ਕੈਲਗਰੀ : ਕੈਲਗਰੀ ਪੁਲਿਸ ਨੇ ਦੋਹਰੇ ਕਤਲ ਕਾਂਡ ਦੇ ਸ਼ੱਕੀ ਵਿਅਕਤੀ ਬੈਨੇਡਿਕਟ ਕਮਿਨਜ਼ਕੀ ਨੂੰ ਮ੍ਰਿਤਕ ਪਾਇਆ ਹੈ। ਕਮਿਨਜ਼ਕੀ, ਜੋ 38 ਸਾਲਾਂ ਦਾ ਸੀ, ਨੂੰ ਕੈਲਗਰੀ ਤੋਂ 60 ਕਿਲੋਮੀਟਰ ਉੱਤਰ-ਪੱਛਮ ਵਿੱਚ ਆਪਣੇ ਵਾਹਨ ਕੋਲ ਮ੍ਰਿਤਕ ਸਥਿਤੀ ਵਿੱਚ ਲੱਭਿਆ ਗਿਆ। ਇਸ ਦੌਰਾਨ ਪੁਲਿਸ ਨੇ ਕੈਲਗਰੀ ਅਤੇ ਨੇੜਲੇ ਇਲਾਕਿਆਂ ਵਿਚ ਜਾਰੀ ਕੀਤਾ ਗਿਆ ਖ਼ਤਰਨਾਕ ਵਿਅਕਤੀ ਐਲਰਟ ਰੱਦ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਨੂੰ ਘਟਨਾ ਵਿੱਚ ਮਾਰੇ ਗਏ ਬਜ਼ੁਰਗ ਅਤੇ ਔਰਤ ਕਮਿਨਜ਼ਕੀ ਦੀ ਪਤਨੀ ਅਤੇ ਸਹੁਰਾ ਮੰਨੇ ਜਾ ਰਹੇ ਹਨ। ਇਹ ਮਾਮਲਾ ਘਰੇਲੂ ਹਿੰਸਾ ਨਾਲ ਜੁੜਿਆ ਜਾਪਦਾ ਹੈ। ਮ੍ਰਿਤਕਾਂ ਵਿੱਚ 70ਵਿਆਂ ਦੀ ਉਮਰ ਦਾ ਇੱਕ ਬਜ਼ੁਰਗ ਵਿਅਕਤੀ ਅਤੇ 30ਵਿਆਂ ਦੀ ਉਮਰ ਦੀ ਇੱਕ ਔਰਤ ਸ਼ਾਮਲ ਹੈ।
ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ, ਪੁਲਿਸ ਐਤਵਾਰ ਰਾਤ 9:30 ਵਜੇ ਕਿਨਕੋਰਾ ਗ੍ਰੋਵ ਦੇ 100 ਬਲੌਕ ਤੋਂ ਇੱਕ ਬਜ਼ੁਰਗ ਵਿਅਕਤੀ ਨੂੰ ਮ੍ਰਿਤਕ ਸਥਿਤੀ ਵਿੱਚ ਮਿਲੀ। ਇਸ ਤੋਂ ਬਾਅਦ ਰਾਤ 11:15 ਵਜੇ ਟਸਕੇਨੀ ਰਿਜ ਹਾਈਟਸ ਦੇ 300 ਬਲੌਕ ਤੋਂ ਇੱਕ ਔਰਤ ਦੀ ਲਾਸ਼ ਮਿਲੀ।
ਇੰਸਪੈਕਟਰ ਲੀ ਵੇਨ ਨੇ ਕਿਹਾ ਕਿ ਕਮਿਨਜ਼ਕੀ ਦਾ ਕੋਈ ਪੁਰਾਣਾ ਅਪਰਾਧਕ ਰਿਕਾਰਡ ਨਹੀਂ ਹੈ, ਪਰ ਉਹ ਲਾਈਸੈਂਸਸ਼ੁਦਾ ਬੰਦੂਕ ਮਾਲਕ ਸੀ। ਦੋਵੇਂ ਮੌਤਾਂ ਦੇ ਕਾਰਨ ਅਤੇ ਟਾਈਮਲਾਇਨ ਸਪੱਸ਼ਟ ਨਹੀਂ ਹਨ। ਪੋਸਟਮਾਰਟਮ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
ਪਰਿਵਾਰ ਦੇ ਬਾਕੀ ਮੈਂਬਰ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਹਾਲਾਂਕਿ ਗ੍ਰਿਫ਼ਤਾਰੀ ਦੀ ਲੋੜ ਨਹੀਂ ਰਹੀ, ਪਰ ਜਾਂਚ ਜਾਰੀ ਹੈ।