Thursday, January 23, 2025
-0.5 C
Vancouver

ਮਨੁੱਖੀ ਹੱਕਾਂ ਦੇ ਸੰਘਰਸ਼ ਦੇ ਪ੍ਰਸੰਗ ‘ਚ ਤਰਸੇਮ ਸਿੰਘ ਜੱਸੜ ਦੀ ਫਿਲਮ ‘ਗੁਰੂ ਨਾਨਕ ਜਹਾਜ਼’

ਡਾ. ਗੁਰਵਿੰਦਰ ਸਿੰਘ
ਮਸ਼ਹੂਰ ਫਿਲਮਕਾਰ ਤਰਸੇਮ ਸਿੰਘ ਜੱਸੜ ਦੇ ਸੋਸ਼ਲ ਅਕਾਊਂਟ ‘ਤੇ ਅੱਜ ‘ਗੁਰੂ ਨਾਨਕ ਜਹਾਜ਼’ ਫਿਲਮ ਦਾ ਪੋਸਟਰ ਦੇਖਿਆ, ਜਿਸ ਉੱਤੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀਆਂ ਤਸਵੀਰਾਂ ਹਨ। ਇਹ ਸ਼ਲਾਘਾਯੋਗ ਕਦਮ ਹੈ, ਜਿਸ ਦਾ ਪੁਰਜ਼ੋਰ ਸਵਾਗਤ ਹੈ। ਇਸ ਬਾਰੇ ਇਤਿਹਾਸਕ ਸੰਦਰਭ ਜਾਨਣਾ ਲਾਹੇਵੰਦ ਹੋਵੇਗਾ। ਦਰਅਸਲ ਗੁਰੂ ਨਾਨਕ ਜਹਾਜ਼ ਦੀ ਦਾਸਤਾਨ ਮਨੁੱਖੀ ਆਜ਼ਾਦੀ ਦੇ ਸੰਘਰਸ਼ ਦੇ ਦੌਰ ਦੀ ਇਤਿਹਾਸਕ ਘਟਨਾ ਹੈ, ਜਿਸ ਦੇ ਅਸਲੀ ਇਤਿਹਾਸ ਨੂੰ ਜਾਣੇ ਅਣਜਾਣੇ ਵਿੱਚ ਮਿਟਾਇਆ ਜਾ ਰਿਹਾ ਹੈ। ਇਹ ਦਾਸਤਾਨ ‘ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਹੈ, ਜਿਸ ਨੂੰ ਵਧੇਰੇ ਕਰਕੇ ਕਾਮਾਗਾਟਾ ਮਾਰੂ ਕੰਪਨੀ ਦੇ ਨਾਂ ਤੇ ਹੀ ਪ੍ਰਚਾਰਿਆ ਜਾਂਦਾ ਹੈ। 20ਵੀਂ ਸਦੀ ਦੇ ਆਰੰਭ ਵਿੱਚ, ਕੈਨੇਡਾ ਵਿੱਚ ਪਹਿਲਾਂ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਗਿਆ ਤੇ ਉਸ ਤੋਂ ਬਾਅਦ ਕੈਨੇਡਾ ਆਉਣ ਲਈ ਪ੍ਰਵਾਸੀਆਂ ਉੱਪਰ ਆਪਣੇ ਮੁਲਕ ਤੋਂ ਸਿੱਧੇ ਸਫ਼ਰ ਦੀ ਸ਼ਰਤ ਲਾ ਦਿੱਤੀ ਗਈ। ਸਿੱਧੇ ਸਫਰ ਦੇ ਕਾਲੇ ਕਾਨੂੰਨ ਨੂੰ ਪ੍ਰਭਾਵਹੀਣ ਕਰਨ ਲਈ, ਕੈਨੇਡਾ ਦੇ ਮੋਢੀ ਸਿੱਖਾਂ ਦੀ ਸਲਾਹ ‘ਤੇ, ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਕੈਨੇਡਾ ਸਰਕਾਰ ਦੇ ‘ਨਸਲੀ ਵਿਤਕਰੇ ਵਾਲੇ ਕਾਨੂੰਨ’ ਨੂੰ ਚੁਣੌਤੀ ਦੇਣ ਲਈ ਜਨਵਰੀ 1914 ਵਿੱਚ ਕਲਕੱਤੇ ਜਾ ਕੇ ‘ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਕਾਇਮ ਕੀਤੀ, ਜਿਸ ਅਧੀਨ ‘ਗੁਰੂ ਨਾਨਕ ਸਾਹਿਬ’ ਦੇ ਨਾਂ ‘ਤੇ ਜਹਾਜ਼, ਕਿਰਾਏ ‘ਤੇ ਲੈਣ ਦਾ ਫੈਸਲਾ ਕੀਤਾ ਗਿਆ।
