14.1 C
Vancouver
Saturday, May 30, 2026

ਵੈਨਕੂਵਰ ਵਿਚਾਰ ਮੰਚ ਵੱਲੋਂ ਸ਼ਾਇਰ ਰਵਿੰਦਰ ਸਹਿਰਾਅ ਅਤੇ ਹਰਦਿਆਲ ਸਿੰਘ ਚੀਮਾ ਨਾਲ ਸਾਹਿਤਕ ਮਿਲਣੀ

ਸਰੀ, (ਹਰਦਮ ਮਾਨ)-ਬੀਤੇ ਦਿਨ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵਿਖੇ ਵੈਨਕੂਵਰ ਵਿਚਾਰ ਮੰਚ ਵੱਲੋਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਆਏ ਨਾਮਵਰ ਸ਼ਾਇਰ ਰਵਿੰਦਰ ਸਹਿਰਾਅ ਅਤੇ ਸਿਆਟਲ ਤੋਂ ਬਹੁਪੱਖੀ ਸਾਹਿਤਕਾਰ ਹਰਦਿਆਲ ਸਿੰਘ ਚੀਮਾ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਸਾਹਿਤਕ ਮਿਲਣੀ ਵਿਚ ਹਰਦਿਆਲ ਸਿੰਘ ਚੀਮਾ ਨੇ ਆਪਣੀਆਂ ਸਾਹਿਤਕ ਅਤੇ ਨਿੱਜੀ ਪ੍ਰਾਪਤੀਆਂ ਜ਼ਿਕਰ ਕਰਦਿਆਂ ਆਪਣੀ ਸਵੈ-ਜੀਵਨੀ ਦੇ ਕੁਝ ਅੰਸ਼ਾਂ ਰਾਹੀਂ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਆਪਣੇ ਬਚਪਨ ਦੇ ਸੰਘਰਸ਼ਮਈ ਦਿਨਾਂ, ਕਲਕੱਤਾ ਵਿਖੇ ਕੀਤੀ ਨਿੱਜੀ ਨੌਕਰੀ ਅਤੇ ਬਾਅਦ ਵਿੱਚ ਇੰਡੀਅਨ ਏਅਰਲਾਈਨਜ਼ ਵਿੱਚ ਨਿਭਾਈਆਂ ਲੰਬੀਆਂ ਸਰਕਾਰੀ ਸੇਵਾਵਾਂ ਦੇ ਤਜ਼ਰਬਿਆਂ ਨੂੰ ਵਿਸਥਾਰ ਨਾਲ ਸਾਂਝਾ ਕੀਤਾ। ਇਸੇ ਲੜੀ ਵਿੱਚ ਸਰੀ ਦੇ ਵਸਨੀਕ ਅਤੇ ਇੰਡੀਅਨ ਏਅਰ ਫੋਰਸ ਤੋਂ ਸੇਵਾ ਮੁਕਤ ਅਧਿਕਾਰੀ ਰਣਜੀਤ ਸਿੰਘ ਚੀਮਾ ਨੇ ਆਪਣੀ ਜ਼ਿੰਦਗੀ ਦੇ ਅਹਿਮ ਪੜਾਵਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਆਪਣੇ ਸਕੂਲੀ ਜੀਵਨ ਦੇ ਕਿੱਸੇ, ਏਅਰ ਫੋਰਸ ਵਿੱਚ ਭਰਤੀ ਹੋਣ ਦੀ ਪ੍ਰੇਰਨਾਦਾਇਕ ਕਹਾਣੀ ਅਤੇ ਫੌਜੀ ਸੇਵਾ ਦੌਰਾਨ ਵਾਪਰੇ ਯਾਦਗਾਰੀ ਪਲ ਸਾਂਝਾ ਕਰਦਿਆਂ ਮਹਿਫਲ ਵਿੱਚ ਰੰਗ ਬੰਨ੍ਹ ਦਿੱਤਾ।
ਸਮਾਗਮ ਦੇ ਦੂਜੇ ਪੜਾਅ ਵਿੱਚ ਸ਼ਾਇਰ ਰਵਿੰਦਰ ਸਹਿਰਾਅ ਨੇ ਆਪਣੀ ਸਾਹਿਤਕ ਯਾਤਰਾ ਬਾਰੇ ਚਰਚਾ ਕਰਦਿਆਂ ਆਪਣੀਆਂ ਚਰਚਿਤ ਪੁਸਤਕਾਂ ‘ਲਾਹੌਰ ਨਾਲ ਗੱਲਾਂ’ ਅਤੇ ‘ਸੁਰਖ਼ ਰਾਹਾਂ ਦੇ ਹਮਸਫ਼ਰ’ ਦੇ ਵੱਖ-ਵੱਖ ਪਹਿਲੂਆਂ ‘ਤੇ ਰੌਸ਼ਨੀ ਪਾਈ। ਇਸ ਦੌਰਾਨ ਮੋਹਨ ਗਿੱਲ ਨੇ ਹਾਲ ਹੀ ਵਿੱਚ ਕੀਤੇ ਆਪਣੇ ਪੰਜਾਬ ਦੌਰੇ ਦੇ ਤਜਰਬੇ ਅਤੇ ਉਥੋਂ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਵਿਚਾਰ ਪੇਸ਼ ਕੀਤੇ। ਇਸ ਮਿਲਣੀ ਵਿੱਚ ਅੰਗਰੇਜ਼ ਸਿੰਘ ਬਰਾੜ, ਗੁਰਮੇਲ ਸਿੰਘ ਰਾਏ ਅਤੇ ਹਰਦਮ ਸਿੰਘ ਮਾਨ ਸਮੇਤ ਕਈ ਹੋਰ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਵੈਨਕੂਵਰ ਵਿਚਾਰ ਮੰਚ ਵੱਲੋਂ ਅੰਗਰੇਜ਼ ਸਿੰਘ ਬਰਾੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਇਸ ਮਿਲਣੀ ਨੂੰ ਸਾਹਿਤਕ ਸਾਂਝ ਮਜ਼ਬੂਤ ਕਰਨ ਵਾਲਾ ਉਪਰਾਲਾ ਦੱਸਿਆ।

ਰੁਝਾਨ ਖਬਰਾਂ