ਭਗਤਾ ਭਾਈਕਾ (ਵੀਰਪਾਲ ਭਗਤਾ), ਸਥਾਨਿਕ ਸ਼ਹਿਰ ਦੇ ਉੱਘੇ ਵਪਾਰੀ ਸੁਨੀਲ ਕੁਮਾਰ (ਗੋਗੀ ਭਦੌੜੀਆ) ਦੀ ਬੇਟੀ ਡਾਕਟਰ ਸਾਕਸ਼ੀ ਗਰਗ ਜੋ ਕਿ ਸ਼੍ਰੀ ਗੰਗਾਨਗਰ ਵਿਖੇ ਐਮਡੀਐਸ ਦੀ ਪੜ੍ਹਾਈ ਪੂਰੀ ਕਰ ਰਹੀ ਹੈ ਵੱਲੋਂ ‘ਇੰਡੀਆ ਬੁੱਕ ਆਫ ਰਿਕਾਰਡ’ ਵਿੱਚ ਨਾਮ ਦਰਜ਼ ਕਰਵਾ ਕੇ ਆਪਣਾ,ਆਪਣੇ ਮਾਪਿਆਂ ਦਾ ਅਤੇ ਆਪਣੇ ਸ਼ਹਿਰ ਦਾ ਨਾਮ ਚਮਕਾਇਆ ਗਿਆ ਹੈ। ਡਾ. ਸਾਕਸ਼ੀ ਗਰਗ ਵੱਲੋਂ ਜਿੱਥੇ ਆਪਣੇ ਕਾਲਜ ਦੇ ਸਮੂਹ ਸਟਾਫ ਦਾ ਉਹਨਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਸਹਿਯੋਗ ਅਤੇ ਹੌਂਸਲਾ ਦੇਣ ਲਈ ਧੰਨਵਾਦ ਕੀਤਾ ਗਿਆ ਹੈ, ਉੱਥੇ ਹੀ ਉਹਨਾਂ ਵੱਲੋਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਮਰੀਜਾਂ ਦੀ ਸਹੂਲਤ ਲਈ ਇੱਕ ਡਿਵਾਇਸ ਦੀ ਖੋਜ਼ ਕੀਤੀ ਗਈ ਸੀ ਅਤੇ ਉਹ ਡਿਵਾਇਸ ਦੰਦਾਂ ਅੰਦਰ ਤਾਰ ਪਵਾਉਣ ਵਾਲੇ ਮਰੀਜ਼ਾਂ ਲਈ ਲਾਭਦਾਇਕ ਸਹਾਈ ਹੋਇਆ ਹੈ,ਜਿਸਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਉਹਨਾਂ ਦਾ ਨਾਮ ‘ਇੰਡੀਆ ਬੁੱਕ ਆਫ ਰਿਕਾਰਡ’ ਵਿੱਚ ਦਰਜ਼ ਕੀਤਾ ਗਿਆ ਹੈ। ਇਸ ਮੌਕੇ ਸਮੂਹ ਭਦੌੜੀਆ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਵਧਾਈਆਂ ਦੇ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਸਾਕਸ਼ੀ ਗਰਗ ਦੇ ਪਿਤਾ ਸੁਨੀਲ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ‘ਤੇ ਮਾਣ ਹੈ, ਜਿਸ ਵੱਲੋਂ ਆਪਣੀ ਪੜ੍ਹਾਈ ਦੇ ਨਾਲ-ਨਾਲ ਮਰੀਜਾਂ ਦੀ ਸਹੂਲਤ ਲਈ ਕੋਈ ਵੱਖਰੀ ਖੋਜ਼ ਕੀਤੀ ਗਈ ਹੈ, ਜਿਸ ਨਾਲ ਉਹਨਾਂ ਦੀ ਬੇਟੀ ਅੰਦਰ ਆਪਣੇ ਕੰਮ ਪ੍ਰਤੀ ਜਜਬਾ ਬੇਨਕਾਬ ਹੋਇਆ ਹੈ। ਉਹਨਾਂ ਆਮ ਲੋਕਾਂ ਨੂੰ ਸੰਦੇਸ਼ ਦਿੰਦੇ ਕਿਹਾ ਕਿ ‘ਬੇਟੀਆਂ ਕਦੇ ਵੀ ਬੋਝ ਨਹੀਂ ਹੁੰਦੀਆਂ’ਟ ਅਤੇ ਜਿਹੜੇ ਲੋਕ ਬੇਟੀਆਂ ਨੂੰ ਬੋਝ ਸਮਝਦੇ ਹਨ ਉਹਨਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਨਾਲ ਅਸ਼ਵਨੀ ਕੁਮਾਰ, ਹਰਸ਼ ਕੁਮਾਰ ਆਦਿ ਹਾਜਰ ਸਨ।

