Sunday, April 20, 2025
12.4 C
Vancouver

ਮਨੂ ਭਾਕਰ ਨੂੰ ਖੇਲ ਰਤਨ ਨਾ ਮਿਲਣ ਦੀਆਂ ਚਰਚਾਵਾਂ ‘ਤੇ ਵਿਵਾਦ, ਪਿਤਾ ਨੇ ਚੁੱਕੇ ਸਵਾਲ

ਹਰਪਿੰਦਰ ਸਿੰਘ ਟੌਹੜਾ

“ਜੋ ਚੀਜ਼ ਸਮੇਂ ਮੁਤਾਬਕ ਹੋ ਜਾਵੇ ਓਹੀ ਚੰਗੀ ਲੱਗਦੀ ਹੈ। ਸਮੇਂ ਨਾਲ ਨਾ ਮਿਲੀ ਚੀਜ਼ ਦਾ ਮਤਲਬ ਨਹੀਂ ਰਹਿ ਜਾਂਦਾ।” ਇਹ ਸ਼ਬਦ ਪੈਰਿਸ ਓਲੰਪਿਕ ਵਿਚ ਦੋ ਮੈਡਲ ਜਿੱਤਣ ਵਾਲੇ ਨਿਸ਼ਾਨੇਬਾਜ਼ ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਦੇ ਹਨ। ਮਨੂ ਭਾਕਰ ਦੇ ਪਿਤਾ ਨੇ ਇਹ ਇਸ ਲਈ ਕਿਹਾ ਕਿਉਂ ਕਿ ਚਰਚਾਵਾਂ ਨੇ ਕਿ ਮਨੂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਲਈ ਨਹੀਂ ਚੁਣਿਆ ਗਿਆ। ਚਰਚਾਵਾਂ ਹਨ ਕਿ ਖੇਲ ਰਤਨ ਤੈਅ ਕਰਨ ਵਾਲੀ ਕਮੇਟੀ ਨੇ ਜੋ ਸੂਚੀ ਤਿਆਰ ਕੀਤੀ ਹੈ ਉਸ ਵਿਚ ਮਨੂ ਭਾਕਰ ਦਾ ਨਾਮ ਨਹੀਂ ਹੈ। ਸ਼ੂਟਰ ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿਚ ਦੋ ਕਾਂਸੇ ਦੇ ਤਗਮੇ ਜਿੱਤੇ ਸਨ।
ਸਾਲ 2021 ਵਿੱਚ ਮਨੂ ਭਾਕਰ ਨੇ ਬੀਬੀਸੀ ਇਮਜਰਿੰਗ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2020 ਐਵਾਰਡ ਜਿੱਤਿਆ ਸੀ।
‘ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ’ ਦੇ ਤਹਿਤ ‘ਬੀਬੀਸੀ ਇਮਜਰਿੰਗ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2020’ ਕੈਟੇਗਰੀ ਵਿੱਚ ਉਭਰਤੀ ਮਹਿਲਾ ਖਿਡਾਰੀ ਦਾ ਸਨਮਾਨ ਕੀਤਾ ਜਾਂਦਾ ਹੈ।
‘ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ’ ਦਾ ਮਕਸਦ ਹੈ ਭਾਰਤੀ ਮਹਿਲਾ ਖਿਡਾਰੀਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕਰਨਾ, ਮਹਿਲਾ ਖਿਡਾਰੀਆਂ ਦੀਆਂ ਚੁਣੌਤੀਆਂ ‘ਤੇ ਚਰਚਾ ਕਰਨਾ ਅਤੇ ਉਨ੍ਹਾਂ ਦੀਆਂ ਸੁਣੀਆਂ-ਅਣਸੁਣੀਆਂ ਕਹਾਣੀਆਂ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਹੈ।
ਨਾਮ ਨਾ ਆਉਣ ਦੀਆਂ ਚਰਚਾਵਾਂ ‘ਤੇ ਕੀ ਬੋਲੀ ਮਨੂ
ਮਨੂ ਭਾਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ, “ਸਭ ਤੋਂ ਵੱਡੇ ਖੇਲ ਰਤਨ ਪੁਰਸਕਾਰ ਲਈ ਮੇਰੀ ਨਾਮਜ਼ਗਦੀ ਦੇ ਮੁੱਦੇ ‘ਤੇ ਜਾਰੀ ਵਿਵਾਦ ਦੇ ਵਿਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਐਥਲੀਟ ਦੇ ਤੌਰ ‘ਤੇ ਮੇਰਾ ਕੰਮ ਦੇਸ਼ ਦੇ ਲਈ ਖੇਡਣਾ ਅਤੇ ਚੰਗਾ ਪ੍ਰਦਰਸ਼ਨ ਕਰਨਾ ਹੈ। ਪੁਰਸਕਾਰ ਤੇ ਸਨਮਾਨ ਮੈਨੂੰ ਉਤਸ਼ਾਹਿਤ ਕਰਦੇ ਹਨ ਪਰ ਇਹ ਮੇਰਾ ਟੀਚਾ ਨਹੀਂ ਹੈ,”
“ਮੇਰਾ ਮੰਨਣਾ ਹੈ ਕਿ ਨਾਮਜ਼ਦਗੀ ਭਰਦੇ ਸਮੇਂ ਮੇਰੇ ਵੱਲੋਂ ਕੋਈ ਕਮੀ ਰਹੀ, ਜਿਸ ਨੂੰ ਹੁਣ ਠੀਕ ਕਰ ਲਿਆ ਗਿਆ ਹੈ।
ਪੁਰਸਕਾਰ ਮਿਲੇ ਜਾਂ ਨਾ ਮਿਲੇ, ਮੈਨੂੰ ਦੇਸ਼ ਲਈ ਅਤੇ ਮੈਡਲ ਜਿੱਤਣ ਦੇ ਲਈ ਉਤਸ਼ਾਹਿਤ ਰਹਿਣਾ ਚਾਹੀਦਾ। ਮੇਰੀ ਸਭ ਨੂੰ ਬੇਨਤੀ ਹੈ ਕਿ ਇਸ ਮਾਮਲੇ ‘ਤੇ ਕਿਆਸ ਨਾ ਲਾਉਣ।”
ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਨੇ ਕੀ ਕਿਹਾ ?
ਮਨੂ ਭਾਕਰ ਦੇ ਪਿਤਾ ਨੇ ਖੇਡਾਂ ਦਾ ਸਭ ਤੋਂ ਵੱਡਾ ਐਵਾਰਡ ਆਪਣੀ ਧੀ ਨੂੰ ਨਾ ਮਿਲਣ ਦੀਆਂ ਚਰਚਾਵਾਂ ਦਰਮਿਆਨ ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਨਿਰਾਸ਼ਾ ਪ੍ਰਗਟਾਈ।
ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਨੇ ਗੁੱਸਾ ਅਫ਼ਸਰਾਂ ਖਿਲਾਫ਼ ਕੱਢਿਆ।
ਮਨੂ ਦੇ ਪਿਤਾ ਰਾਮਕਿਸ਼ਨ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਕ ਛੋਟਾ ਜਿਹਾ ਅਫ਼ਸਰ ਲੱਖਾਂ ਖਿਡਾਰੀਆਂ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ।
ਕੀ ਮਨੂ ਭਾਕਰ ਨੇ ਖੇਲ ਰਤਨ ਲਈ
ਅਪਲਾਈ ਕੀਤਾ ਸੀ ?
ਮਨੂ ਭਾਕਰ ਦੇ ਪਿਤਾ ਨੇ ਕਿਹਾ ਕਿ ਇਹ ਸਵਾਲ ਹੀ ਨਹੀਂ ਬਣਦਾ ਕਿ ਐਵਾਰਡ ਲਈ ਅਪਲਾਈ ਕੀਤਾ ਜਾ ਨਹੀਂ।
ਉਨ੍ਹਾਂ ਕਿਹਾ, “ਮਨੂ ਨੇ ਕੋਈ ਨੌਕਰੀ ਨਹੀਂ ਲੈਣੀ ਸੀ ਕਿ ਉਸਦੇ ਲਈ ਅਪਲਾਈ ਕੀਤਾ ਜਾਵੇ।
ਐਵਾਰਡ ਸਰਕਾਰ ਵਲੋਂ ਖਿਡਾਰੀ ਦੇ ਮਾਣ ਸਨਮਾਨ ਲਈ ਦਿੱਤੇ ਜਾਂਦੇ ਹਨ। ਮੈਂ ਪਿਛਲੇ 5 ਸਾਲਾਂ ਤੋਂ ਦੇਖ ਰਿਹਾਂ ਹਾਂ ਕਿ ਬਹੁਤ ਸਾਰੇ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਅਪਲਾਈ ਹੀ ਨਹੀਂ ਕੀਤਾ।
ਰਾਮਕਿਸ਼ਨ ਨੇ ਕਿਹਾ ਅਸੀਂ ਪਿਛਲੇ 3-4 ਸਾਲ ਤੋਂ ਅਪਲਾਈ ਕਰਦੇ ਆ ਰਹੇ ਸੀ ਪਰ ਬਾਵਜੂਦ ਇਸਦੇ ਕੋਈ ਐਵਾਰਡ ਨਹੀਂ ਮਿਲਿਆ। ਉਨ੍ਹਾਂ ਕਿਹਾ ਅਸੀਂ ਖੇਲ ਰਤਨ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਲਈ ਅਪਲਾਈ ਕਰ ਚੁੱਕੇ ਹਾਂ।”
ਉਨ੍ਹਾਂ ਕਿਹਾ ਐਵਾਰਡ ਲਈ ਅਪਲਾਈ ਕਰਨਾ ਤਾਂ ਇਕ ਬਹਾਨਾ ਹੈ ਵਿਵਾਦ ਬਣਾਉਣ ਲਈ।
ਉਨ੍ਹਾਂ ਕਿਹਾ ਅਪਲਾਈ ਕਰਨ ਵਾਲਿਆਂ ਨੂੰ ਕਦੇ ਵੀ ਐਵਾਰਡ ਨਹੀਂ ਦਿੱਤੇ ਜਾਂਦੇ, ਜਿਸ ਨੂੰ ਐਵਾਰਡ ਦੇਣਾ ਹੁੰਦਾ ਹੈ ਉਸਦੀ ਲਿਸਟ ਪਹਿਲਾਂ ਹੀ ਤਿਆਰ ਹੁੰਦੀ ਹੈ, ਕਮੇਟੀ ਸਿਰਫ਼ ਉਸ ‘ਤੇ ਮੋਹਰ ਲਾਉਂਦੀ ਹੈ।
ਕੀ ਤੁਸੀਂ ਖੇਡ ਮੰਤਰਾਲੇ ਨਾਲ ਗੱਲ
ਕਰਨ ਦੀ ਕੋਸ਼ਿਸ਼ ਕੀਤੀ ?
