Sunday, April 20, 2025
12.4 C
Vancouver

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਦਿਹਾਂਤ

 

ਨਵੀਂ ਦਿੱਲੀ, (ਪਰਮਜੀਤ ਸਿੰਘ): ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 92 ਸਾਲ ਦੀ ਉਮਰ ਵਿੱਚ ਆਪਣਾ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਡਾ: ਮਨਮੋਹਨ ਸਿੰਘ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ।
ਡਾ: ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਾਕਿਸਤਾਨ ਦੇ ਗਾਹ ਪਿੰਡ ਵਿੱਚ ਹੋਇਆ ਸੀ। ਉਹ ਸਿੱਖ ਸਮਾਜ ਦੇ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਸੇਵਾ ਨਿਭਾਈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਨੂੰ ਆਰਥਿਕ ਮੰਦਭਾਗ ਤੋਂ ਬਾਹਰ ਕੱਢਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। 1991 ਵਿੱਚ ਵਿੱਤ ਮੰਤਰੀ ਦੇ ਤੌਰ ਤੇ ਉਹਨਾਂ ਦੇ ਲਿਆਂਦੇ ਗਏ ਆਰਥਿਕ ਸੁਧਾਰਾਂ ਨੇ ਭਾਰਤੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦਿੱਤੀ ਸੀ।
ਡਾ: ਮਨਮੋਹਨ ਸਿੰਘ ਨੂੰ 13 ਅਕਤੂਬਰ 2021 ਨੂੰ ਬੁਖਾਰ ਅਤੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਬੁਖਾਰ ਤੋਂ ਤੰਦਰੁਸਤ ਹੋ ਗਏ ਸਨ, ਪਰ ਉਮਰ ਅਤੇ ਕਮਜ਼ੋਰੀ ਦੇ ਕਾਰਨ ਉਹ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਹੋ ਸਕੇ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿੱਚ ਗੰਭੀਰ ਗਿਰਾਵਟ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਦਾ ਇਲਾਜ ਜਾਰੀ ਸੀ।
ਡਾ: ਮਨਮੋਹਨ ਸਿੰਘ ਦੀ ਲੀਡਰਸ਼ਿਪ ਦੌਰਾਨ ਭਾਰਤ ਨੇ ਅਰਥਿਕ ਮੋਰਚੇ ‘ਤੇ ਕਈ ਵੱਡੇ ਕੰਮ ਕੀਤੇ। ਉਹ ਸਾਧਗੀ, ਇਮਾਨਦਾਰੀ ਅਤੇ ਸੁਸ਼ਾਸਨ ਲਈ ਪ੍ਰਸਿੱਧ ਸਨ। ਉਨ੍ਹਾਂ ਨੇ ਵਿਸ਼ਵ ਪੱਧਰ ‘ਤੇ ਭਾਰਤ ਨੂੰ ਇੱਕ ਮਜ਼ਬੂਤ ਅਰਥਵਿਵਸਥਾ ਦੇ ਰੂਪ ਵਿੱਚ ਸਥਾਪਿਤ ਕੀਤਾ।