ਹੁਣ ਦੇਊ ਇੱਕ ਦਿਨ ਛੱਡ ਅਹੁਦਾ,
ਆਖ਼ਰ ਦਿੱਤਾ ਕਰ ਐਲਾਨ ਕਹਿੰਦੇ।
ਵਾਹ ਵਾਹ ਖੱਟ ਕੇ ਲਈ ਖੱਟ ਥੂਹ ਥੂਹ,
ਅੱਧ ਵਿਚਾਲੇ ਖਿੰਡ ਗਈ ਭਾਨ ਕਹਿੰਦੇ।
ਜਿੰਨਾਂ ਚਾਹੀਦਾ ਜਾਓ ਲੈ ਓਨਾਂ,
ਖੋਲ੍ਹ ਬਹਿ ਗਿਆ ਸਾਰਾ ਥਾਨ ਕਹਿੰਦੇ।
ਜੀਹਤੋਂ ਆਈ ਦਾ ਜਾਓ ਆ ਛੇਤੀ
ਹੋਕਾ ਲਾ ‘ਤਾ ਵਿੱਚ ਜਹਾਨ ਕਹਿੰਦੇ।
ਪਰਜਾ ਆਪਣੀ ਤਾਂ ਫਿਰੇ ਭੁੱਖੀ,
ਪਿਆ ਸਾਂਭਦਾ ਫਿਰੇ ਜਹਾਨ ਕਹਿੰਦੇ,
ਹਟ ਬੋਲਣੋਂ ਜਦ ਗਈ ਤੂਤੀ,
ਖਾਲੀ ਕਰਨੀ ਪਈ ਦੁਕਾਨ ਕਹਿੰਦੇ।
ਕਰ ਬਥੇਰਾ ਲਿਆ ਰਾਜ ‘ਭਗਤਾ’,
ਪਾ ਮੰਜੇ ‘ਚ ਗਿਆ ਕਾਣ ਕਹਿੰਦੇ।
ਗਏ ਉੱਠਣੋਂ ਹਟਾ ਸ਼ਿਕਾਰ ਜਦੋਂ,
ਛੱਡ ਚੱਲਿਆ ਤੀਰ ਕਮਾਨ ਕਹਿੰਦੇ,
ਲਿਖਤ : ਬਰਾੜ ਭਗਤਾ ਭਾਈ ਕਾ,
1-604-751-1113