Saturday, April 19, 2025
13.4 C
Vancouver

ਘਰ ਨੂੰ ਅੱਗ ਲੱਗਣ ਕਾਰਨ ਬਜ਼ੁਰਗ ਦੀ ਮੌਤ, ਇਕ ਔਰਤ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ

 

ਔਟਵਾ (ਏਕਜੋਤ ਸਿੰਘ): ਸਕਾਰਬ੍ਰੋਅ ਵਿਖੇ ਬੁੱਧਵਾਰ ਵੱਡੇ ਤੜਕੇ ਇਕ ਘਰ ਨੂੰ ਅੱਗ ਲੱਗਣ ਕਾਰਨ 80 ਸਾਲ ਦੇ ਇਕ ਬਜ਼ੁਰਗ ਦੀ ਮੌਤ ਹੋ ਗਈ, ਜਦਕਿ 79 ਸਾਲ ਦੀ ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ।
ਟੋਰਾਂਟੋ ਪੁਲਿਸ ਮੁਤਾਬਕ, ਐਮਰਜੈਂਸੀ ਸੇਵਾਵਾਂ ਨੂੰ ਸਵੇਰੇ ਬਰਚਮਾਊਂਟ ਰੋਡ ਅਤੇ ਹਾਈਵੇਅ 401 ਇਲਾਕੇ ਵਿੱਚ ਸਥਿਤ ਐਲਨਫਰਡ ਰੋਡ ਦੇ ਇਸ ਘਟਨਾ ਬਾਰੇ ਜਾਣਕਾਰੀ ਮਿਲੀ । ਫਾਇਰਫਾਈਟਰਸ ਤੁਰੰਤ ਘਟਨਾ ਸਥਾਨ ‘ਤੇ ਪੁੱਜੇ ਅਤੇ ਅੱਗ ਬੁਝਾਉਣ ਦੇ ਯਤਨ ਕਰਨ ਲੱਗੇ। ਮਕਾਨ ਤੋਂ ਦੋ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਇਸ ਦੌਰਾਨ 80 ਸਾਲ ਦੇ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। 79 ਸਾਲ ਦੀ ਔਰਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰੀ ਟੀਮ ਨੇ ਉਸ ਦੀ ਗੰਭੀਰ ਹਾਲਤ ਦੇ ਕਾਰਨ ਸਬੰਧਿਤ ਇਲਾਜ ਸ਼ੁਰੂ ਕੀਤਾ। ਇਸ ਹਾਦਸੇ ਦੌਰਾਨ ਇਕ ਫਾਇਰਫਾਈਟਰ ਨੂੰ ਵੀ ਫੇਫੜਿਆਂ ਵਿੱਚ ਸੰਘਣਾ ਧੂੰਆਂ ਜਾਣ ਕਰਕੇ ਮੌਕੇ ‘ਤੇ ਹੀ ਪੈਰਾਮੈਡਿਕਸ ਵੱਲੋਂ ਇਲਾਜ ਮੁਹੱਈਆ ਕਰਵਾਉਣਾ ਪਿਆ।
ਜਾਣਕਾਰੀ ਮੁਤਾਬਕ, ਮਕਾਨ ਦੀ ਬੇਸਮੈਂਟ ਵਿੱਚ ਕਿਰਾਏ ‘ਤੇ ਰਹਿੰਦੇ ਇਕ ਵਿਅਕਤੀ ਨੇ ਦੱਸਿਆ ਕਿ ਘਰ ਵਿੱਚ ਕੁੱਲ ਸੱਤ ਜਣੇ ਰਹਿੰਦੇ ਹਨ। ਇਹਨਾਂ ਵਿੱਚੋਂ ਕੁਝ ਪਰਿਵਾਰ ਦੇ ਮੈਂਬਰ ਉਪਰਲੇ ਮੰਜ਼ਿਲ ‘ਤੇ ਰਹਿੰਦੇ ਸਨ। ਮਰਨ ਵਾਲਾ ਬਜ਼ੁਰਗ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਨਾਲ ਮਿਲਣ ਆਇਆ ਹੋਇਆ ਸੀ।
ਕਿਰਾਏਦਾਰ ਨੇ ਦੱਸਿਆ ਕਿ ਉਸ ਨੂੰ ਸਮੇਂ ਰਹਿੰਦੇ ਅੱਗ ਬਾਰੇ ਪਤਾ ਲੱਗ ਗਿਆ ਅਤੇ ਉਹ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲਣ ਵਿੱਚ ਸਫ਼ਲ ਰਿਹਾ। ਟੋਰਾਂਟੋ ਫਾਇਰ ਸਰਵਿਸ ਇਸ ਸਮੇਂ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕਰ ਰਹੀ ਹੈ। This report was written by Ekjot Singh as part of the Local Journalism Initiative.