ, ਸੱਟ ਜਾਂ ਬਿਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਮੌਕੇ ਸੂਬੇ ਭਰ ਵਿੱਚ ਵੱਖ-ਵੱਖ ਸਮਾਗਮ ਕਰਵਾ ਕੇ ਸ਼ਹੀਦ ਕਾਮਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਕੰਮ ਵਾਲੀ ਥਾਂ ‘ਤੇ ਸੁਰੱਖਿਆ ਦੇ ਮਹੱਤਵ ਨੂੰ ਦੁਹਰਾਇਆ ਗਿਆ। ਪ੍ਰਸ਼ਾਸਨ ਨੇ ਕਿਹਾ ਕਿ ਇਹ ਦਿਨ ਸਿਰਫ਼ ਯਾਦ ਕਰਨ ਦਾ ਹੀ ਨਹੀਂ ਸਗੋਂ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਦਾ ਅਹਿਦ ਲੈਣ ਦਾ ਵੀ ਦਿਨ ਹੈ।
ਸਾਲ 2025 ਦੇ ਅੰਕੜੇ ਬਹੁਤ ਹੀ ਚਿੰਤਾਜਨਕ ਰਹੇ ਹਨ। ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਨਾਲ ਸਬੰਧਤ ਸੱਟਾਂ ਅਤੇ ਬਿਮਾਰੀਆਂ ਕਾਰਨ ਕੁੱਲ 138 ਕਾਮਿਆਂ ਦੀ ਮੌਤ ਹੋ ਗਈ। ਇਹਨਾਂ ਵਿੱਚੋਂ 79 ਕਾਮਿਆਂ ਦੀ ਮੌਤ ਕਿੱਤਾਮੁਖੀ ਬਿਮਾਰੀਆਂ ਕਾਰਨ ਹੋਈ, ਜਿਸ ਵਿੱਚੋਂ 36 ਮੌਤਾਂ ਦਾ ਮੁੱਖ ਕਾਰਨ ਐਸਬੈਸਟਸ (asbestos) ਦੇ ਸੰਪਰਕ ਵਿੱਚ ਆਉਣਾ ਸੀ। ਦੱਸਿਆ ਗਿਆ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਕਾਮੇ ਕਈ ਦਹਾਕੇ ਪਹਿਲਾਂ ਇਹਨਾਂ ਖਤਰਨਾਕ ਪਦਾਰਥਾਂ ਦੇ ਸੰਪਰਕ ਵਿੱਚ ਆਏ ਸਨ। ਇਸ ਤੋਂ ਇਲਾਵਾ 41 ਕਾਮਿਆਂ ਦੀ ਮੌਤ ਗੰਭੀਰ ਸੱਟਾਂ ਲੱਗਣ ਕਾਰਨ ਹੋਈ, ਜਿਨ੍ਹਾਂ ਵਿੱਚ ਉਚਾਈ ਤੋਂ ਡਿੱਗਣਾ, ਕਿਸੇ ਚੀਜ਼ ਨਾਲ ਟਕਰਾਉਣਾ ਜਾਂ ਮਸ਼ੀਨਰੀ ਵਿੱਚ ਫਸਣਾ ਸ਼ਾਮਲ ਸੀ। 18 ਹੋਰ ਕਾਮਿਆਂ ਨੇ ਵਾਹਨ ਹਾਦਸਿਆਂ ਦੌਰਾਨ ਆਪਣੀ ਜਾਨ ਗੁਆਈ।
ਵਰਕਸੇਫਬੀਸੀ ਵਿਖੇ ਪ੍ਰੀਵੈਂਸ਼ਨ ਸਰਵਿਸਿਜ਼ ਦੇ ਮੁਖੀ ਟੌਡ ਮੈਕਡੋਨਲਡ ਨੇ ਕਿਹਾ ਕਿ ਹਰ ਅੰਕੜੇ ਦੇ ਪਿੱਛੇ ਇੱਕ ਇਨਸਾਨ, ਇੱਕ ਪਰਿਵਾਰ ਅਤੇ ਇੱਕ ਪੂਰਾ ਭਾਈਚਾਰਾ ਹੁੰਦਾ ਹੈ ਜਿਸਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਂਦੀ ਹੈ। ਉਹਨਾਂ ਅਨੁਸਾਰ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਕੰਮ ਵਾਲੀ ਥਾਂ ਨੂੰ ਸੁਰੱਖਿਅਤ ਬਣਾਉਣ ਲਈ ਹੋਰ ਕੀ ਕਰ ਸਕਦੇ ਹਾਂ। ਵਰਕਸੇਫਬੀਸੀ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਅਤ ਕੰਮ ਵਾਲੀ ਥਾਂ ਬਣਾਉਣਾ ਮਾਲਕਾਂ ਅਤੇ ਕਾਮਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਮਾਲਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸੁਰੱਖਿਅਤ ਵਾਤਾਵਰਣ, ਸਿਖਲਾਈ, ਨਿਗਰਾਨੀ ਅਤੇ ਜ਼ਰੂਰੀ ਸਾਜ਼ੋ-ਸਾਮਾਨ ਪ੍ਰਦਾਨ ਕਰਨ। ਇਸ ਦੇ ਨਾਲ ਹੀ ਕਾਮਿਆਂ ਕੋਲ ਖਤਰਨਾਕ ਕੰਮ ਤੋਂ ਇਨਕਾਰ ਕਰਨ, ਖਤਰਿਆਂ ਬਾਰੇ ਜਾਣਨ ਅਤੇ ਸੁਰੱਖਿਆ ਪ੍ਰਕਿਰਿਆਵਾਂ ਵਿੱਚ ਹਿੱਸਾ ਲੈਣ ਦਾ ਪੂਰਾ ਅਧਿਕਾਰ ਹੈ।
ਸਾਲ 2026 ਦਾ ਮੁੱਖ ਰਾਜ ਪੱਧਰੀ ਸਮਾਗਮ ਬੀ.ਸੀ. ਫੈਡਰੇਸ਼ਨ ਆਫ਼ ਲੇਬਰ ਦੀ ਅਗਵਾਈ ਵਿੱਚ ਵਿਕਟੋਰੀਆ ਵਿਖੇ ਵਿਧਾਨ ਸਭਾ ਦੀਆਂ ਪੌੜੀਆਂ ‘ਤੇ ਆਯੋਜਿਤ ਕੀਤਾ ਗਿਆ। ਇਹ ਸਮਾਗਮ ਮੰਗਲਵਾਰ ਦੁਪਹਿਰ 12:15 ਵਜੇ ਸ਼ੁਰੂ ਹੋਇਆ ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਸਥਾਨਕ ਪੱਧਰ ‘ਤੇ ਸ਼ਰਧਾਂਜਲੀ ਸਮਾਗਮ ਕਰਵਾਏ ਗਏ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਕੰਮ ਵਾਲੀ ਥਾਂ ‘ਤੇ ਸਰੀਰਕ ਸੁਰੱਖਿਆ ਦੇ ਨਾਲ-ਨਾਲ ਮਾਨਸਿਕ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਦਿਨ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਅਤੇ ਸਥਾਨਕ ਸਮਾਗਮਾਂ ਦੀ ਸੂਚੀ dayofmourning.bc.ca ਵੈੱਬਸਾਈਟ ‘ਤੇ ਉਪਲਬਧ ਕਰਵਾਈ ਗਈ ਹੈ ਤਾਂ ਜੋ ਲੋਕ ਜਾਗਰੂਕ ਹੋ ਸਕਣ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