ਇਸ ਉਦੇਸ਼ ਦੀ ਪੂਰਤੀ ਲਈ ਕਾਮਾਗਾਟਾਮਾਰੂ ਨਾਂ ਦਾ ਸਮੁੰਦਰੀ ਬੇੜਾ, ਗੁਰੂ ਨਾਨਕ ਸਟੀਮਸ਼ਿਪ ਕੰਪਨੀ ਨੇ 11 ਹਜ਼ਾਰ ਡਾਲਰ ਪ੍ਰਤੀ ਮਹੀਨੇ ਦੇ ਹਿਸਾਬ, ਨਾਲ ਛੇ ਮਹੀਨੇ ਲਈ 66 ਹਜ਼ਾਰ ਡਾਲਰ ‘ਤੇ, 19 ਮਾਰਚ 1914 ਨੂੰ ਜਪਾਨੀ ਕੰਪਨੀ ਤੋਂ’ ਕਿਰਾਏ ‘ਤੇ ਲਿਆ। ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਕਰਵਾਏ ਗਏ ਅਤੇ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦਾ ਨਾਮਕਰਨ ‘ਗੁਰੂ ਨਾਨਕ ਜਹਾਜ਼’ ਕੀਤਾ ਗਿਆ। ਗੁਰੂ ਨਾਨਕ ਜਹਾਜ਼ ਦੀਆਂ ਟਿਕਟਾਂ ‘ਗੁਰੂ ਨਾਨਕ ਸਟੀਮਰ ਕੰਪਨੀ’ ਵੱਜੋ ਪ੍ਰਕਾਸ਼ਿਤ ਹੋਈਆਂ। ਗੁਰੂ ਨਾਨਕ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ।
ਗੁਰੂ ਨਾਨਕ ਜਹਾਜ਼ ਦੇ ਸਫ਼ਰ ਦੌਰਾਨ ਪੰਜ ਅਖੰਡ ਪਾਠ ਅਤੇ ਦੋ ਸਹਿਜ ਪਾਠ ਸੰਪੂਰਨ ਕੀਤੇ ਗਏ। ਜਹਾਜ਼ ਵਿੱਚ ਨਿਸ਼ਾਨ ਸਾਹਿਬ ਝੁੱਲਦਾ ਸੀ। ਗੁਰੂ ਨਾਨਕ ਸ਼ਬਦ ਰੂਹਾਨੀ ਸਾਂਝ, ਮਨੁੱਖੀ ਪ੍ਰੇਮ, ਜਾਬਰ ਹਕੂਮਤਾਂ ਦਾ ਵਿਰੋਧ ਤੇ ਨਸਲਵਾਦੀ ਵਿਤਕਰੇ ਦੇ ਅੰਤ ਦਾ ਮਹਾਨ ਸਿਧਾਂਤ ਹੈ। ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਵਿੱਚ 341 ਸਿੱਖ ਸਨ। ਉਹਨਾਂ ਤੋਂ ਇਲਾਵਾ 24 ਮੁਸਲਮਾਨ ਤੇ 12 ਹਿੰਦੂ ਮੁਸਾਫਿਰ ਸਨ। ਉਸ ਸਮੇਂ ਦੇ ‘ਸਾਂਝਾ ਪੰਜਾਬ’, ਜੋ ਕਿ ਅੱਜ ਕੱਲ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਹੋਇਆ ਹੈ, ਦੇ ਵਸਨੀਕ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ ਸਨ।
ਇਤਿਹਾਸਿਕ ਤੱਥਾਂ ‘ਤੇ ਅਧਾਰਤ ਜਾਣਕਾਰੀ ਕਾਮਾਗਾਟਾ ਮਾਰੂ ਸਮੁੰਦਰੀ ਬੇੜੇ ਨੂੰ ਚਾਰਟਰ ਕਰਨ ਮਗਰੋਂ, ਇਸ ਦਾ ਰੱਖਿਆ ਗਿਆ ਨਾਂ ਗੁਰੂ ਨਾਨਕ ਜਹਾਜ਼ ਹੈ ਅਤੇ ਇਤਿਹਾਸਕਾਰਾਂ ਲਈ ‘ਗੁਰੂ ਨਾਨਕ ਜਹਾਜ਼’ ਸ਼ਬਦ ਹੀ ਵਰਤਣਾ ਉਚਿਤ ਹੈ। ਕਈ ਲੇਖਕ, ਫਿਲਮਕਾਰ, ਸਿਆਸਤਦਾਨ ਅਤੇ ਮੀਡੀਆਕਾਰ ਅੱਜ ਵੀ ਗੁਰੂ ਨਾਨਕ ਜਹਾਜ਼ ਨੂੰ, ਜਾਪਾਨੀ ਨਾਂ ਕਾਮਾਗਾਟਾਮਾਰੂ ਨਾਲ ਹੀ ਬਿਆਨਦੇ ਹਨ, ਜੋ ਕਿ ਸਹੀ ਨਹੀਂ। ਇਤਿਹਾਸਿਕ ਖੋਜ ਤੋਂ ਸੱਖਣੇ ਲਿਖਾਰੀਆਂ ਨੇ ਜਪਾਨੀ ਕੰਪਨੀ ਦੇ ਮਾਲਕੀ ਹੇਠਲੇ ਜਹਾਜ਼ ਦੇ ਇਕਰਾਰਨਾਮੇ ਅਨੁਸਾਰ ਮੀਡੀਆ ਰਿਪੋਰਟਾਂ ਅਤੇ ਬ੍ਰਿਟਿਸ਼ ਸਰਕਾਰ ਦੇ ਦਸਤਾਵੇਜ਼ਾਂ ਨੂੰ ਆਧਾਰ ਬਣਾ ਕੇ ਕਾਮਾਗਾਟਾਮਾਰੂ ਨਾਂ ਪ੍ਰਚਲਤ ਕਰ ਦਿੱਤਾ, ਪਰ ਬਾਬਾ ਗੁਰਦਿੱਤ ਸਿੰਘ ਦੀ ਆਪਣੀ ਕਲਮ ਤੋਂ ਲਿਖੀ ਤੇ ਅੰਗਰੇਜ਼ ਸਰਕਾਰ ਦੁਆਰਾ 1922 ਵਿਚ ਜ਼ਬਤ ਪੁਸਤਕ ‘ਗੁਰੂ ਨਾਨਕ ਜਹਾਜ਼’ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕਾਮਾਗਾਟਾ ਮਾਰੂ ਜਹਾਜ਼ ਕਰਾਏ ਤੇ ਲੈਣ ਮਗਰੋਂ, ਇਸ ਦਾ ਨਾਂ ਬਦਲ ਕੇ ‘ਗੁਰੂ ਨਾਨਕ ਜਹਾਜ਼’ ਰੱਖ ਦਿੱਤਾ ਗਿਆ ਸੀ।
ਇੰਨੀਂ ਦਿਨੀ ਜਾਣੇ ਪਛਾਣੇ ਫਿਲਮ ਨਿਰਮਾਤਾ ਤਰਸੇਮ ਜੱਸੜ ਦੀ ਪ੍ਰੋਡਕਸ਼ਨ ਰਾਹੀਂ, ਇੱਕ ਫਿਲਮ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿੱਚ ‘ਗੁਰੂ ਨਾਨਕ ਜਹਾਜ਼’ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ। ਫਿਲਮ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਹੈ, ਜਿਸ ਨੂੰ ਵੇਖ ਕੇ ਅਤਿਅੰਤ ਖੁਸ਼ੀ ਹੋਈ। ਹੋਰ ਵੀ ਚੰਗੀ ਗੱਲ ਹੈ ਕਿ ਇਸ ਪੋਸਟਰ ‘ਤੇ ਗੁਰੂ ਨਾਨਕ ਜਹਾਜ਼ ਨਾਲ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਕੈਨੇਡਾ ਦੀ ਅਸਲ ਤਸਵੀਰ ਛਾਪੀ ਗਈ ਹੈ, ਜੋ ਕਿ ਇਤਿਹਾਸਿਕ ਸੂਝ ਬੂਝ ਪੇਸ਼ ਕਰਦੀ ਹੈ।
ਦਰਅਸਲ ਸ਼ਹੀਦ ਭਾਈ ਮੇਵਾ ਸਿੰਘ ਦਾ ਗੁਰੂ ਨਾਨਕ ਜਹਾਜ਼ ਨਾਲ ਡੂੰਘਾ ਸੰਬੰਧ ਹੈ, ਜਿਨਾਂ ਦਾ ਸ਼ਹੀਦੀ ਦਿਹਾੜਾ 11 ਜਨਵਰੀ ਦਾ ਆ ਰਿਹਾ ਹੈ। 11 ਜਨਵਰੀ 1915 ਨੂੰ ਭਾਈ ਮੇਵਾ ਸਿੰਘ ਲੋਪੋਕੇ ਨੇ ਕੈਨੇਡਾ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਸੀ। ਉਹਨਾਂ ਗੁਰੂ ਨਾਨਕ ਜਹਾਜ਼ ਨੂੰ ਜਬਰੀ ਮੋੜਨ ਵਾਲੇ ਅਤੇ ਮੋਢੀ ਸਿੱਖਾਂ ਭਾਈ ਭਾਗ ਸਿੰਘ ਜੀ ਅਤੇ ਭਾਈ ਥਤਨ ਸਿੰਘ ਜੀ ਦਾ ਕਤਲ ਕਰਵਾਉਣ ਵਾਲੇ ਚਾਰਲਸ ਵਿਲੀਅਮ ਹਾਪਕਿਨਸਨ ਨੂੰ ਸੋਧਿਆ ਸੀ।
