14.1 C
Vancouver
Saturday, May 30, 2026

27.8 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਬਰਨਬੀ ਲੇਕ ਓਵਰਪਾਸ ਹੋਇਆ ਸ਼ੂਰੂ, ਹਾਈਵੇਅ 1 ਦੀ ਰੁਕਾਵਟ ਹੋਈ ਖਤਮ

ਸਰੀ, (ਏਕਜੋਤ ਸਿੰਘ): ਬਰਨਬੀ ਸਿਟੀ ਵੱਲੋਂ ਸੋਮਵਾਰ ਨੂੰ ਬਰਨਬੀ ਲੇਕ ਓਵਰਪਾਸ ਦੇ ਅਧਿਕਾਰਤ ਤੌਰ ‘ਤੇ ਖੁੱਲ੍ਹਣ ਦਾ ਐਲਾਨ ਕੀਤਾ ਗਿਆ ਹੈ। ਇਹ ਹਾਈਵੇਅ 1 ਉੱਤੇ ਬਰਨਬੀ ਦਾ ਪਹਿਲਾ ਅਜਿਹਾ ਓਵਰਪਾਸ ਹੈ ਜੋ ਵਿਸ਼ੇਸ਼ ਤੌਰ ‘ਤੇ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਲਈ ਤਿਆਰ ਕੀਤਾ ਗਿਆ ਹੈ। ਇਹ ਨਵਾਂ ਪੁਲ ਪੈਦਲ ਚੱਲਣ ਵਾਲਿਆਂ, ਸਾਈਕਲ ਸਵਾਰਾਂ ਅਤੇ ਵ੍ਹੀਲਚੇਅਰ ਜਾਂ ਸਟ੍ਰੋਲਰ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਪਹੁੰਚਯੋਗ ਰਸਤਾ ਪ੍ਰਦਾਨ ਕਰੇਗਾ। ਮੇਅਰ ਮਾਈਕ ਹਰਲੇ ਅਨੁਸਾਰ ਦਹਾਕਿਆਂ ਤੋਂ ਹਾਈਵੇਅ 1 ਸ਼ਹਿਰ ਦੇ ਉੱਤਰ-ਦੱਖਣ ਹਿੱਸੇ ਨੂੰ ਜੋੜਨ ਵਿੱਚ ਇੱਕ ਵੱਡੀ ਰੁਕਾਵਟ ਸੀ, ਜਿਸ ਨੂੰ ਹੁਣ ਇਸ ਓਵਰਪਾਸ ਰਾਹੀਂ ਦੂਰ ਕਰ ਦਿੱਤਾ ਗਿਆ ਹੈ। ਇਹ ਕੇਨਸਿੰਗਟਨ ਕਰਾਸਿੰਗ ਦਾ ਇੱਕ ਸੁਰੱਖਿਅਤ ਅਤੇ ਸਿੱਧਾ ਬਦਲ ਬਣ ਕੇ ਉੱਭਰਿਆ ਹੈ, ਜੋ ਲੋਕਾਂ ਨੂੰ ਪਾਰਕਾਂ ਅਤੇ ਟ੍ਰੇਲਾਂ ਨਾਲ ਜੋੜੇਗਾ।
ਇਹ ਓਵਰਪਾਸ ਵਾਹਨਾਂ ਦੀ ਆਵਾਜਾਈ ਤੋਂ ਪੂਰੀ ਤਰ੍ਹਾਂ ਅਲੱਗ ਅਤੇ ਸੁਰੱਖਿਅਤ ਰੂਟ ਪ੍ਰਦਾਨ ਕਰਦਾ ਹੈ। ਹਾਈਵੇਅ ਦੇ ਦੋਵੇਂ ਪਾਸੇ ਕੁਦਰਤੀ ਤੌਰ ‘ਤੇ ਉੱਚੀ ਜ਼ਮੀਨ ਦੀ ਵਰਤੋਂ ਕੀਤੇ ਜਾਣ ਕਾਰਨ, ਇਹ ਪੁਲ ਲਗਭਗ ਪੱਧਰਾ ਹੈ। ਇਸ ਵਿੱਚ ਲੰਬੀਆਂ ਜਾਂ ਉੱਚੀਆਂ ਰੈਂਪਾਂ ਦੀ ਲੋੜ ਨਹੀਂ ਪਈ, ਜਿਸ ਕਾਰਨ ਵ੍ਹੀਲਚੇਅਰ ਵਰਤਣ ਵਾਲੇ ਲੋਕਾਂ, ਬਜ਼ੁਰਗਾਂ ਅਤੇ ਬੱਚਿਆਂ ਵਾਲੇ ਪਰਿਵਾਰਾਂ ਲਈ ਇੱਥੋਂ ਗੁਜ਼ਰਨਾ ਬਹੁਤ ਸੌਖਾ ਹੋਵੇਗਾ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੇ ਡਿਜ਼ਾਈਨ ਵਿੱਚ ਸ਼ਾਨਦਾਰ ਲਾਈਟਿੰਗ ਅਤੇ ਖੁੱਲ੍ਹੇਪਣ ਦਾ ਖਾਸ ਖਿਆਲ ਰੱਖਿਆ ਗਿਆ ਹੈ। ਰਾਤ ਦੇ ਸਮੇਂ ਪੁਲ ਦੀਆਂ ਹੱਥ-ਰੇਲਾਂ ਵਿੱਚ ਲੱਗੀ ਲਾਈਟ ਰਸਤੇ ਨੂੰ ਰੌਸ਼ਨ ਕਰੇਗੀ, ਜਿਸ ਦਾ ਪ੍ਰਭਾਵ ਹੇਠਾਂ ਚੱਲ ਰਹੇ ਹਾਈਵੇਅ ਟ੍ਰੈਫਿਕ ‘ਤੇ ਨਹੀਂ ਪਵੇਗਾ।