ਇਸ ਸਵਾਲ ਦੇ ਜਵਾਬ ਵਿਚ ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਨੇ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਲਿਖਿਆ ਗਿਆ ਹੈ ਕਿ ਮਨੂ ਪਹਿਲੀ ਮਹਿਲਾ ਸ਼ੂਟਰ ਹੈ ਜਿਸਨੇ ਇਕ ਓਲੰਪਿਕ ‘ਚੋਂ ਦੋ ਮੈਡਲ ਜਿੱਤੇ ਹੋਣ। ਫਿਰ ਵੀ ਸਾਨੂੰ ਅਪੀਲ ਕਰਨੀ ਪਵੇਗੀ ਕਿ ਐਵਾਰਡ ਦਿੱਤਾ ਜਾਵੇ ਇਹ ਮੈਂ ਨਹੀਂ ਮੰਨਦਾ।
ਰਾਮਕਿਸ਼ਨ ਨੇ ਕਿਹਾ ਕਿ ਹੁਣ ਚੰਗਾ ਹੋਵੇਗਾ ਖੇਡ ਮੰਤਰਾਲਾ ਆਪਣੀ ਗਲਤੀ ਵਿਚ ਸੁਧਾਰ ਕਰੇ ਤੇ ਮਨੂ ਨੂੰ ਖੇਲ ਰਤਨ ਦੇ ਦਵੇ।
ਕੀ ਕੋਈ ਅਪੀਲ ਵੀ ਕਰੋਗੇ ?
ਰਾਮਕਿਸ਼ਨ ਨੇ ਕਿਹਾ ਜੇਕਰ ਮਨੂ ਭਾਕਰ ਨੂੰ ਖੇਲ ਰਤਨ ਨਹੀਂ ਦਿੱਤਾ ਜਾਂਦਾ ਤਾਂ ਉਹ ਕਦੇ ਵੀ ਕਿਸੇ ਅੱਗੇ ਅਪੀਲ ਨਹੀਂ ਕਰਨਗੇ। ਅਪੀਲ ਕਰਨਾ ਇਕ ਖਿਡਾਰੀ ਦੀ ਆਪਣੇ ਆਪ ਵਿਚ ਬੇਇੱਜ਼ਤੀ ਹੈ। ਇਹ ਸਰਕਾਰ ਦਾ ਫੈਸਲਾ ਹੈ ਕਿ ਐਵਾਰਡ ਦੇਣਾ ਹੈ ਜਾਂ ਨਹੀਂ,ਅਸੀਂ ਅਪੀਲ ਕਿਉਂ ਕਰਾਂਗੇ ?
ਮਨੂ ਦੇ ਮਨ ਅੰਦਰ ਕਿੰਨੀ ਨਿਰਾਸ਼ਾ ਹੋਈ ?
ਰਾਮਕਿਸ਼ਨ ਨੇ ਦੱਸਿਆ ਕਿ ਜਦੋਂ ਮਨੂ ਨੂੰ ਪਤਾ ਲੱਗਿਆ ਕਿ ਉਸ ਨੂੰ ਖੇਲ ਰਤਨ ਨਾ ਮਿਲਣ ਦੀਆਂ ਚਰਚਾਵਾਂ ਹੋ ਰਹੀਆਂ ਹਨ ਤਾਂ ਉਸਨੇ ਕਿਹਾ “ਪਾਪਾ, ਜੋ ਕੰਮ ਮੈਂ ਕਰਨਾ ਸੀ ਉਹ ਕਰ ਦਿੱਤਾ, ਐਵਾਰਡ ਨਹੀਂ ਮਿਲ ਰਿਹਾ ਇਹ ਖੇਡ ਮੰਤਰਾਲਾ ਸੋਚੇ ਜਾਂ ਦੇਸ਼ ਵਾਸੀ ਸੋਚਣ, ਮੈਂ ਚੰਗਾ ਕੰਮ ਕੀਤਾ ਹੈ ਮੈਂ ਇਸ ਲਈ ਡਿਜ਼ਰਵ ਕਰਦੀ ਸੀ” ਮਨੂ ਨੇ ਕਿਹਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ ਸਿਰ ਐਵਾਰਡ ਮਿਲਣੇ ਚਾਹੀਦੇ ਹਨ।