ਇਸ ਹੀ ਸੰਦਰਭ ਵਿੱਚ ਵਿਚਾਰਨ ਯੋਗ ਪੱਖ ਹੈ ਕਿ ਕੈਨੇਡਾ ਦੀ ਸਰਕਾਰ ਵੱਲੋਂ ਚਾਹੇ ਕਾਮਾਗਾਟਾ ਮਾਰੂ ਦੇ ਦੁਖਾਂਤ ਲਈ ਮਾਫੀ ਮੰਗੀ ਗਈ ਹੈ, ਜੋ ਸ਼ਲਾਘਾ ਯੋਗ ਹੈ, ਪਰ ਉਹਨਾਂ ਵੱਲੋਂ ਗੁਰੂ ਨਾਨਕ ਜਹਾਜ਼ ਨਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਇਹ ਗਲਤ ਅਤੇ ਭੁਲੇਖਾ ਪਾਓ ਬਿਰਤਾਂਤ ਹੈ। ਇਸ ਪ੍ਰਸੰਗ ਵਿੱਚ ਤਰਸੇਮ ਜੱਸੜ ਵੱਲੋਂ ‘ਗੁਰੂ ਨਾਨਕ ਜਹਾਜ਼’ ਨਾਂ ਤੇ ਫਿਲਮ ਨਿਰਮਾਣ ਰਾਹੀਂ ਚੁੱਕਿਆ ਗਿਆ ਇਤਿਹਾਸਕ ਕਦਮ, ਭਵਿੱਖ ਵਿੱਚ ਕੈਨੇਡਾ ਸਰਕਾਰ ਦੇ ਮੁਆਫੀਨਾਮੇ ਵਿੱਚ ਸਹੀ ਨਾਂ ‘ਗੁਰੂ ਨਾਨਕ ਜਹਾਜ਼’ ਞਜੋਂ ਸੋਧ ਕਰਨ ਵਿੱਚ ਸਹਾਈ ਸਾਬਤ ਹੋਵੇਗਾ।
‘ਗੁਰੂ ਨਾਨਕ ਜਹਾਜ਼’ ਫਿਲਮ ਵਿੱਚ ਤਰਸੇਮ ਜੱਸੜ ਹੁਰੀਂ ਇਤਿਹਾਸ ਦੇ ਸਹੀ ਪੱਖ ਕਿਸ ਬਰੀਕੀ ਨਾਲ ਦਿਖਾਉਂਦੇ ਹਨ, ਇਸ ਦਾ ਤਾਂ ਫਿਲਮ ਵੇਖਣ ਤੋਂ ਮਗਰੋਂ ਹੀ ਪਤਾ ਲੱਗ ਸਕਦਾ ਹੈ, ਪਰ ਫਿਲਮ ਦੇ ਸਹੀ ਨਾਮਕਰਨ ਤੋਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਫਿਲਮਕਾਰ ਤਰਸੇਮ ਜੱਸੜ ਦਾ ਇਹ ਉਪਰਾਲੇ ਨਾ ਸਿਰਫ ਇਤਿਹਾਸ ਦੇ ਸਹੀ ਰੂਪ ਅਤੇ ਬਿਰਤਾਂਤ ਨੂੰ ਕਾਇਮ ਕਰਨ ਵਿੱਚ ਸਹਾਈ ਸਿਧ ਹੋਏਗਾ, ਬਲਕਿ ਸਾਡੀਆਂ ਅਗਲੀਆਂ ਪੀੜੀਆਂ ਨੂੰ ਸੰਘਰਸ਼ ਦੀ ਸ਼ਾਨਾਮੱਤੀ ਗਾਥਾ ਤੋਂ ਵੀ ਭਲੀ ਭਾਂਤ ਜਾਣੂ ਕਰਵਾਏਗਾ। ਅਜਿਹੇ ਯਤਨਾਂ ਲਈ ਅਸੀਂ ‘ਗੁਰੂ ਨਾਨਕ ਜਹਾਜ਼’ ਫਿਲਮ ਦੀ ਸਮੁੱਚੀ ਟੀਮ ਦੇ ਤਹਿ ਦਿਲੋਂ ਧੰਨਵਾਦੀ ਹਾਂ।
ਧੰਨਵਾਦ ਸਹਿਤ ;
ਗੁਰੂ ਨਾਨਕ ਹੈਰੀਟੇਜ ਸੁਸਾਇਟੀ ਆਫ ਬੀਸੀ, ਕੈਨੇਡਾ।
ਵਣਜਾਰਾ ਨੋਮੈਡ ਕਲੈਕਸ਼ਨਜ਼, ਬੀਸੀ, ਕੈਨੇਡਾ।