Friday, January 24, 2025
-1 C
Vancouver

ਪੰਜਾਬੀ ਅਧਿਕਾਰੀ ਬੀ.ਸੀ. ਪੁਲਿਸ ਚੀਫ਼ ਅਸੋਸੀਏਸ਼ਨ ਬੋਰਡ ‘ਚ ਮਿਲੇ ਅਹਿਮ ਅਹੁੱਦੇ

ਐਬਟਸਫੋਰਡ : ਬ੍ਰਿਟਿਸ਼ ਕੋਲੰਬੀਆ ਐਸੋਸੀਏਸ਼ਨ ਆਫ਼ ਚੀਫ਼ ਆਫ਼ ਪੁਲਿਸ ਦੀ ਚੋਣ ਵਿੱਚ ਚੀਫ਼ ਸੁਪਰਡੈਂਟ ਵੈਂਡੀ ਮੇਹਟ ਨੂੰ ਪ੍ਰਧਾਨ ਅਤੇ ਸੁਪਰਡੈਂਟ ਮਨਦੀਪ ਸਿੰਘ ਮੁੱਕਰ ਨੂੰ ਸਕੱਤਰ ਤੇ ਖਜ਼ਾਨਚੀ ਚੁਣਿਆ ਗਿਆ ਹੈ। ਚੀਫ਼ ਸੁਪਰਡੈਂਟ ਵੈਂਡੀ ਮੇਹਟ ਇਸ ਵੱਡੀ ਅਤੇ ਵੱਕਾਰੀ ਸੰਸਥਾ ਦੀ ਪ੍ਰਧਾਨ ਬਣਨ ਵਾਲੀ ਪਹਿਲੀ ਪੰਜਾਬਣ ਬਣੇ ਹਨ। ਵੈਂਡੀ ਨੇ 2000 ਵਿੱਚ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਵਿੱਚ ਆਪਣਾ ਸਫਰ ਬਤੌਰ ਪੈਟਰੋਲ ਕਾਂਸਟੇਬਲ ਸ਼ੁਰੂ ਕੀਤਾ ਸੀ। ਬੀਤੇ ਸਾਲਾਂ ਦੌਰਾਨ ਉਨ੍ਹਾਂ ਨੇ ਆਪਣੀ ਮਿਹਨਤ, ਸਮਰਪਣ ਅਤੇ ਕੁਸ਼ਲ ਪ੍ਰਬੰਧਨ ਦੇ ਜ਼ਰੀਏ ਦੋ ਵੱਖ-ਵੱਖ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਦੇ ਤੌਰ ‘ਤੇ ਸੇਵਾਵਾਂ ਨਿਭਾਈਆਂ। ਇਸ ਵਿਰਲੇ ਸਨਮਾਨ ਨਾਲ ਉਨ੍ਹਾਂ ਨੇ ਪੰਜਾਬੀਆਂ ਲਈ ਮਾਣ ਵਾਲਾ ਮੌਕਾ ਪੈਦਾ ਕੀਤਾ ਹੈ। ਸੁਪਰਡੈਂਟ ਮਨਦੀਪ ਸਿੰਘ ਮੁੱਕਰ ਨੂੰ ਬੋਰਡ ‘ਤੇ ਸਕੱਤਰ ਤੇ ਖ਼ਜ਼ਾਨਚੀ ਦੇ ਅਹੁਦੇ ਲਈ ਚੁਣਿਆ ਗਿਆ ਹੈ। ਇਸ ਸਮੀਤੀ ਵਿੱਚ ਉਨ੍ਹਾਂ ਦੀ ਚੋਣ ਉਹਨਾਂ ਦੀ ਪ੍ਰਬੰਧਕੀ ਯੋਗਤਾਵਾਂ ਅਤੇ ਪੁਲਿਸਿੰਗ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਣ ਯੋਗਦਾਨ ਦਾ ਸਿੱਧਾ ਪ੍ਰਮਾਣ ਹੈ। ਮਨਦੀਪ ਸਿੰਘ ਇਸ ਵੇਲੇ ਇੰਟਾਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ (IHIT) ਦੇ ਇੰਚਾਰਜ ਹਨ, ਜਿੱਥੇ ਉਹ ਕਈ ਮੁਹਤਵਪੂਰਣ ਜਾਂਚਾਂ ਦਾ ਨੇਤ੍ਰਿਤਵ ਕਰ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਐਸੋਸੀਏਸ਼ਨ ਆਫ਼ ਚੀਫ਼ਸ ਆਫ਼ ਪੁਲਿਸ ਵਿੱਚ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਅਤੇ ਸੂਬੇ ਦੀਆਂ 13 ਮਿਊਨਿਸਪਲ ਪੁਲਿਸ ਏਜੰਸੀਆਂ ਦੇ 9,250 ਮੈਂਬਰ ਹਨ। ਇਹ ਅਸੋਸੀਏਸ਼ਨ ਸੂਬੇ ਦੇ ਕਾਨੂੰਨ-ਵਿਵਸਥਾ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਵੈਂਡੀ ਮੇਹਟ ਅਤੇ ਮਨਦੀਪ ਸਿੰਘ ਮੁੱਕਰ ਦੀ ਚੋਣ ਨ ਸਿਰਫ਼ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ, ਸਗੋਂ ਇਹ ਸਾਬਤ ਕਰਦੀ ਹੈ ਕਿ ਕੈਨੇਡਾ ਵਿੱਚ ਪੰਜਾਬੀਆਂ ਨੇ ਹਰ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ। ਇਹ ਪ੍ਰਾਪਤੀਆਂ ਨੌਜਵਾਨਾਂ ਨੂੰ ਆਪਣੀ ਲੀਡਰਸ਼ਿਪ ਯੋਗਤਾ ਸਿੱਧ ਕਰਨ ਲਈ ਪ੍ਰੇਰਿਤ ਕਰਨਗੀਆਂ।