9.5 C
Vancouver
Saturday, May 30, 2026

ਯੂਬੀਸੀ ਵਿਖੇ 15ਵਾਂ ਹਰਜੀਤ ਕੌਰ ਸਿੱਧੂ ਯਾਦਗਾਰੀ ਸਮਾਗਮ ਦਾ ਆਯੋਜਨ

ਸਰੀ, (ਏਕਜੋਤ ਸਿੰਘ): ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (UBC) ਦੇ ਏਸ਼ੀਅਨ ਸਟੱਡੀਜ਼ ਵਿਭਾਗ ਅਤੇ ਏਸ਼ੀਅਨ ਲਾਇਬ੍ਰੇਰੀ ਵੱਲੋਂ 10 ਅਪ੍ਰੈਲ ਨੂੰ 15ਵਾਂ ਸਲਾਨਾ ‘ਹਰਜੀਤ ਕੌਰ ਸਿੱਧੂ ਯਾਦਗਾਰੀ’ ਪ੍ਰੋਗਰਾਮ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਹਰਜੀਤ ਕੌਰ ਸਿੱਧੂ ਇੱਕ ਸਮਰਪਿਤ ਅਧਿਆਪਕ ਅਤੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਮਜ਼ਬੂਤ ਆਵਾਜ਼ ਸਨ। ਉਹਨਾਂ ਦੀ ਯਾਦ ਵਿੱਚ ਕਰਵਾਇਆ ਗਿਆ ਇਹ ਸਮਾਗਮ ਪੰਜਾਬੀ ਭਾਸ਼ਾ ਦੀ ਮਕਬੂਲੀਅਤ ਦਾ ਇੱਕ ਵੱਡਾ ਸਬੂਤ ਬਣ ਕੇ ਸਾਹਮਣੇ ਆਇਆ। ਏਸ਼ੀਅਨ ਸੈਂਟਰ ਦਾ ਆਡੀਟੋਰੀਅਮ ਵਿਦਿਆਰਥੀਆਂ, ਅਧਿਆਪਕਾਂ ਅਤੇ ਭਾਈਚਾਰੇ ਦੇ ਲੋਕਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਏਸ਼ੀਅਨ ਸਟੱਡੀਜ਼ ਵਿਭਾਗ ਦੀ ਮੁਖੀ ਡਾ. ਸ਼ੈਰਾਲਿਨ ਓਰਬੌਗ ਨੇ ਹਰਜੀਤ ਕੌਰ ਸਿੱਧੂ ਦੇ ਜੀਵਨ ਅਤੇ ਪੰਜਾਬੀ ਪ੍ਰਤੀ ਉਹਨਾਂ ਦੇ ਯੋਗਦਾਨ ਬਾਰੇ ਜਾਣਕਾਰੀ ਦੇ ਕੇ ਕੀਤੀ।
ਇਸ ਸਾਲਾਨਾ ਸਮਾਗਮ ਵਿੱਚ ਹਰ ਸਾਲ ਪੰਜਾਬੀ ਭਾਸ਼ਾ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੀ ਇੱਕ ਸ਼ਖਸੀਅਤ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਸਾਲ ਇਹ ਮਾਣ ਪ੍ਰਸਿੱਧ ਪੰਜਾਬੀ ਸ਼ਾਇਰ ਸਰਦਾਰ ਇੰਦਰਜੀਤ ਸਿੰਘ ਧਾਮੀ ਨੂੰ ਉਹਨਾਂ ਦੇ ਸ਼ਾਨਦਾਰ ਕੰਮ ਲਈ ਦਿੱਤਾ ਗਿਆ। ਉਹ ਇਸ ਸਮਾਗਮ ਦੇ ਮੁੱਖ ਬੁਲਾਰੇ ਵੀ ਸਨ। ਉਹਨਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਕੀਲ ਲਿਆ। ਖਾਸ ਕਰਕੇ ਮਾਵਾਂ ਬਾਰੇ ਲਿਖੀ ਉਹਨਾਂ ਦੀ ਕਵਿਤਾ ਨੇ ਹਾਜ਼ਰੀਨ ਦੀਆਂ ਅੱਖਾਂ ਨਮ ਕਰ ਦਿੱਤੀਆਂ। ਉਹਨਾਂ ਦੇ ਭਾਸ਼ਣ ਤੋਂ ਬਾਅਦ ਮਿਲੀ ਭਰਪੂਰ ਪ੍ਰਸ਼ੰਸਾ ਨੇ ਭਾਈਚਾਰੇ ਵਿੱਚ ਉਹਨਾਂ ਦੀ ਪ੍ਰਸਿੱਧੀ ਨੂੰ ਹੋਰ ਵੀ ਉਜਾਗਰ ਕੀਤਾ।
ਸਮਾਗਮ ਦਾ ਇੱਕ ਹੋਰ ਅਹਿਮ ਹਿੱਸਾ ਬੱਚਿਆਂ ਦੇ ਲੇਖ ਮੁਕਾਬਲੇ ਕਰਵਾਉਣਾ ਅਤੇ ਜੇਤੂਆਂ ਨੂੰ ਸਨਮਾਨਿਤ ਕਰਨਾ ਹੁੰਦਾ ਹੈ। ਇਸ ਸਾਲ ਵੀ ‘ਬਿਗਨਰ’ ਅਤੇ ‘ਐਡਵਾਂਸਡ’ ਸ਼੍ਰੇਣੀਆਂ ਵਿੱਚ ਇਨਾਮ ਵੰਡੇ ਗਏ। ਮੁਢਲੀ ਸ਼੍ਰੇਣੀ ਵਿੱਚ ਦਸ਼ਮੇਸ਼ ਪੰਜਾਬੀ ਸਕੂਲ ਐਬਟਸਫੋਰਡ ਦੀਆਂ ਵਿਦਿਆਰਥਣਾਂ ਅਨਾਇਤ ਕੌਰ ਢਿੱਲੋਂ ਅਤੇ ਨਿਆਮਤ ਕੌਰ ਧਾਲੀਵਾਲ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਇਨਾਮ ਹਾਸਲ ਕੀਤਾ, ਜਦਕਿ ਤੀਜਾ ਇਨਾਮ ਯੂਬੀਸੀ ਦੇ ਵਿਦਿਆਰਥੀ ਵੰਸ਼ ਸਿੱਧੂ ਪ੍ਰਿਯਾ ਨੇ ਜਿੱਤਿਆ। ਐਡਵਾਂਸਡ ਸ਼੍ਰੇਣੀ ਵਿੱਚ ਯੂਬੀਸੀ ਦੀਆਂ ਵਿਦਿਆਰਥਣਾਂ ਅਮਰੀਨ ਕੌਰ ਤੂਰ ਅਤੇ ਹਰਲੀਨ ਕੌਰ ਢਿੱਲੋਂ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹੀਆਂ ਅਤੇ ਤੀਜਾ ਇਨਾਮ ਸੈਮੀਆਮੂ ਸੈਕੰਡਰੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਧਾਲੀਵਾਲ ਨੂੰ ਦਿੱਤਾ ਗਿਆ।
ਪ੍ਰੋਗਰਾਮ ਦੌਰਾਨ ਯੂਬੀਸੀ ਦੇ ਵਿਦਿਆਰਥੀਆਂ ਨੇ ਪੰਜਾਬੀ ਇਤਿਹਾਸ, ਸੱਭਿਆਚਾਰ ਅਤੇ ਨਾਮੀ ਪੰਜਾਬੀ ਗਾਇਕਾਂ ਬਾਰੇ ਜਾਣਕਾਰੀ ਭਰਪੂਰ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥੀਆਂ ਅਤੇ ਪੁਰਾਣੇ ਗ੍ਰੈਜੂਏਟਾਂ ਨੇ ਪ੍ਰਸਿੱਧ ਪੰਜਾਬੀ ਕਵਿਤਾਵਾਂ ਅਤੇ ਗੀਤ ਪੇਸ਼ ਕਰਕੇ ਸਮਾਗਮ ਵਿੱਚ ਰੰਗ ਬੰਨ੍ਹਿਆ। ਵਿਦਿਆਰਥੀਆਂ ਨੇ ਇਸ ਗੱਲ ‘ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਕਿਵੇਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪੰਜਾਬੀ ਬੋਲਣ ਦੀ ਸਮਰੱਥਾ ਘੱਟ ਰਹੀ ਹੈ, ਖਾਸ ਕਰਕੇ ਉਹਨਾਂ ਪਰਿਵਾਰਾਂ ਵਿੱਚ ਜਿੱਥੇ ਘਰ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ। ਇਹ ਚਰਚਾ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਨ ਵਾਲੀ ਸੀ।
ਇਸ ਪ੍ਰੋਗਰਾਮ ਦਾ ਸੰਚਾਲਨ ਲਾਇਬ੍ਰੇਰੀਅਨ ਸਰਬਜੀਤ ਕੌਰ ਰੰਧਾਵਾ ਅਤੇ ਲੈਕਚਰਾਰ ਗੁਰਿੰਦਰਪਾਲ ਮਾਨ ਵੱਲੋਂ ਸਾਂਝੇ ਤੌਰ ਉੱਤੇ ਕੀਤਾ ਗਿਆ। ਸਮੂਹ ਹਾਜ਼ਰੀਨ ਨੇ ਡਾ. ਰਵੀ ਸਿੱਧੂ, ਉਹਨਾਂ ਦੀ ਪਤਨੀ ਡਾ. ਪਾਰਵਤੀ ਅਤੇ ਸਿੱਧੂ ਪਰਿਵਾਰ ਦਾ ਇਸ ਮਿਆਰੀ ਪ੍ਰੋਗਰਾਮ ਲਈ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਵਿੱਚ ਕਈ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸ਼ਾਇਰ ਅਮਰੀਕ ਪਲਾਹੀ, ਕਵਿੰਦਰ ਚਾਂਦ, ਦਸ਼ਮੇਸ਼ ਗਿੱਲ ਫ਼ਿਰੋਜ਼, ਰਾਜਵੰਤ ਰਾਜ, ਸੁਖਜੀਤ ਹੁੰਦਲ, ਪਰਮਿੰਦਰ ਸਵੈਚ, ਜਸਬੀਰ ਮਾਨ, ਬਸੰਤ ਸਿੰਘ ਉਪੇਸ਼ਕ, ਹਰਜਿੰਦਰ ਸਿੰਘ ਚੀਮਾ, ਸਾਹਿਤ ਅਕਾਦਮੀ ਪੁਰਸਕਾਰ ਜੇਤੂ ਜਸਵਿੰਦਰ ਅਤੇ ਅਧਿਆਪਕਾ ਕੁਲਦੀਪ ਕੌਰ ਬਰਾੜ ਸ਼ਾਮਲ ਸਨ। ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਇਹ ਸਮਾਗਮ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇੱਕ ਮੀਲ ਪੱਥਰ ਸਾਬਤ ਹੋਇਆ।

ਰੁਝਾਨ ਖਬਰਾਂ