ਸਰੀ, (ਏਕਜੋਤ ਸਿੰਘ): ਕੈਨੇਡਾ ਵਿੱਚ ਸਿਆਸੀ ਹਲਚਲ ਬਰਕਰਾਰ ਹੈ। ਟਰੂਡੋ ਦੇ ਅਸਤੀਫ਼ੇ ਦੇ ਐਲਾਨ ਨੇ ਕੈਨੇਡੀਅਨ ਸੂਬੇ ਦੇ ਪ੍ਰੀਮੀਅਰਾਂ ਨੂੰ ਪ੍ਰਧਾਨ ਮੰਤਰੀ ਦੇ ਨਾਲ ਸੰਭਾਵਤ ਟਰੰਪ ਟੈਰਿਫ਼ ਖਤਰੇ ‘ਤੇ ਮੀਟਿੰਗ ਲਈ ਮਜ਼ਬੂਰ ਕੀਤਾ ਹੈ।
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਟਰੰਪ ਵੱਲੋਂ ਆ ਰਹੇ ਟੈਕਸਾਂ ਦੇ ਖਤਰੇ ਨੂੰ ਲੈ ਕੇ ਇੱਕ ਠੋਸ ਯੋਜਨਾ ਤਿਆਰ ਕਰਨੀ ਚਾਹੀਦੀ ਹੈ।
ਡਗ ਫੋਰਡ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਕੈਨੇਡਾ ਨੂੰ ਅਮਰੀਕਾ ਨੂੰ ਵੇਚੀ ਜਾ ਰਹੀ ਬਿਜਲੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਅਮਰੀਕਾ ਦੀ ਸ਼ਰਾਬ ‘ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਹਾਲਾਂਕਿ, ਕੈਨੇਡਾ ਦੇ ਕਈ ਸੂਬੇ ਉਨ੍ਹਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਹਨ। ਫੋਰਡ ਨੇ ਅਸਤੀਫ਼ਾ ਦੇ ਬਾਵਜੂਦ ਟਰੂਡੋ ਤੋਂ ਉਮੀਦ ਜਤਾਈ ਹੈ ਕਿ ਉਹ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੇ ਬਾਕੀ ਦੇ ਸਮੇਂ ਵਿੱਚ ਸੂਬਾਈ ਪ੍ਰੀਮੀਅਰਾਂ ਦੇ ਨਾਲ ਮੀਟਿੰਗ ਕਰਕੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ।
ਇਸੇ ਦੌਰਾਨ, ਅਮਰੀਕਾ ਵਿੱਚ ਵੀ ਵੱਡੇ ਸਿਆਸੀ ਬਦਲਾਵਾਂ ਦੇਖਣ ਨੂੰ ਮਿਲੇ। ਇਲੈਕਟੋਰਲ ਵੋਟਾਂ ਦੀ ਗਿਣਤੀ ਦੇ ਮਗਰੋਂ ਡੌਨਲਡ ਟਰੰਪ ਦੀ ਜਿੱਤ ਦੀ ਪੁਸ਼ਟੀ ਹੋ ਗਈ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ਨੂੰ ਅਧਿਕਾਰਤ ਤੌਰ ‘ਤੇ ਜੇਤੂ ਘੋਸ਼ਿਤ ਕਰ ਦਿੱਤਾ ਹੈ।