ਇਸ ਪ੍ਰੋਜੈਕਟ ਉੱਤੇ ਕੁੱਲ 27.8 ਮਿਲੀਅਨ ਡਾਲਰ ਦੀ ਲਾਗਤ ਆਈ ਹੈ। ਹਾਈਵੇਅ ਤੋਂ 5.7 ਮੀਟਰ ਦੀ ਉਚਾਈ ‘ਤੇ ਬਣੇ ਇਸ ਪੁਲ ਦੀ ਕੁੱਲ ਲੰਬਾਈ 72 ਮੀਟਰ ਹੈ। ਇਸ ਦਾ ਨਿਰਮਾਣ ਬ੍ਰਿਟਿਸ਼ ਕੋਲੰਬੀਆ ਦੀ ਕੰਪਨੀ ‘ਜੈਕਬ ਬ੍ਰਦਰਜ਼’ ਵੱਲੋਂ ਕੀਤਾ ਗਿਆ ਹੈ। ਪੁਲ ਦੇ ਨਿਰਮਾਣ ਵਿੱਚ ‘ਕੈਨੇਡੀਅਨ ਵੈਦਰਡ ਸਟੀਲ’ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਇੱਕ ਖਾਸ ਕਿਸਮ ਦਾ ਸਟੀਲ ਹੈ। ਇਸ ਦਾ ਦਿੱਖ ਵਿੱਚ ਰੰਗ ਜੰਗਾਲ ਵਰਗਾ ਹੁੰਦਾ ਹੈ, ਪਰ ਇਹ ਆਪਣੀ ਲੰਬੀ ਉਮਰ ਅਤੇ ਮਜ਼ਬੂਤੀ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਹ ਓਵਰਪਾਸ ਬਰਨਬੀ ਲੇਕ ਅਤੇ ਡੀਅਰ ਲੇਕ ਦੇ ਪਾਰਕਾਂ, ਟ੍ਰੇਲਾਂ ਅਤੇ ਸਥਾਨਕ ਇਲਾਕਿਆਂ ਨੂੰ ਆਪਸ ਵਿੱਚ ਜੋੜੇਗਾ।
ਪ੍ਰੋਜੈਕਟ ਲਈ ਫੰਡਿੰਗ ‘ਇਨਵੈਸਟਿੰਗ ਇਨ ਕੈਨੇਡਾ ਇਨਫਰਾਸਟਰੱਕਚਰ ਪ੍ਰੋਗਰਾਮ’ ਤਹਿਤ ਕੀਤੀ ਗਈ ਹੈ, ਜਿਸ ਵਿੱਚ ਫੈਡਰਲ ਸਰਕਾਰ ਨੇ 3.75 ਮਿਲੀਅਨ ਡਾਲਰ ਅਤੇ ਸੂਬਾ ਸਰਕਾਰ ਨੇ 3.1 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਹੈ। ਟ੍ਰਾਂਸਲਿੰਕ ਨੇ ਵੀ ਇਸ ਪ੍ਰੋਜੈਕਟ ਵਿੱਚ 8.6 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਬਰਨਬੀ ਸੈਂਟਰਲ ਦੇ ਐਮਪੀ ਵੇਡ ਚਾਂਗ ਅਤੇ ਬੀ.ਸੀ. ਦੀ ਮੰਤਰੀ ਕ੍ਰਿਸਟੀਨ ਬੋਇਲ ਨੇ ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਬੁਨਿਆਦੀ ਢਾਂਚੇ ਨਾਲ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਸੁਧਾਰ ਆਉਂਦਾ ਹੈ ਅਤੇ ਟਿਕਾਊ ਸਫ਼ਰ ਨੂੰ ਉਤਸ਼ਾਹ ਮਿਲਦਾ ਹੈ। ਟ੍ਰਾਂਸਲਿੰਕ ਦੇ ਸੀਈਓ ਕੇਵਿਨ ਕਵਿਨ ਅਨੁਸਾਰ ਇਹ ਓਵਰਪਾਸ ਖੇਤਰੀ ਸਾਈਕਲ ਮਾਰਗ ਨੈੱਟਵਰਕ ਦੀ ਇੱਕ ਵੱਡੀ ਘਾਟ ਨੂੰ ਪੂਰਾ ਕਰੇਗਾ। ਇਹ ਪੁਲ ਨਾ ਸਿਰਫ਼ ਆਵਾਜਾਈ ਨੂੰ ਸੁਖਾਲਾ ਬਣਾਵੇਗਾ, ਸਗੋਂ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