ਸਰੀ, (ਏਕਜੋਤ ਸਿੰਘ): ਫਰੇਜ਼ਰ ਹੈਲਥ ਵੱਲੋਂ ਨੈਸ਼ਨਲ ਵਲੰਟੀਅਰ ਹਫ਼ਤੇ ਦੇ ਮੌਕੇ ‘ਤੇ ਆਪਣੇ ਹਜ਼ਾਰਾਂ ਵਲੰਟੀਅਰਾਂ ਦੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਗਈ ਹੈ। ਵਰਤਮਾਨ ਵਿੱਚ ਫਰੇਜ਼ਰ ਹੈਲਥ ਦੇ ਨਾਲ ਲਗਭਗ 4000 ਵਲੰਟੀਅਰ ਜੁੜੇ ਹੋਏ ਹਨ ਜੋ 20 ਵੱਖ-ਵੱਖ ਸਥਾਨਾਂ ‘ਤੇ ਹਸਪਤਾਲਾਂ, ਲੌਂਗ ਟਰਮ ਕੇਅਰ ਹੋਮਜ਼ ਅਤੇ ਕਮਿਊਨਿਟੀ ਪ੍ਰੋਗਰਾਮਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਅੰਕੜਿਆਂ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਇਹਨਾਂ ਵਲੰਟੀਅਰਾਂ ਨੇ ਕੁੱਲ 322565 ਘੰਟੇ ਸੇਵਾ ਕਰਕੇ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਫਰੇਜ਼ਰ ਹੈਲਥ ਦੇ ਪ੍ਰਧਾਨ ਅਤੇ ਸੀਈਓ ਡਰਮੋਟ ਕੇਲੀ ਨੇ ਇਸ ਮੌਕੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੇਵਾਦਾਰ ਮਰੀਜ਼ਾਂ ਨੂੰ ਸਕੂਨ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ।
ਇਹਨਾਂ ਵਲੰਟੀਅਰਾਂ ਵਿੱਚ 82 ਸਾਲਾ ਮਾਰੀਆ ਕੈਰਿਨਹਾ ਵਰਗੇ ਤਜ਼ਰਬੇਕਾਰ ਲੋਕ ਸ਼ਾਮਲ ਹਨ ਜੋ ਪਿਛਲੇ 12 ਸਾਲਾਂ ਤੋਂ ਬਰਨਬੀ ਹਸਪਤਾਲ ਵਿੱਚ ਸੇਵਾ ਕਰ ਰਹੇ ਹਨ। ਮਾਰੀਆ ਨੇ ਹੁਣ ਤੱਕ 3400 ਘੰਟਿਆਂ ਤੋਂ ਵੱਧ ਦੀ ਸੇਵਾ ਦਿੱਤੀ ਹੈ। ਉਸਨੇ ਆਪਣੇ ਪਤੀ ਦੇ ਦਿਹਾਂਤ ਤੋਂ ਬਾਅਦ ਇਸ ਸੇਵਾ ਦੀ ਸ਼ੁਰੂਆਤ ਕੀਤੀ ਸੀ। ਉਹ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਰਸਤਾ ਦਿਖਾਉਣ ਅਤੇ ਉਹਨਾਂ ਦੀ ਹਰ ਸੰਭਵ ਮਦਦ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ। ਮਾਰੀਆ ਦਾ ਕਹਿਣਾ ਹੈ ਕਿ ਸੇਵਾ ਕਰਨ ਨਾਲ ਉਹ ਆਪਣੇ ਆਪ ਨੂੰ ਜਿਊਂਦਾ ਮਹਿਸੂਸ ਕਰਦੀ ਹੈ ਅਤੇ ਉਸ ਨੂੰ ਲੋਕਾਂ ਦੀ ਮਦਦ ਕਰਕੇ ਬਹੁਤ ਸਕੂਨ ਮਿਲਦਾ ਹੈ। ਇਸੇ ਤਰ੍ਹਾਂ ਜਿਮ ਪੈਟਿਸਨ ਆਊਟਪੇਸ਼ੈਂਟ ਕੇਅਰ ਸੈਂਟਰ ਵਿੱਚ ਸੇਵਾ ਨਿਭਾ ਰਹੀ ਗੁਰਜੋਤ ਸੁੰਨਰ ਨੇ ਮਹਿਜ਼ 9 ਮਹੀਨਿਆਂ ਵਿੱਚ 115 ਘੰਟੇ ਵਲੰਟੀਅਰ ਵਜੋਂ ਕੰਮ ਕੀਤਾ ਹੈ। ਗੁਰਜੋਤ ਖਾਸ ਤੌਰ ‘ਤੇ ਉਹਨਾਂ ਨਵੇਂ ਆਏ ਲੋਕਾਂ ਦੀ ਮਦਦ ਕਰਦੀ ਹੈ ਜੋ ਸਿਹਤ ਪ੍ਰਣਾਲੀ ਤੋਂ ਅਣਜਾਣ ਹਨ ਜਾਂ ਭਾਸ਼ਾ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਹ ਨਵੇਂ ਵਲੰਟੀਅਰਾਂ ਨੂੰ ਸਿਖਲਾਈ ਦੇਣ ਦਾ ਕੰਮ ਵੀ ਕਰ ਰਹੀ ਹੈ। ਗੁਰਜੋਤ ਅਨੁਸਾਰ ਵਲੰਟੀਅਰ ਵਜੋਂ ਕੰਮ ਕਰਨ ਨਾਲ ਉਸ ਨੂੰ ਸਿਹਤ ਖੇਤਰ ਵਿੱਚ ਕਰੀਅਰ ਬਣਾਉਣ ਲਈ ਜ਼ਰੂਰੀ ਹੁਨਰ ਸਿੱਖਣ ਨੂੰ ਮਿਲ ਰਹੇ ਹਨ। ਫਰੇਜ਼ਰ ਹੈਲਥ ਅਨੁਸਾਰ ਹਰ ਇੱਕ ਵਲੰਟੀਅਰ ਦੀ ਸਹਾਇਤਾ ਮਰੀਜ਼ਾਂ ਲਈ ਬਹੁਤ ਕੀਮਤੀ ਹੈ। This report was written by Ekjot Singh as part of the Local Journalism Initiative.
ਨੈਸ਼ਨਲ ਵਲੰਟੀਅਰ ਹਫ਼ਤਾ, ਫਰੇਜ਼ਰ ਹੈਲਥ ਵੱਲੋਂ ਵਲੰਟੀਅਰਾਂ ਦਾ ਸਨਮਾਨ

